monsoon: ਭਾਰਤ ਵਿੱਚ ਮੌਨਸੂਨ ਦੌਰਾਨ ਆਮ ਨਾਲੋਂ ਵੱਧ ਮੀਂਹ ਪੈਣਗੇ
ਨਵੀਂ ਦਿੱਲੀ, 15 ਅਪਰੈਲ
India to receive above normal rainfall during 2025: ਭਾਰਤ ਦੇ ਮੌਸਮ ਵਿਗਿਆਨ ਵਿਭਾਗ ਨੇ ਅੱਜ ਦੱਸਿਆ ਕਿ ਇਸ ਵਾਰ ਜੂਨ ਤੋਂ ਸਤੰਬਰ ਤਕ ਮੌਨਸੂਨ ਦੌਰਾਨ ਪਹਿਲਾਂ ਨਾਲੋਂ ਜ਼ਿਆਦਾ ਮੀਂਹ ਪਵੇਗਾ।
ਮੌਸਮ ਵਿਗਿਆਨ ਦੇ ਡਾਇਰੈਕਟਰ ਜਨਰਲ ਮਹਾਪਾਤਰਾ ਨੇ ਕਿਹਾ, ‘ਇਸ ਵਾਰ ਭਾਰਤ ਵਿਚ ਮੌਨਸੂਨ ਸੀਜ਼ਨ ਬਿਹਤਰ ਰਹੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਮੌਨਸੂਨ ਵਧੀਆ ਰਹਿਣ ਦੇ ਸਾਜ਼ਗਾਰ ਹਾਲਾਤ ਹਨ। ਇਸ ਵਾਰ ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਤੇਲੰਗਾਨਾ, ਪੱਛਮੀ ਬੰਗਾਲ, ਉਤਰ ਪ੍ਰਦੇਸ਼ ਵਿਚ ਆਮ ਨਾਲੋਂ ਜ਼ਿਆਦਾ ਮੀਂਹ ਪੈਣਗੇ ਜਦਕਿ ਲਦਾਖ, ਜੰਮੂ ਕਸ਼ਮੀਰ, ਬਿਹਾਰ, ਤਾਮਿਲਨਾਡੂ ਤੇ ਉਤਰ ਪੂਰਬੀ ਸੂਬਿਆਂ ਵਿਚ ਆਮ ਨਾਲੋਂ ਘੱਟ ਮੀਂਹ ਪੈਣਗੇ। ਜ਼ਿਕਰਯੋਗ ਹੈ ਕਿ ਮੌਨਸੂਨ ਦਾ ਮੀਂਹ ਪਹਿਲੀ ਜੂਨ ਦੇ ਨੇੜੇ ਤੇੜੇ ਕੇਰਲਾ ਤੋਂ ਸ਼ੁਰੂ ਹੁੰਦਾ ਹੈ ਤੇ ਚਾਰ ਮਹੀਨੇ ਦੇ ਵਕਫੇ ਵਿਚ ਉਤਰੀ ਰਾਜਾਂ ਵਿਚੋਂ ਵਾਪਸ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਅਲ ਨੀਨੋ ਦੀ ਸਥਿਤੀ ਨਹੀਂ ਬਣੇਗੀ। ਮਈ ਜੂਨ ਵਿਚ ਗਰਮੀ ਦੇ ਦਿਨ ਵਧਣਗੇ। ਜ਼ਿਕਰਯੋਗ ਹੈ ਕਿ ਅਲ ਨੀਨੋ ਵਿਚ ਸਮੁੰਦਰ ਦਾ ਤਾਪਮਾਨ ਵਧ ਜਾਂਦਾ ਹੈ, ਇਹ ਵਾਤਾਵਰਨ ਤਬਦੀਲੀ ਕਾਰਨ ਹੁੰਦਾ ਹੈ ਜਿਸ ਕਾਰਨ ਜ਼ਿਆਦਾ ਮੀਂਹ ਪੈਣ ਵਾਲੇ ਖੇਤਰਾਂ ਵਿਚ ਘੱਟ ਤੇ ਘੱਟ ਮੀਂਹ ਪੈਣ ਵਾਲੇ ਖੇਤਰਾਂ ਵਿਚ ਵੱਧ ਮੀਂਹ ਪੈਂਦਾ ਹੈ। ਭਾਰਤ ਵਿਚ ਅਲ ਨੀਨੋ ਕਾਰਨ ਮੌਨਸੂਨ ਅਕਸਰ ਕਮਜ਼ੋਰ ਰਹਿੰਦਾ ਹੈ। ਇਹ ਵੀ ਦੱਸਣਾ ਜ਼ਰੂਰੀ ਹੈ ਕਿ ਦੇਸ਼ ਦੀ ਅਰਥ ਵਿਵਸਥਾ ਲਈ ਭਰਵੇਂ ਮੀਂਹ ਜ਼ਰੂਰੀ ਹੈ ਕਿਉਂਕਿ ਦੇਸ਼ ਦੀ ਖੇਤੀ ਜ਼ਿਆਦਾਤਰ ਮੀਂਹ ’ਤੇ ਹੀ ਨਿਰਭਰ ਰਹਿੰਦੀ ਹੈ।