ਹਿਮਾਚਲ ਵਿੱਚ ਮੌਨਸੂਨ ਦੀ ਦਸਤਕ
ਸ਼ਿਮਲਾ, 24 ਜੂਨ
ਹਿਮਾਚਲ ਪ੍ਰਦੇਸ਼ ਵਿੱਚ ਸਮੇਂ ਤੋਂ ਪਹਿਲਾਂ ਹੀ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਇਸ ਕਰਕੇ ਚੰਬਾ ਜ਼ਿਲ੍ਹੇ ਵਿੱਚ ਮੋਹਲੇਧਾਰ ਮੀਂਹ ਪਿਆ ਅਤੇ ਢਿੱਗਾਂ ਡਿੱਗਣ ਕਾਰਨ 300 ਬੱਕੀਆਂ ਮਾਰੀਆਂ ਗਈਆਂ। ਇਸ ਦੇ ਨਾਲ ਹੀ ਸ਼ਿਮਲਾ ਵਿੱਚ ਘਰ ਤੇ ਸੜਕ ਕੰਢੇ ਖੜ੍ਹੇ ਕੀਤੇ ਗਏ ਵਾਹਨ ਨੁਕਸਾਨੇ ਗਏ ਅਤੇ ਕਈ ਸੜਕਾਂ ‘ਤੇ ਜਾਮ ਲੱਗ ਗਏ। ਸ਼ਿਮਲਾ ਜਲ ਪ੍ਰਬੰਧਨ ਨਿਗਮ ਲਿਮਟਿਡ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਅਗਲੇ ਕੁਝ ਦਿਨ ਜਲ ਸਪਲਾਈ ਪ੍ਰਭਾਵਿਤ ਰਹੇਗੀ। ਮੌਸਮ ਵਿਭਾਗ ਮੁਤਾਬਿਕ ਸੂਬੇ ਦੇ ਕਈ ਖੇਤਰਾਂ ਵਿੱਚ ਸ਼ੁੱਕਰਵਾਰ ਨੂੰ ਦਰਮਿਆਨੀ ਤੋਂ ਮੋਹਲੇਧਾਰ ਵਰਖਾ ਹੋਈ। ਸਿਮੌਰ, ਸੋਲਨ, ਸ਼ਿਮਲਾ, ਬਿਲਾਸਪੁਰ, ਊਨਾ, ਮੰਡੀ, ਹਮੀਰਪੁਰ ਤੇ ਕਾਂਗੜਾ ਜ਼ਿਲ੍ਹਿਆਂ ਵਿੱਚ ਅਗਲੇ ਕੁਝ ਦਿਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਗ਼ੌਲਤਲਬ ਹੈ ਕਿ ਸੂਬੇ ਵਿੱਚ ਆਮ ਤੌਰ ‘ਤੇ ਮੌਨਸੂਨ ਦੀ ਦਸਤਕ 28-29 ਜੂਨ ਦੇ ਨੇੜੇ ਤੇੜੇ ਹੁੰਦੀ ਹੈ ਪਰ ਇਸ ਸਾਲ ਅਧਿਕਾਰੀਆਂ ਨੇ 24 ਜੂਨ ਨੂੰ ਇਸ ਦੇ ਪੁੱਜਣ ਦੀ ਪੁਸ਼ਟੀ ਕੀਤੀ ਹੈ। ਮੌਸਮ ਵਿਭਾਗ ਨੇ 25 ਤੇ 26 ਨੂੰ ਦੂਰ-ਦੁਰਾਡੇ ਖੇਤਰਾਂ ਵਿੱਚ ਭਾਰੀ ਮੀਂਹ, ਤੂਫਾਨ ਤੇ ਬਿਜਲੀ ਗਰਜਣ ਸਬੰਧੀ ਸੰਤਰੀ ਅਲਰਟ ਜਾਰੀ ਕੀਤਾ ਹੈ। 27 ਤੇ 28 ਜੂਨ ਨੂੰ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਮੁਤਾਬਿਕ ਕਈ ਥਾਵਾਂ ‘ਤੇ ਭਾਰੀ ਮੀਂਹ ਪੈਣ ਕਾਰਨ ਢਿੱਗਾਂ ਡਿੱਗ ਗਈਆਂ ਅਤੇ 20 ਸੜਕਾਂ ਜਾਮ ਹੋ ਗਈਆਂ ਹਨ। -ਪੀਟੀਆਈ