ਪੰਜਾਬ ’ਚ ਅਗਲੇ ਦੋ ਦਿਨਾਂ ਦੌਰਾਨ ਦਸਤਕ ਦੇ ਸਕਦੈ ਮੌਨਸੂਨ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਜੂਨ
ਪੰਜਾਬ ਵਿੱਚ ਪੈ ਰਹੀ ਕਹਿਰ ਦੀ ਗਰਮੀ ਤੋਂ ਲੋਕਾਂ ਨੂੰ ਜਲਦੀ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਦੌਰਾਨ ਮੌਨਸੂਨ ਸੂਬੇ ‘ਚ ਦਸਤਕ ਦੇ ਸਕਦਾ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ 25 ਤੇ 26 ਜੂਨ ਨੂੰ ਤੇਜ਼ ਮੀਂਹ ਤੇ ਹਨੇਰੀ ਚੱਲਣ ਸਬੰਧੀ ‘ਯੈਲੋ ਅਲਰਟ’ ਜਾਰੀ ਕੀਤਾ ਹੈ ਜਦਕਿ 27 ਤੇ 28 ਜੂਨ ਨੂੰ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਅੱਜ ਪੂਰਬੀ ਉੱਤਰ ਪ੍ਰਦੇਸ਼ ‘ਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ, ਜੋ ਲਗਾਤਾਰ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਸੇ ਕਰਕੇ ਪੰਜਾਬ ਤੇ ਗੁਆਂਢੀ ਸੁੂਬਿਆਂ ਵਿੱਚ ਅਗਲੇ 48 ਘੰਟਿਆਂ ਵਿੱਚ ਮੌਨਸੂਨ ਦਸਤਕ ਦੇ ਸਕਦਾ ਹੈ। ਇਸ ਨਾਲ ਪੰਜਾਬ ਦੇ ਨਾਲ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਵਿੱਚ ਵੀ ਮੌਨਸੂਨ ਦਸਤਕ ਦੇਵੇਗਾ। ਗੌਰਤਲਬ ਹੈ ਕਿ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਕਰਕੇ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਤੋਂ ਟੱਪ ਚੁੱਕੀ ਹੈ। ਉੱਧਰ ਪੰਜਾਬ ‘ਚ ਕਿਸਾਨ ਝੋਨੇ ਦੀ ਲੁਆਈ ਕਰ ਰਹੇ ਹਨ। ਅਜਿਹੇ ਸਮੇਂ ਵਿੱਚ ਮੌਨਸੂਨ ਦੇ ਦਸਤਕ ਦੇਣ ਨਾਲ ਪੰਜਾਬ ਦੇ ਲੋਕਾਂ, ਪਾਵਰਕੌਮ ਤੇ ਕਿਸਾਨਾਂ ਨੂੰ ਮਿਲੇਗੀ। ਉੱਧਰ ਮੀਂਹ ਸਬਜ਼ੀਆਂ ਲਈ ਵੀ ਲਾਹੇਵੰਦ ਸਾਬਤ ਹੋਵੇਗਾ।
ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ‘ਚ ਫਰੀਦਕੋਟ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ, ਬਰਨਾਲਾ, ਫਿਰੋਜ਼ਪੁਰ ਤੇ ਮੁਕਤਸਰ ਸਣੇ ਹੋਰਨਾਂ ਕਈ ਸ਼ਹਿਰਾਂ ‘ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਸ਼ਹਿਰਾਂ ‘ਚ ਰਾਤ ਸਮੇਂ ਤਾਪਮਾਨ ਵੀ 30 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ ਹੈ।
ਦਿੱਲੀ ਵਿੱਚ ਵੀ ਛੇਤੀ ਦਸਤਕ ਦੇਵੇਗਾ ਮੌਨਸੂਨ
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (ਆਈਐਮਡੀ) ਅਨੁਸਾਰ ਅਗਲੇ ਦੋ ਦਿਨਾਂ ਵਿੱਚ ਮੌਨਸੂਨ ਦਿੱਲੀ ਵਿੱਚ ਦਸਤਕ ਦੇ ਸਕਦਾ ਹੈ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੌਨਸੂਨ ਤੇਜ਼ੀ ਨਾਲ ਅੱਗ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੌਨਸੂਨ ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਹੋਰ ਇਲਾਕਿਆਂ ਵਿੱਚ ਦਸਤਕ ਦੇ ਚੁੱਕਾ ਹੈ ਤੇ ਆਉਂਦੇ ਦਿਨੀਂ ਬਾਕੀ ਸੂਬਿਆਂ ਵਿੱਚ ਵੀ ਪਹੁੰਚ ਜਾਵੇਗਾ। ਆਈਐਮਡੀ ਨੇ ਕਿਹਾ ਕਿ ਮੁੰਬਈ, ਚੰਡੀਗੜ੍ਹ, ਦਿੱਲੀ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ, ਗੁਜਰਾਤ ਦੇ ਕੁਝ ਹਿੱਸੇ ਅਤੇ ਪੂਰਬੀ ਰਾਜਸਥਾਨ ਤੇ ਪੰਜਾਬ ਵਿੱਚ ਵੀ ਮੌਨਸੂਨ ਅਗਲੇ ਦੋ ਦਿਨਾਂ ‘ਚ ਦਸਤਕ ਦੇ ਸਕਦਾ ਹੈ।