For the best experience, open
https://m.punjabitribuneonline.com
on your mobile browser.
Advertisement

ਮੂਸੇਵਾਲਾ ਕਤਲ: ਲਾਰੈਂਸ ਤੇ ਭਗਵਾਨਪੁਰੀਆ ਮਗਰੋਂ ਚੇਤਨ ਨੇ ਵੀ ਖ਼ੁਦ ਨੂੰ ਬੇਕਸੂਰ ਦੱਸਿਆ

07:39 AM Jan 06, 2024 IST
ਮੂਸੇਵਾਲਾ ਕਤਲ  ਲਾਰੈਂਸ ਤੇ ਭਗਵਾਨਪੁਰੀਆ ਮਗਰੋਂ ਚੇਤਨ ਨੇ ਵੀ ਖ਼ੁਦ ਨੂੰ ਬੇਕਸੂਰ ਦੱਸਿਆ
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 5 ਜਨਵਰੀ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਵੱਲੋਂ ਕਤਲ ਕੇਸ ਵਿੱਚ ਦੋਸ਼ ਮੁਕਤ ਹੋਣ ਦੀ ਗੱਲ ਕਰਨ ਵਾਲੀਆਂ ਅਰਜ਼ੀਆਂ ’ਤੇ ਹੇਠਲੀ ਅਦਾਲਤ ਵਿੱਚ ਜਵਾਬ ਦਾਇਰ ਕਰਨ ਵਿੱਚ ਅਸਫ਼ਲ ਰਹੀ। ਉਕਤ ਗੈਂਗਸਟਰਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਹ ਗਾਇਕ ਦੀ ਹੱਤਿਆ ਵਿੱਚ ਸ਼ਾਮਲ ਨਹੀਂ ਹਨ। ਇਸੇ ਦੌਰਾਨ ਅੱਜ ਇੱਕ ਹੋਰ ਮੁਲਜ਼ਮ ਚਰਨਜੀਤ ਸਿੰਘ ਉਰਫ਼ ਚੇਤਨ ਨੇ ਵੀ ਮਾਨਸਾ ਦੀ ਅਦਾਲਤ ਵਿੱਚ ਮੂਸੇਵਾਲਾ ਕਤਲ ਕੇਸ ਵਿੱਚ ਡਿਸਚਾਰਜ ਕਰਨ ਦੀ ਮੰਗ ਕਰਦਿਆਂ ਦਾਅਵਾ ਕੀਤਾ ਹੈ ਕਿ ਉਹ ਗਾਇਕ ਦੇ ਕਤਲ ਵਿੱਚ ਸ਼ਾਮਲ ਨਹੀਂ ਸੀ ਅਤੇ ਇਸ ਕੇਸ ਵਿੱਚ ਉਸ ਨੂੰ ਝੂਠਾ ਫਸਾਇਆ ਗਿਆ ਹੈ।
ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰੀਤੀ ਸਾਹਨੀ ਦੀ ਅਦਾਲਤ ਨੇ ਇਸ ਸਬੰਧੀ ਪੁਲੀਸ ਨੂੰ ਜਵਾਬ ਦਾਖ਼ਲ ਕਰਨ ਲਈ ਕਹਿੰਦਿਆਂ ਮਾਮਲੇ ਦੀ ਸੁਣਵਾਈ 23 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਅੱਜ ਵੱਖ-ਵੱਖ ਜੇਲ੍ਹਾਂ ਵਿੱਚ ਬੰਦ 26 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੂਸੇਵਾਲਾ ਕਤਲ ਕੇਸ ਦੀ ਸਿਟ ਵੱਲੋਂ ਕੀਤੀ ਗਈ ਜਾਂਚ ਮੁਤਾਬਕ ਚੇਤਨ ਨੇ ਇੱਕ ਹੋਰ ਮੁਲਜ਼ਮ ਕੇਸ਼ਵ ਰਾਹੀਂ ਅੰਮ੍ਰਿਤਸਰ ਤੋਂ ਮੂਸੇਵਾਲਾ ਦੇ ਕਤਲ ਵਾਲੇ ਦਿਨ ਵਰਤੀ ਗਈ ਬੋਲੈਰੋ ਕਾਰ ਲਈ ਜਾਅਲੀ ਨੰਬਰ ਪਲੇਟ ਮੁਹੱਈਆ ਕਰਵਾਈ ਸੀ। ਜਾਂਚ ਟੀਮ ਅਨੁਸਾਰ ਜਾਅਲੀ ਨੰਬਰ ਪਲੇਟਾਂ ਹਰਿਆਣਾ ਦੇ ਫਤਿਹਾਬਾਦ ਪਹੁੰਚਾਈਆਂ ਗਈਆਂ ਸਨ ਅਤੇ ਹਰਿਆਣਾ ਮੌਡਿਊਲ ਦੇ ਚਾਰ ਸ਼ੂਟਰ ਬੋਲੈਰੋ ਗੱਡੀ ਵਿੱਚ ਸਫ਼ਰ ਕਰ ਰਹੇ ਸਨ। ਸਿੱਧੂ ਮੂਸੇਵਾਲਾ ਦੀ ਪਿਛਲੇ ਸਾਲ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਛੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਕੇਸ ਵਿੱਚ 12 ਦਸੰਬਰ 2023 ਨੂੰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੇ ਮਾਨਸਾ ਦੀ ਹੇਠਲੀ ਅਦਾਲਤ ਵਿੱਚ ਹੱਤਿਆ ਦੇ ਮਾਮਲੇ ਵਿੱਚ ਡਿਸਚਾਰਜ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ, ਦੋਵੇਂ ਗੈਂਗਸਟਰਾਂ ਨੇ ਸੋਸ਼ਲ ਮੀਡੀਆ ’ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਪਿਛਲੇ ਸਾਲ ਦੇ ਸ਼ੁਰੂ ਵਿੱਚ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਅੰਦਰੋਂ ਇੱਕ ਨਿਊਜ਼ ਚੈਨਲ ਨੂੰ ਦਿੱਤੇ ਦੋ ਇੰਟਰਵਿਊਜ਼ ਵਿੱਚ ਵੀ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਹੁਣ ਬਿਸ਼ਨੋਈ ਅਤੇ ਭਗਵਾਨਪੁਰੀਆ ਨੇ ਦਾਅਵਾ ਕੀਤਾ ਹੈ ਕਿ ਉਹ ਵਾਰਦਾਤ ਵੇਲੇ ਜੇਲ੍ਹ ਵਿੱਚ ਬੰਦ ਸਨ ਅਤੇ ਕਤਲ ਵਿੱਚ ਉਨ੍ਹਾਂ ਦੀ ਕੋਈ ਸ਼ਮੂਲੀਅਤ ਨਹੀਂ ਹੈ।

Advertisement

Advertisement
Advertisement
Author Image

joginder kumar

View all posts

Advertisement