ਮੂਨਕ ਦਾ ਪੰਜਾਬ ਭਰ ’ਚੋਂ ਪਹਿਲਾ ਸਥਾਨ
ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਅਗਸਤ
ਸਵੱਛ ਭਾਰਤ ਮਿਸ਼ਨ ਮੁਹਿੰਮ ਤਹਿਤ ਕਰਵਾਏ ਸਵੱਛ ਸਰਵੇਖਣ 2020 ਦੇ ਐਲਾਨੇ ਨਤੀਜਿਆਂ ’ਚ ਜ਼ਿਲ੍ਹਾ ਸੰਗਰੂਰ ਦੀ ਸਬ ਡਵੀਜ਼ਨ ਮੂਨਕ ਨੇ 25 ਹਜ਼ਾਰ ਤੋਂ ਘੱਟ ਆਬਾਦੀ ਵਾਲੇ ਸ਼ਹਿਰ ਵੱਜੋਂ ਪੰਜਾਬ ਅੰਦਰ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਮਵੀਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਉੱਤਰੀ ਭਾਰਤ ਅੰਦਰ ਮੂਨਕ ਦਾ 15ਵਾਂ ਸਥਾਨ ਅਤੇ ਖਨੌਰੀ ਦਾ 23ਵਾਂ ਸਥਾਨ ਆਉਣਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਸ੍ਰੀ ਰਾਮਵੀਰ ਨੇ ਇਲਾਕਾ ਵਾਸੀਆਂ ਮੁਬਾਰਕਬਾਦ ਦਿੱਤੀ ਅਤੇ ਕੋਵਿਡ-19 ਦੇ ਬਚਾਅ ਲਈ ਰਾਜ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਐਸ.ਡੀ.ਐਮ ਮੂਨਕ ਜੀਵਨਜੋਤ ਕੌਰ ਨੇ ਦੱਸਿਆ ਕਿ ਸਵੱਛ ਸਰਵੇਖਣ 2020 ਤਹਿਤ ਦਸੰਬਰ ਅਤੇ ਜਨਵਰੀ ’ਚ ਸ਼ਹਿਰ ਦੀ ਅਸੈਸਮੈਂਟ ਕੀਤੀ ਗਈ ਸੀ ਜਿਸ ਦੇ ਨਤੀਜੇ ਵੱਜੋਂ ਮੂਨਕ ਸ਼ਹਿਰ ਮੋਹਰੀ ਰਿਹਾ ਹੈ। ਨਗਰ ਪੰਚਾਇਤ ਮੂਨਕ ਵੱਲੋਂ ਸ਼ਹਿਰ ’ਚ ਪੈਦਾ ਹੁੰਦੇ ਗਿੱਲੇ ਅਤੇ ਸੁੱਕੇ ਕੂੜੇ ਦਾ ਪ੍ਰਬੰਧਨ ਕੀਤਾ ਜਾਂਦਾ ਹੈ। 2019 ’ਚ ਮੂਨਕ ਸ਼ਹਿਰ ਸ਼ੌਚ ਮੁਕਤ ਹੋ ਚੁੱਕਾ ਹੈ। ਮੂਨਕ ਸਹਿਰ ਸਵੱਛ ਸਰਵੇਖਣ 2018 ਦੌਰਾਨ ਉੱਤਰੀ ਜ਼ੋਨ ’ਚ ਸਿਟੀਜ਼ਨ ਫੀਡਬੈਕ ’ਚ ਪਹਿਲਾ ਸਥਾਨ ਅਤੇ ਸਫ਼ਾਈ ਵਿੱਚ ਦੂਜਾ ਸਥਾਨ ਹਾਸਲ ਕੀਤਾ ਸੀ। ਨਗਰ ਪੰਚਾਇਤ ਮੂਨਕ ਵੱਲੋਂ ਸ਼ਹਿਰ ਦੀਆਂ ਬਿਲਡਿੰਗਾਂ ਦੇ ਮਲਬੇ ਲਈ ਵੱਖਰੇ ਤੌਰ ’ਤੇ ਥਾਂ ਨਿਰਧਾਰਤ ਕੀਤੀ ਗਈ ਹੈ ਅਤੇ ਸ਼ਹਿਰ ’ਚ ਪੈਦਾ ਹੁੰਦੇ ਪਲਾਸਟਿਕ ਦੀ ਵੀ ਮੈਨਜਮੈਂਟ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਮੂਨਕ ਤੇ ਹੰਸ ਰਾਜ ਟਰੱਸਟ/ਐਨ.ਜੀ.ਓ ਦੇ ਸਹਿਯੋਗ ਨਾਲ ਸ਼ਹਿਰ ਦੀ ਸਫ਼ਾਈ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਹੈ।