For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਅੱਜ ਤੋਂ

07:41 AM Sep 02, 2024 IST
ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਅੱਜ ਤੋਂ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਸਤੰਬਰ
ਪੰਜਾਬ ਵਿਧਾਨ ਸਭਾ ਦਾ ਤਿੰਨ ਰੋਜ਼ਾ ਮੌਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋਵੇਗਾ ਜਿਸ ਦੇ ਹੰਗਾਮਾਖੇਜ਼ ਰਹਿਣ ਦੀ ਸੰਭਾਵਨਾ ਹੈ। ਇਜਲਾਸ ਦੇ ਪਹਿਲੇ ਦਿਨ ਦੁਪਹਿਰ 2 ਵਜੇ ਵਿੱਛੜੀਆਂ ਸ਼ਖ਼ਸੀਅਤਾਂ ਨੂੰ ਯਾਦ ਕੀਤਾ ਜਾਵੇਗਾ ਅਤੇ ਸ਼ੋਕ ਮਤੇ ਪਾਸ ਕੀਤੇ ਜਾਣਗੇ। ਪੰਜਾਬੀ ਦੇ ਉੱਘੇ ਕਵੀ ਮਰਹੂਮ ਸੁਰਜੀਤ ਪਾਤਰ ਨੂੰ ਸਦਨ ਵਿਚ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਸੈਸ਼ਨ ’ਚ ਸ਼ਰਧਾਂਜਲੀ ਸਮਾਗਮਾਂ ਤੋਂ ਬਾਅਦ ਵਿਧਾਨਕ ਕੰਮਕਾਜ ਹੋਣ ਦੀ ਵੀ ਸੰਭਾਵਨਾ ਹੈ ਪਰ ਇਸ ਬਾਰੇ ਆਖ਼ਰੀ ਫ਼ੈਸਲਾ ਬਿਜ਼ਨਸ ਸਲਾਹਕਾਰ ਕਮੇਟੀ ਨੇ ਭਲਕੇ ਲੈਣਾ ਹੈ। ਸੈਸ਼ਨ ਵਿਚ ਭਲਕੇ ਵਿਧਾਨਕ ਕਾਰਜ ਵੀ ਹੁੰਦਾ ਹੈ ਤਾਂ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਾਜ਼ਰ ਰਹਿਣ ਦੀ ਸੰਭਾਵਨਾ ਹੈ। ਸੈਸ਼ਨ ਦੇ ਪਹਿਲੇ ਦਿਨ ਪਹਿਲਾਂ ਸਿਰਫ਼ ਸ਼ੋਕ ਮਤੇ ਹੀ ਰੱਖੇ ਗਏ ਸਨ, ਪਰ ਹੁਣ ਵਿਧਾਨਕ ਕੰਮਕਾਜ ਕੀਤੇ ਜਾਣ ਦੀ ਸੰਭਾਵਨਾ ਬਣ ਰਹੀ ਹੈ। ਮੌਨਸੂਨ ਸੈਸ਼ਨ ਸ਼ਰਧਾਂਜਲੀ ਸਮਾਗਮਾਂ ਨਾਲ ਸ਼ੁਰੂ ਹੋ ਕੇ 4 ਸਤੰਬਰ ਤੱਕ ਚੱਲੇਗਾ। ਵਿਰੋਧੀ ਪਾਰਟੀਆਂ ਵੱਲੋਂ ਇਜਲਾਸ ਵਿਚ ਸੂਬੇ ਵਿਚਲੀ ਅਮਨ-ਕਾਨੂੰਨ ਦੀ ਸਥਿਤੀ ਅਤੇ ਪੰਜਾਬ ਸਿਰ ਵਧ ਰਹੇ ਕਰਜ਼ੇ ਦੇ ਮਾਮਲੇ ’ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਜਾਵੇਗਾ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੈਸ਼ਨ ਦੀਆਂ ਬੈਠਕਾਂ ਸੀਮਤ ਕੀਤੇ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਇੰਨੇ ਛੋਟੇ ਸੈਸ਼ਨ ਵਿਚ ਬਹਿਸ ਦੀ ਕੋਈ ਗੁੰਜਾਇਸ਼ ਨਹੀਂ ਬਚਦੀ ਹੈ। ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ ਕਿ ਉਹ ਸੂਬੇ ਵਿਚਲੀ ਅਮਨ ਕਾਨੂੰਨ ਦੀ ਸਥਿਤੀ ਅਤੇ ‘ਆਪ’ ਸਰਕਾਰ ਵੱਲੋਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇ ਕੀਤੇ ਵਾਅਦੇ ਦੀ ਗੱਲ ਰੱਖਣਗੇ। ਜਾਣਕਾਰੀ ਅਨੁਸਾਰ ਸੈਸ਼ਨ ਦੁਪਹਿਰ 2 ਵਜੇ ਸ਼ੁਰੂ ਹੋਵੇਗਾ।
