ਸਿਟੀ ਬਿਊਟੀਫੁੱਲ ’ਚ ਅਗਲੇ ਤਿੰਨ ਦਿਨਾਂ ਵਿੱਚ ਮੌਨਸੂਨ ਦੇ ਸਕਦਾ ਹੈ ਦਸਤਕ
ਆਤਿਸ਼ ਗੁਪਤਾ
ਚੰਡੀਗੜ੍ਹ, 27 ਜੂਨ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਮੌਨਸੂਨ ਛੇਤੀ ਹੀ ਦਸਤਕ ਦੇ ਸਕਦਾ ਹੈ। ਹਾਲਾਂਕਿ, ਮੌਨਸੂਨ ਆਉਣ ਤੋਂ ਪਹਿਲਾਂ ਪੈ ਰਹੇ ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੇ ਹੁੰਮਸ ਤੋਂ ਰਾਹਤ ਦਿਵਾ ਦਿੱਤੀ ਹੈ। ਮੀਂਹ ਕਰਕੇ ਸ਼ਹਿਰ ਦਾ ਤਾਪਮਾਨ ਆਮ ਨਾਲੋਂ ਹੇਠਾਂ ਡਿੱਗ ਗਿਆ ਹੈ। ਉੱਧਰ ਮੌਸਮ ਵਿਭਾਗ ਨੇ 28 ਤੇ 29 ਜੂਨ ਨੂੰ ਦਰਮਿਆਨੀ ਤੇ 30 ਜੂਨ ਤੇ ਪਹਿਲੀ ਜੁਲਾਈ ਨੂੰ ਹਲਕੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੌਨਸੂਨ ਨੇ ਪੰਜਾਬ ਦੇ ਫਿਰੋਜ਼ਪੁਰ ਤੇ ਹਰਿਆਣਾ ਦੇ ਨਾਰਨੌਲ ਤੇ ਆਲੇ-ਦੁਆਲੇ ਇਲਾਕੇ ਵਿੱਚ ਦਸਤਕ ਦੇ ਦਿੱਤੀ ਹੈ। ਹਾਲਾਂਕਿ, ਸਿਟੀ ਬਿਊਟੀਫੁੱਲ ਵਿੱਚ ਵੀ 24 ਤੋਂ 48 ਘੰਟਿਆਂ ਵਿਚਕਾਰ ਮੌਨਸੂਨ ਦਸਤਕ ਦੇ ਸਕਦਾ ਹੈ, ਜੋ ਕਿ ਸਮੇਂ ਤੋਂ ਪਹਿਲਾਂ ਹੈ।
ਚੰਡੀਗੜ੍ਹ ‘ਚ ਅੱਜ ਸਵੇਰ ਸਮੇਂ ਬੱਦਲਵਾਈ ਤੇ ਦੁਪਹਿਰ ਸਮੇਂ ਹਲਕੀ ਧੁੱਪ ਖਿੜੀ ਰਹੀ। ਹਾਲਾਂਕਿ, ਦੁਪਹਿਰ ਦੋ ਵਜੇ ਅਚਾਨਕ ਅਸਮਾਨ ‘ਚ ਛਾਈ ਕਾਲੀ ਘਟਾ ਮਗਰੋਂ ਪਏ ਮੀਂਹ ਕਰਕੇ ਮੌਸਮ ਵਿੱਚ ਮੁੜ ਠੰਢਕ ਵੱਧ ਗਈ। ਸ਼ਹਿਰ ਵਿੱਚ ਸ਼ਾਮ ਸਮੇਂ ਇਕਦਮ ਪਏ ਤੇਜ਼ ਮੀਂਹ ਕਰਕੇ ਸੜਕਾਂ ਪਾਣੀ ਵਿੱਚ ਡੁੱਬ ਗਈਆਂ, ਜਿਸ ਕਰਕੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸੇ ਦੌਰਾਨ ਚੰਡੀਗੜ੍ਹ ਦੇ ਪਿੰਡ ਧਨਾਸ, ਰਾਮਦਰਬਾਰ, ਦੜੂਆ, ਸਾਰੰਗਪੁਰ, ਬਹਿਲਾਨਾ ਤੇ ਹੋਰਨਾਂ ਪਿੰਡਾਂ ਦੀਆਂ ਸੜਕਾਂ ‘ਤੇ ਵੀ ਪਾਣੀ ਭਰ ਗਿਆ। ਸੜਕਾਂ ‘ਤੇ ਪਾਣੀ ਖੜ੍ਹਾ ਹੋਣ ਕਰ ਕੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਵਿੱਚ ਸਵੇਰੇ 8.30 ਵਜੇ ਸ਼ਾਮ 8.30 ਵਜੇ ਤੱਕ 7.2 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35.1 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜੋ ਕਿ ਆਮ ਨਾਲੋਂ 1.2 ਡਿਗਰੀ ਸੈਲਸੀਅਸ ਘੱਟ ਰਿਹਾ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 26.