ਮੂਸੇਵਾਲਾ ਕਤਲ ਕੇਸ: ਸਿਟ ਵੱਲੋਂ ਤੀਜੀ ਸਪਲੀਮੈਂਟਰੀ ਚਾਰਜਸ਼ੀਟ ਦਾਇਰ
ਜੋਗਿੰਦਰ ਸਿੰਘ ਮਾਨ
ਮਾਨਸਾ, 2 ਜਨਵਰੀ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਗਾਇਕ ਦੇ ਕਤਲ ਦੇ ਮੁੱਖ ਸਾਜ਼ਿਸ਼ਕਰਤਾ ਗੈਂਗਸਟਰ ਸਚਿਨ ਥਾਪਨ ਉਰਫ਼ ਸਚਿਨ ਬਿਸ਼ਨੋਈ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਜ਼ਿਕਰਯੋਗ ਹੈ ਕਿ ਮੂਸੇਵਾਲਾ ਦੀ ਪਿਛਲੇ ਸਾਲ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਹੱਤਿਆ ਕੀਤੀ ਗਈ ਸੀ।
ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ ਬਣੀ ਸਿਟ ਵੱਲੋਂ ਤੀਸਰੀ ਸਪਲੀਮੈਂਟਰੀ ਚਾਰਜਸ਼ੀਟ ਚੀਫ਼ ਜੁਡੀਸ਼ਲ ਮੈਜਿਸਟਰੇਟ ਮਾਨਸਾ ਦੀ ਅਦਾਲਤ ਵਿੱਚ ਦਾਇਰ ਕੀਤੀ ਗਈ ਹੈ।
ਚੀਫ਼ ਜੁਡੀਸ਼ਲ ਮੈਜਿਸਟਰੇਟ ਸੁਰਭੀ ਪਰਾਸ਼ਰ ਨੇ 28 ਦਸੰਬਰ ਨੂੰ ਸਚਿਨ ਨੂੰ ਪੇਸ਼ ਕਰਨ ਵਿੱਚ ਅਸਫ਼ਲ ਰਹਿਣ ਤੋਂ ਬਾਅਦ 10 ਜਨਵਰੀ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਸਨ। ਪਤਾ ਲੱਗਾ ਹੈ ਕਿ ਸਚਿਨ ਦਿੱਲੀ ਸਪੈਸ਼ਲ ਸੈੱਲ ਦੀ ਹਿਰਾਸਤ ਵਿੱਚ ਹੈ। ਸਚਿਨ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਤੀਜਾ ਹੈ ਤੇ 2022 ਵਿੱਚ ਜਾਅਲੀ ਪਾਸਪੋਰਟ ਰਾਹੀਂ ਅਜ਼ਰਬਾਇਜਾਨ ਗਿਆ ਸੀ ਜਿਥੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਹਵਾਲਗੀ ਤੋਂ ਬਚਣ ਲਈ ਅਜ਼ਰਬਾਇਜਾਨ ਵਿੱਚ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਉਸ ਨੂੰ ਪਿਛਲੇ ਸਾਲ ਅਗਸਤ ਵਿੱਚ ਵਾਪਸ ਭੇਜ ਦਿੱਤਾ ਗਿਆ ਸੀ।
ਪੁਲੀਸ ਸੂਤਰਾਂ ਅਨੁਸਾਰ ਸਚਿਨ, ਉਨ੍ਹਾਂ ਚਾਰ ਗੈਂਗਸਟਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਸਚਿਨ ਨੇ ਗੈਂਗਸਟਰਾਂ ਲਈ ਬੋਲੈਰੋ ਕਾਰ ਦਾ ਪ੍ਰਬੰਧ ਕੀਤਾ ਸੀ । ਉਸ ਨੇ ਪੰਜਾਬੀ ਗਾਇਕ ਮੂਸੇਵਾਲਾ ਨੂੰ ਮਾਰਨ ਤੋਂ ਪਹਿਲਾਂ ਉਸ ਦੀ ਰੇਕੀ ਕੀਤੀ ਸੀ ਅਤੇ ਉਹ ਲਗਾਤਾਰ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ।
