For the best experience, open
https://m.punjabitribuneonline.com
on your mobile browser.
Advertisement

ਮੌਨਸੂਨ ਦੇ ਮੀਂਹ ਨੇ ਟ੍ਰਾਈਸਿਟੀ ਵਿੱਚ ਕੀਤਾ ਜਲ-ਥਲ

10:34 AM Jul 06, 2023 IST
ਮੌਨਸੂਨ ਦੇ ਮੀਂਹ ਨੇ ਟ੍ਰਾਈਸਿਟੀ ਵਿੱਚ ਕੀਤਾ ਜਲ ਥਲ
ਪੰਚਕੂਲਾ ਦੇ ਇੰਡਸਟ੍ਰੀਅਲ ਏਰੀਆ ਫੇਜ਼ 1 ਦੀ ਸਡ਼ਕ ’ਤੇ ਖਡ਼੍ਹੇ ਮੀਂਹ ਦੇ ਪਾਣੀ ਵਿੱਚੋਂ ਲੰਘਦੇ ਹੋਏ ਵਾਹਨ। -ਫੋਟੋਆਂ: ਨਿਤਿਨ ਮਿੱਤਲ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 5 ਜੁਲਾਈ
ਪਹਾੜੀ ਇਲਾਕੇ ਤੋਂ ਬਾਅਦ ਮੈਦਾਨੀ ਇਲਾਕੇ ’ਚ ਵੀ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਅੱਜ ਦਿਨ ਭਰ ਪਏ ਮੀਂਹ ਨੇ ਲੋਕਾਂ ਨੂੰ ਜਿਥੇ ਅਤਿ ਦੀ ਗਰਮੀ ਤੋਂ ਰਾਹਤ ਦਿਵਾਈ ਤੇ ਟ੍ਰਾਈਸਿਟੀ ਦਾ ਪਾਰਾ ਵੀ ਆਮ ਨਾਲੋਂ 3 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਉਥੇ ਟ੍ਰਾਈਸਿਟੀ ਦੀਆਂ ਸੜਕਾਂ ’ਤੇ ਪਾਣੀ-ਪਾਣੀ ਹੋ ਗਿਆ, ਜੋ ਕਿ ਰਾਹਗੀਰਾਂ ਲਈ ਆਫਤ ਬਣ ਗਿਆ। ਉੱਧਰ ਮੌਸਮ ਵਿਭਾਗ ਨੇ ਟ੍ਰਾਈਸਿਟੀ ਵਿੱਚ 6 ਤੋਂ 9 ਜੁਲਾਈ ਤੱਕ ਤੇਜ਼ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ।