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਅੱਜ ਸਵੇਰ ਤੋਂ ਹੀ ਮੌਸਮ ਵਿੱਚ ਠੰਢਕ ਹੋਣ ਕਰਕੇ ਸਾਰਾ ਦਿਨ ਸ਼ਹਿਰ ਵਿੱਚ ਸੈਲਾਨੀਆਂ ਦੀ ਭੀੜ ਲੱਗੀ ਰਹੀ। ਸ਼ਹਿਰ ਦੀ ਸੁਖਨਾ ਝੀਲ, ਰੌਕ ਗਾਰਡਨ ਤੇ ਹੋਰਨਾਂ ਥਾਵਾਂ ‘ਤੇ ਵੱਡੀ ਗਿਣਤੀ ਵਿੱਚ ਸੈਲਾਨੀ ਪਹੁੰਚੇ।
ਪੰਚਕੂਲਾ ਵਿੱਚ ਮੀਂਹ ਕਾਰਨ ਲੋਕ ਹੋਏ ਪ੍ਰੇਸ਼ਾਨ
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਵਿੱਚ ਅੱਜ ਪਏ ਜ਼ੋਰਦਾਰ ਮੀਂਹ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਧ ਪ੍ਰੇਸ਼ਾਨ ਮੁਲਾਜ਼ਮ ਰਹੇ ਜਿਨ੍ਹਾਂ ਨੇ ਦਫ਼ਤਰਾਂ ਤੋਂ ਛੁੱਟੀ ਮਗਰੋਂ ਘਰਾਂ ਪਰਤਣਾ ਸੀ। ਇਸੇ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਤਿੰਨ ਵਜੇ ਆਪਣੀਆਂ ਰੇਹੜੀ-ਫੜ੍ਹੀ ਲਗਾਈਆਂ ਤਾਂ ਸ਼ਾਮ 4.45 ਵਜੇ ਤੇ ਅਚਾਨਕ ਆਈ ਬਾਰਿਸ਼ ਨੇ ਉਨ੍ਹਾਂ ਦਾ ਕੰਮ-ਕਾਜ ਠੱਪ ਕਰ ਦਿੱਤਾ ਅਤੇ ਉਹ ਆਪਣਾ ਸਮਾਨ ਸਮੇਟ ਕੇ ਘਰਾਂ ਨੂੰ ਚਲੇ ਗਏ। ਮੀਂਹ ਦੇ ਪਾਣੀ ਕਾਰਨ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਗਿਆ। ਸੈਕਟਰ-15, ਸੈਕਟਰ-2, ਸੈਕਟਰ-9/10, ਸੈਕਟਰ-19, ਸੈਕਟਰ-20 ਦੀਆਂ ਸੜਕਾਂ ਤੇ ਤਵਾ ਚੌਕ, ਸੈਕਟਰ-8/9 ਦੇ ਚੌਕ ਵਿੱਚ ਵੀ ਪਾਣੀ ਖੜ੍ਹ ਗਿਆ। ਹਾਊਸਿੰਗ ਬੋਰਡ ਦੇ ਇਲਾਕੇ ਦੇ ਰੋਡ-ਗਲੀਆਂ ਵਿੱਚ ਬਾਰਸਾਤ ਬੰਦ ਹੋ ਜਾਣ ਤੋਂ ਬਾਅਦ ਵੀ ਪਾਣੀ ਖੜ੍ਹਾ ਰਿਹਾ। ਅੱਜ ਜ਼ਿਲ੍ਹੇ ਦੀਆਂ ਸਾਰੀਆਂ ਨਦੀਆਂ ਅਤੇ ਡੈਮਾਂ ਉੱਤੇ ਪ੍ਰਸ਼ਾਸਨ ਨੇ ਧਾਰਾ 144 ਲਗਾ ਦਿੱਤੀ। ਮੌਸਮ ਵਿਭਾਗ ਨੇ 30 ਜੂਨ ਤੱਕ ਮੀਂਹ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।