Sidhu Moosewala Case: ਮੁੱਖ ਗਵਾਹ ਨੇ ਮੁਲਜ਼ਮਾਂ, ਹਥਿਆਰਾਂ ਤੇ ਵਾਹਨਾਂ ਦੀ ਪਛਾਣ ਕੀਤੀ
ਜੋਗਿੰਦਰ ਸਿੰਘ ਮਾਨ
ਮਾਨਸਾ, 13 ਦਸੰਬਰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਦੂਜੇ ਮੁੱਖ ਚਸ਼ਮਦੀਦ ਗਵਾਹ, ਜੋ ਘਟਨਾ ਵਾਲੇ ਦਿਨ ਮੂਸੇਵਾਲਾ ਨਾਲ ਸਫ਼ਰ ਕਰ ਰਿਹਾ ਸੀ, ਨੇ ਵੀ ਅੱਜ ਮਾਨਸਾ ਦੀ ਹੇਠਲੀ ਅਦਾਲਤ ਵਿੱਚ ਚਾਰ ਸ਼ੂਟਰਾਂ ਸਣੇ ਪੰਜ ਮੁਲਜ਼ਮਾਂ ਦੀ ਪਛਾਣ ਕੀਤੀ। ਮੂਸੇਵਾਲਾ ਪਰਿਵਾਰ ਦੇ ਵਕੀਲ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ 23 ਦਸੰਬਰ ਨੂੰ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ (ਵੀਸੀ) ਰਾਹੀਂ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਸੁਣਾਏ ਜਦੋਂਕਿ 10 ਜਨਵਰੀ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਗਵਾਹੀ ਲਈ ਤਲਬ ਕੀਤਾ ਹੈ।
ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਛੇ ਸ਼ੂਟਰਾਂ ਨੇ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮੂਸੇਵਾਲਾ ਦੇ ਨਾਲ ਜਾ ਰਹੇ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਵੀ ਗੋਲੀਆਂ ਲੱਗੀਆਂ ਸਨ। ਸੈਸ਼ਨ ਜੱਜ ਨੇ ਪੰਜਾਬ ਪੁਲੀਸ ਨੂੰ ਮੂਸੇਵਾਲਾ ਕਤਲ ਕੇਸ ਦੇ ਦੋ ਮੁੱਖ ਚਸ਼ਮਦੀਦ ਗਵਾਹਾਂ ਵਿੱਚੋਂ ਇੱਕ ਦੀ ਸ਼ਨਾਖ਼ਤ ਲਈ ਪੰਜ ਮੁਲਜ਼ਮਾਂ ਨੂੰ 13 ਦਸੰਬਰ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਇਸ ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਬਾਰੇ ਕਿਤਾਬ ਲਿਖਣ ਵਾਲੇ ਮਨਜਿੰਦਰ ਮਾਖਾ ਨੇ ਅੱਜ ਮਾਨਸਾ ਦੀ ਅਦਾਲਤ ’ਚ ਆਪਣੀ ਜ਼ਮਾਨਤ ਅਰਜ਼ੀ ਵਾਪਸ ਲੈ ਲਈ ਹੈ।