ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੌਨਸੂਨ ਦੀ ਦਸਤਕ
ਆਤਿਸ਼ ਗੁਪਤਾ
ਚੰਡੀਗੜ੍ਹ, 27 ਜੂਨ
ਪੰਜਾਬ ਦੇ ਕੁਝ ਹਿੱਸਿਆ ’ਚ ਮੌਨਸੂਨ ਨੇ ਸਮੇਂ ਤੋਂ ਪਹਿਲਾਂ ਦਸਤਕ ਦੇ ਦਿੱਤੀ ਹੈ। ਚੰਡੀਗੜ੍ਹ ਦੇ ਮੌਸਮ ਵਿਭਾਗ ਅਨੁਸਾਰ ਅੱਜ ਫਿਰੋਜ਼ਪੁਰ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮੌਨਸੂਨ ਪਹੁੰਚ ਗਿਆ ਹੈ ਤੇ ਇਨ੍ਹਾਂ ਇਲਾਕਿਆਂ ’ਚ ਭਰਵਾਂ ਮੀਂਹ ਪਿਆ। ਮੌਸਮ ਵਿਭਾਗ ਨੇ 28 ਤੇ 29 ਜੂਨ ਨੂੰ ਮੱਧਮ ਤੇ 30 ਜੂਨ ਤੇ ਪਹਿਲੀ ਜੁਲਾਈ ਨੂੰ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਸਮੇਂ ਪੰਜਾਬ ’ਚ ਝੋਨੇ ਦੀ ਲੁਆਈ ਦਾ ਕੰਮ ਚੱਲ ਰਿਹਾ ਹੈ ਅਤੇ ਖੇਤੀਬਾੜੀ ਲਈ ਮੀਂਹ ਲਾਹੇਵੰਦ ਸਾਬਤ ਹੋ ਰਿਹਾ ਹੈ। ਮੀਂਹ ਨਾਲ ਧਰਤੀ ਹੇਠਲੇ ਪਾਣੀ ਦੀ ਵਰਤੋਂ ਵੀ ਘੱਟ ਗਈ ਹੈ। ਤਾਪਮਾਨ ’ਚ ਗਿਰਾਵਟ ਕਾਰਨ ਪਾਵਰਕੌਮ ਨੇ ਵੀ ਸੁੱਖ ਦਾ ਸਾਹ ਲਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਪੰਜਾਬ ’ਚ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਤੋਂ ਪਾਰ ਹੋ ਗਈ ਸੀ। ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਣੇ ਮੁਹਾਲੀ, ਫਤਹਿਗੜ੍ਹ ਸਾਹਿਬ, ਪਟਿਆਲਾ ਤੇ ਫਿਰੋਜ਼ਪੁਰ ਦੇ ਕੁਝ ਇਲਾਕਿਆਂ ’ਚ ਅੱਜ ਭਰਵਾਂ ਮੀਂਹ ਪਿਆ। ਇਸੇ ਦੌਰਾਨ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਬਠਿੰਡਾ, ਫਰੀਦਕੋਟ, ਗੁਰਦਾਸਪੁਰ, ਬਰਨਾਲਾ, ਫਿਰੋਜ਼ਪੁਰ, ਮੁਹਾਲੀ, ਮੁਕਤਸਰ ਅਤੇ ਪਟਿਆਲਾ ’ਚ ਵੱਧ ਤੋਂ ਵੱਧ ਤਾਪਮਾਨ 34 ਤੋਂ 36 ਡਿਗਰੀ ਸੈਲਸੀਅਸ ਵਿਚਾਲੇ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਅਨੁਸਾਰ ਆਉਣ ਵਾਲੇ 4-5 ਦਿਨਾਂ ਵਿੱਚ ਤਾਪਮਾਨ ’ਚ ਬਦਲਾਅ ਨਹੀਂ ਹੋਵੇਗਾ।
ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਛੇ ਹੋਰ ਮੌਤਾਂ
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਮੀਂਹ ਪੈਣ ਨਾਲ ਸਬੰਧਤ ਘਟਨਾਵਾਂ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਬੀਤੀ 24 ਜੂਨ ਤੋਂ ਲੈ ਕੇ ਹੁਣ ਤਕ ਮਰਨ ਵਾਲਿਆਂ ਦੀ ਕੁੱਲ ਗਿਣਤੀ 15 ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ ਅਗਲੇ ਪੰਜ ਦਿਨ ਭਾਰੀ ਮੀਂਹ ਪੈਣ ਦੇ ਆਸਾਰ ਹਨ। ਇਸੇ ਦੌਰਾਨ ਮੌਨਸੂਨ ਨੇ ਦੇਸ਼ ਦੇ ਉੱਤਰ-ਪੱਛਮੀ ਇਲਾਕਿਆਂ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਭਾਰਤ ਦੇ ਵਧੇਰੇ ਹਿੱਸਿਆਂ ਵਿੱਚ ਦਸਤਕ ਦੇ ਦਿੱਤੀ ਹੈ। ਵੇਰਵਿਆਂ ਅਨੁਸਾਰ ਹਮੀਰਪੁਰ ਵਿੱਚ ਦੋ ਵਿਅਕਤੀਆਂ ਤੇ ਸ਼ਿਮਲਾ, ਕਾਂਗੜਾ, ਚੰਬਾ ਤੇ ਊਨਾ ਜ਼ਿਲ੍ਹਿਆਂ ਵਿੱਚ ਇਕ-ਇਕ ਮੌਤ ਹੋਈ ਹੈ। ਵਧੇਰੇ ਮੀਂਹ ਪੈਣ ਕਾਰਨ ਸੂਬੇ ਵਿੱਚ ਕਈ ਥਾਈਂ ਢਿੱਗਾਂ ਡਿੱਗੀਆਂ ਹਨ ਤੇ ਕਈ ਥਾਈਂ ਹਾਦਸੇ ਵਾਪਰੇ ਹਨ। ਇਸੇ ਦੌਰਾਨ 27 ਵਿਅਕਤੀ ਜ਼ਖ਼ਮੀ ਹੋਏ ਹਨ ਤੇ ਤਿੰਨ ਲੋਕ ਲਾਪਤਾ ਹਨ।
ਅਹਿਮਦਾਬਾਦ: ਦੱਖਣ-ਪੱਛਮੀ ਮੌਨਸੂਨ ਨੇ ਅੱਜ ਪੂਰੇ ਗੁਜਰਾਤ ਵਿੱਚ ਦਸਤਕ ਦੇ ਦਿੱਤੀ ਹੈ ਤੇ ਅਗਲੇ ਪੰਜ ਦਿਨਾਂ ’ਚ ਸੂਬੇ ਵਿੱਚ ਭਾਰੀ ਮੀਂਹ ਪੈਣ ਦੇ ਆਸਾਰ ਹਨ। ਦੱਖਣੀ ਗੁਜਰਾਤ ਦੇ ਨਵਸਾਰੀ ਤੇ ਵਲਸਾਡ ਜ਼ਿਲ੍ਹਿਆਂ ਵਿੱਚ ‘ਰੈੱਡ’ ਚਿਤਾਵਨੀ ਜਾਰੀ ਕੀਤੀ ਹੈੈ।
ਮੁੰਬਈ: ਮੌਸਮ ਵਿਭਾਗ ਨੇ ਮਹਾਰਾਸ਼ਟਰ ਦੇ ਠਾਣੇ, ਰਾਏਗੜ੍ਹ, ਨਾਸਿਕ, ਪੁਣੇ ਤੇ ਸਤਾਰਾ ਵਿੱਚ ਔਰੇਂਜ ਅਲਰਟ ਜਾਰੀ ਕਰਦਿਆਂ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। -ਪੀਟੀਆਈ