Advertisement

ਜ਼ੀਰਕਪੁਰ ਦੀ ਨਗਲਾ ਰੋਡ ’ਤੇ ਬਾਜ਼ੀਗਰ ਬਸਤੀ ਨੇੜੇ ਸੜਕ ਦੀ ਟੁੱਟੀ ਹਾਲਤ ਅਤੇ ਮੀਂਹ ਕਾਰਨ ਕਾਰ ਦੇ ਹੋਏ ਨੁਕਸਾਨ ਮਗਰੋਂ ਸੰਕੇਤਕ ਪ੍ਰਦਰਸ਼ਨ ਕਰਦੇ ਹੋਏ ਇਲਾਕੇ ਦੇ ਲੋਕ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਸ਼ਹਿਰ ਨੂੰ ਬੱਦਲਾਂ ਨੇ ਘੇਰ ਲਿਆ, ਜਿਸ ਤੋਂ ਬਾਅਦ ਮੀਂਹ ਸ਼ੁਰੂ ਹੋਇਆ। ਇਹ ਮੀਂਹ ਦਿਨ ਭਰ ਪੈਂਦਾ ਰਿਹਾ। ਮੀਂਹ ਕਰਕੇ ਚੰਡੀਗੜ੍ਹ ਦੀਆਂ ਬਾਹਰੀ ਕਲੋਨੀਆਂ ਤੇ ਪਿੰਡ ਕਜਹੇੜੀ, ਮੱਖਣਮਾਜਰਾ, ਦੜੂਆ, ਮਨੀਮਾਜਰਾ, ਰਾਮਦਰਬਾਰ, ਫੈਦਾ ਤੇ ਹੋਰਨਾਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਇਸ ਤੋਂ ਇਲਾਵਾ ਜ਼ੀਰਕਪੁਰ ਫਲਾਈ ਓਵਰ ਦੇ ਹੇਠਾਂ, ਮੁਹਾਲੀ ਤੇ ਪੰਚਕੂਲਾ ਦੇ ਇਲਾਕਿਆਂ ’ਚ ਪਾਣੀ ਭਰ ਗਿਆ। ਸੜਕਾਂ ’ਤੇ ਪਾਣੀ ਭਰਨ ਕਰਕੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ 20.3 ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਮੁਹਾਲੀ ਤੇ ਪੰਚਕੂਲਾ ਵਿੱਚ ਵੀ ਭਾਰੀ ਮੀਂਹ ਪਿਆ ਹੈ। ਜਦੋਂ ਕਿ ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 31.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 3.1 ਡਿਗਰੀ ਸੈਲਸੀਅਸ ਘੱਟ ਸੀ। ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 27.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਮੁਹਾਲੀ ਦਾ ਵੱਧ ਤੋਂ ਵੱਧ ਤਾਪਮਾਨ 31.2 ਡਿਗਰੀ ਸੈਲਸੀਅਸ ਤੇ ਪੰਚਕੂਲਾ ਦਾ 31 ਡਿਗਰੀ ਸੈਲਸੀਅਸ ਦਰਜ ਕੀਤਾ ਹੈ।

Advertisement

ਡੇਰਾਬੱਸੀ ’ਚ ਮੁਬਾਰਕਪੁਰ ਅੰਡਰਬਿ੍ਜ ’ਚ ਭਰੇ ਪਾਣੀ ’ਚੋਂ ਲੰਗਦੇ ਹੋਏ ਵਾਹਨ।

ਮੰਗਲਵਾਰ ਨੂੰ ਦਿਨ ਸਮੇਂ ਪਏ ਮੀਂਹ ਕਰਕੇ ਟ੍ਰਾਈਸਿਟੀ ਦਾ ਤਾਪਮਾਨ ਡਿੱਗ ਗਿਆ। ਤਾਪਮਾਨ ਵਿੱਚ ਗਿਰਾਵਟ ਆਉਣ ਕਰਕੇ ਮੀਂਹ ਦੇ ਬਾਵਜੂਦ ਸ਼ਾਮ ਸਮੇਂ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ ਸਣੇ ਸ਼ਹਿਰ ਵਿੱਚ ਹੋਰਨਾਂ ਘੁੰਮਣ ਵਾਲੀਆਂ ਥਾਵਾਂ ’ਤੇ ਸੈਲਾਨੀਆਂ ਦੀ ਭੀੜ ਲੱਗੀ ਰਹੀ।

ਸੁਖਨਾ ਝੀਲ ’ਤੇ ਚੌਕਸੀ ਵਧਾਈ
ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਤੇ ਆਲੇ-ਦੁਆਲੇ ਇਲਾਕਿਆਂ ਵਿੱਚ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ’ਤੇ ਚੌਕਸੀ ਵਧਾ ਦਿੱਤੀ ਹੈ। ਪ੍ਰਸ਼ਾਸਨ ਵੱਲੋਂ 24 ਘੰਟੇ ਸੁਖਨਾ ਝੀਲ ਦੇ ਫਲੱਡ ਗੇਟਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਲਈ ਯੂਟੀ ਪ੍ਰਸ਼ਾਸਨ ਨੇ ਪਹਿਲਾਂ ਹੀ ਮੁਹਾਲੀ ਤੇ ਪੰਚਕੂਲਾ ਪ੍ਰਸ਼ਾਸਨ ਨੂੰ ਵੀ ਚੌਕਸ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਲੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਪਰ ਪਾਣੀ ਵਧਣ ’ਤੇ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ।

Advertisement
Tags :
Author Image

sukhwinder singh

View all posts

Advertisement