ਗੋਲਡੀ ਬਰਾੜ ਮਾਮਲਾ: ਸਰਕਾਰੀ ਐਲਾਨਾਂ ਤੋਂ ਅੱਕੇ ਮੂਸੇਵਾਲਾ ਦੇ ਪਿਤਾ
ਮਾਨਸਾ (ਪੱਤਰ ਪ੍ਰੇਰਕ ): ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਮੁਲਜ਼ਮ ਗੋਲਡੀ ਬਰਾੜ ਨੂੰ ਅਤਿਵਾਦੀ ਐਲਾਨੇ ਜਾਣ ’ਤੇ ਕੇਂਦਰ ਸਰਕਾਰ ਦੀ ਸ਼ਲਾਘਾ ਕੀਤੀ ਹੈ ਪਰ ਇਸ ਦੇ ਨਾਲ ਹੀ ਗੋਲਡੀ ਵਿਰੁੱਧ ਕੋਈ ਕਾਰਵਾਈ ਹੋਵੇਗੀ ਜਾਂ ਨਹੀਂ, ਇਸ ’ਤੇ ਵੀ ਉਨ੍ਹਾਂ ਸ਼ੰਕਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਪਹਿਲਾਂ ਵੀ ਕੀਤੇ ਗਏ ਐਲਾਨ ਧਰੇ ਧਰਾਏ ਰਹਿ ਗਏ ਹਨ। ਪਿੰਡ ਮੂਸਾ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕਰਕੇ ਛੇਤੀ ਹੀ ਪੰਜਾਬ ਲਿਆਉਣ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਹਨ ਪਰ ਉਸ ਤੋਂ ਬਾਅਦ ਇਸ ਸਬੰਧੀ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਗੋਲਡੀ ਬਰਾੜ ਨੂੰ ਭਾਰਤ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਉਨ੍ਹਾਂ ਦੇ ਪੁੱਤਰ ਦੇ ਕਤਲ ਵਿਚ ਮੁੱਖ ਸਾਜ਼ਿਸ਼ਘਾੜਾ ਹੈ ਜਿਸ ਖਿਲਾਫ਼ ਮਾਮਲਾ ਦਰਜ ਹੋ ਚੁੱਕਿਆ ਹੈ ਅਤੇ ਅਦਾਲਤ ਵਿਚ ਪੁਲੀਸ ਵਲੋਂ ਪੇਸ਼ ਕੀਤੀ ਚਾਰਜਸ਼ੀਟ ਵਿਚ ਵੀ ਉਸ ਦਾ ਨਾਮ ਹੈ। ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਹੁਣ ਕੈਨੇਡਾ ਵਿਚ ਰਹਿ ਕੇ ਲਗਾਤਾਰ ਅਪਰਾਧਿਕ ਅਤੇ ਦੇਸ਼ ਵਿਰੋਧੀ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਗੋਲਡੀ ਬਰਾੜ ਨੂੰ ਅਤਿਵਾਦੀ ਐਲਾਨਣਾ ਵਾਜਬਿ ਹੈ। ਉਨ੍ਹਾਂ ਮੰਗ ਕੀਤੀ ਕਿ ਉਸ ਨੂੰ ਜਲਦੀ ਭਾਰਤ ਲਿਆ ਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇ। ਉਨ੍ਹਾਂ ਮੁੜ ਇਸ ਸਬੰਧੀ ਸ਼ੰਕਾ ਪ੍ਰਗਟਾਈ ਕਿ ਗੋਲਡੀ ਵਿਰੁੱਧ ਕਾਰਵਾਈ ਹੋਵੇਗੀ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਪਹਿਲਾਂ ਇਸ ਸਬੰਧੀ ਕਈ ਐਲਾਨ ਕੀਤੇ ਸਨ।