ਸਦਨ ਵਿਚ ਭਲਕੇ ਵਿੱਛੜੀਆਂ ਹਸਤੀਆਂ, ਜਿਨ੍ਹਾਂ ’ਚ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ, ਸਾਬਕਾ ਮੰਤਰੀ ਸੁਖਦੇਵ ਸਿੰਘ ਢਿੱਲੋਂ ਤੇ ਸੁਰਜੀਤ ਸਿੰਘ ਕੋਹਲੀ, ਸਾਬਕਾ ਸੰਸਦ ਮੈਂਬਰ ਕਮਲ ਚੌਧਰੀ ਤੇ ਗੁਰਚਰਨ ਕੌਰ, ਸਾਬਕਾ ਵਿਧਾਇਕ ਧਨਵੰਤ ਸਿੰਘ ਤੋਂ ਇਲਾਵਾ ਸੁਤੰਤਰਤਾ ਸੰਗਰਾਮੀ ਸਰਦੂਲ ਸਿੰਘ, ਕਸ਼ਮੀਰ ਸਿੰਘ, ਗੁਰਦੇਵ ਸਿੰਘ ਅਤੇ ਜਗਦੀਸ਼ ਪ੍ਰਸ਼ਾਦ ਸ਼ਾਮਲ ਹਨ, ਨੂੰ ਲੈ ਕੇ ਸ਼ੋਕ ਮਤੇ ਪਾਸ ਕੀਤੇ ਜਾਣਗੇ।
ਮੌਨਸੂਨ ਸੈਸ਼ਨ ਵਿਚ ਆਉਣ ਵਾਲੇ ਅਹਿਮ ਬਿੱਲਾਂ ਵਿਚ ਪੰਜਾਬ ਪੰਚਾਇਤੀ ਚੋਣ ਰੂਲਜ਼ 1994 ਦੀ ਧਾਰਾ 12 ਵਿਚ ਸੋਧ, ਪੰਜਾਬ ਫੈਮਲੀ ਕੋਰਟ ਰੂਲਜ਼ 2010 ਵਿਚ ਸੋਧ, ਮਲੇਰਕੋਟਲਾ ਵਿਖੇ ਨਵੀਂ ਸੈਸ਼ਨ ਅਦਾਲਤ ਅਤੇ ਪੰਜਾਬ ਸੁਪੀਰੀਅਰ ਜੁਡੀਸ਼ੀਅਲ ਰੂਲਜ਼ 2007 ਵਿਚ ਸੋਧ ਆਦਿ ਸ਼ਾਮਲ ਹਨ। ਸੈਸ਼ਨ ਦੌਰਾਨ ਖੇਤੀ ਨੀਤੀ ਦਾ ਮਸਲਾ ਵੀ ਉੱਠ ਸਕਦਾ ਹੈ ਕਿਉਂਕਿ ਕਿਸਾਨ ਖੇਤੀ ਨੀਤੀ ਜਾਰੀ ਕਰਾਉਣ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਮੋਰਚੇ ਵਿਚ ਬੈਠੇ ਹਨ।

Advertisement

ਸੈਸ਼ਨ ਹੰਗਾਮਾ ਭਰਪੂਰ ਰਹਿਣ ਦੇ ਆਸਾਰ

ਮੌਨਸੂਨ ਸੈਸ਼ਨ ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਵੱਲੋਂ ਅਮਨ ਕਾਨੂੰਨ ਦੀ ਵਿਵਸਥਾ ਦੀ ਗੱਲ ਕੀਤੀ ਜਾਣੀ ਹੈ ਜਦੋਂ ਕਿ ਸੱਤਾਧਾਰੀ ਧਿਰ ਜਵਾਬੀ ਰੌਂਅ ਵਿਚ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ’ਚ ਪਿਛਲੇ ਸੈਸ਼ਨਾਂ ਵਿਚ ਵੀ ਤਲਖ਼ੀ ਹੋਈ ਸੀ ਅਤੇ ਇਸ ਸੈਸ਼ਨ ’ਚ ਵੀ ਇੱਕ ਦੂਜੇ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਜਾਣ ਦਾ ਮਾਹੌਲ ਬਣ ਸਕਦਾ ਹੈ।

Advertisement

Advertisement
Tags :
Author Image

Advertisement