ਦਿੱਲੀ ਤੇ ਮੁੰਬਈ ਵਿੱਚ 62 ਸਾਲਾਂ ਮਗਰੋਂ ਇਕੋ ਸਮੇਂ ਮੌਨਸੂਨ ਦੀ ਦਸਤਕ
ਨਵੀਂ ਦਿੱਲੀ/ਮੁੰਬਈ, 25 ਜੂਨ
ਦਿੱਲੀ ਤੇ ਮੁੰਬਈ ਵਿੱਚ 21 ਜੂਨ, 1961 ਮਗਰੋਂ ਬਾਹਠ ਸਾਲਾਂ ਵਿੱਚ ਪਹਿਲੀ ਵਾਰ ਮੌਨਸੂਨ ਨੇ ਇਕੱਠਿਆਂ ਦਸਤਕ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਦਿੱਲੀ ਵਿੱਚ ਮੌਨਸੂਨ ਮਿਥੇ ਸਮੇਂ ਨਾਲੋਂ ਦੋ ਦਿਨ ਪਹਿਲਾਂ, ਜਦੋਂਕਿ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਦੋ ਹਫ਼ਤਿਆਂ ਦੀ ਦੇਰੀ ਨਾਲ ਪਹੁੰਚਿਆ ਹੈ।
ਵਿਭਾਗ ਦੇ ਅਧਿਕਾਰੀ ਮੁਤਾਬਕ ਮੌਨਸੂਨ ਦੀ ਸ਼ੁਰੂਆਤ ਮੱਠੀ ਰਹੀ, ਪਰ ਹੁਣ ਇਸ ਵਿੱਚ ਤੇਜ਼ੀ ਆ ਰਹੀ ਹੈ ਤੇ ਇਹ ਮਹਾਰਾਸ਼ਟਰ, ਸਮੁੱਚੇ ਕਰਨਾਟਕ, ਕੇਰਲ, ਤਾਮਿਲਨਾਡੂ, ਛੱਤੀਸਗੜ੍ਹ, ਉੜੀਸਾ, ਪੂਰਬੀ ਭਾਰਤ, ਪੱਛਮੀ ਬੰਗਾਲ, ਝਾਰਖੰਡ, ਬਿਹਾਰ, ਪੂਰਬੀ ਯੂਪੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਦੇ ਬਹੁਤੇ ਹਿੱਸਿਆਂ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਪਹੁੰਚ ਗਿਆ ਹੈ। ਆਮ ਤੌਰ ‘ਤੇ ਕੇਰਲ ਵਿੱਚ ਮੌਨਸੂਨ 1 ਜੂਨ ਤੱਕ, ਮੁੰਬਈ ਵਿੱਚ 11 ਜੂਨ ਤੇ ਕੌਮੀ ਰਾਜਧਾਨੀ ਵਿੱਚ 27 ਜੂਨ ਤੱਕ ਪਹੁੰਚ ਜਾਂਦਾ ਹੈ। ਮੌਨਸੂਨ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ, ਜਿਸ ਵਿੱਚ ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਵੱਡੇ ਹਿੱਸੇ ਸ਼ਾਮਲ ਹੋ ਗਿਆ ਹੈ, ਜੋ ਕਿ ਨਿਰਧਾਰਤ ਸਮੇਂ ਤੋਂ ਜਾਂ ਇਸ ਤੋਂ ਥੋੜ੍ਹਾ ਪਹਿਲਾਂ ਪਹੁੰਚ ਗਿਆ ਹੈ, ਪਰ ਮੱਧ ਭਾਰਤ ਵਿੱਚ ਇਹ ਅਜੇ ਵੀ ਨਿਰਧਾਰਿਤ ਸਮੇਂ ਨਾਲੋਂ 10-12 ਦਿਨ ਪਿੱਛੇ ਹੈ, ਜਿੱਥੇ ਜ਼ਿਆਦਾਤਰ ਕਿਸਾਨ ਖੇਤੀ ਲਈ ਮੀਂਹ ‘ਤੇ ਟੇਕ ਰੱਖਦੇ ਹਨ।
ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਵਿੱਚ ਮੌਨਸੂਨ ਹੁਣ ਵੇਰਾਵਲ, ਬੜੌਦਾ, ਉਦੈਪੁਰ, ਨਾਰਨੌਲ, ਅੰਬਾਲਾ ਅਤੇ ਕਟੜਾ ਤੋਂ ਹੋ ਕੇ ਲੰਘ ਗਿਆ ਹੈ। ਅਧਿਕਾਰੀਆਂ ਅਨੁਸਾਰ ਅਗਲੇ ਦੋ ਦਿਨਾਂ ਦੌਰਾਨ ਗੁਜਰਾਤ, ਰਾਜਸਥਾਨ, ਹਰਿਆਣਾ, ਪੰਜਾਬ ਦੇ ਕੁਝ ਹੋਰ ਹਿੱਸਿਆਂ ਅਤੇ ਜੰਮੂ-ਕਸ਼ਮੀਰ ਦੇ ਬਾਕੀ ਹਿੱਸਿਆਂ ਵਿੱਚ ਮੌਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। -ਪੀਟੀਆਈ
ਪੰਜਾਬ ਵਿੱਚ ਕਈ ਥਾਈਂ ਤੇਜ਼ ਹਵਾਵਾਂ ਨਾਲ ਮੀਂਹ
ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ਅਤੇ ਹਰਿਆਣਾ ਦੇ ਕੁੱਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਪੰਜਾਬ ਵਿੱਚ ਕਈ ਥਾਈਂਂ ਲੰਘੀ ਰਾਤ ਤੋਂ ਰੁਕ-ਰੁਕ ਕੇ ਪਏ ਮੀਂਹ ਕਾਰਨ ਪਾਰਾ ਆਮ ਨਾਲੋਂ ਥੱਲੇ ਡਿੱਗ ਗਿਆ ਹੈ। ਅੱਜ ਸ਼ਾਮ ਸਮੇਂ ਅੰਮ੍ਰਿਤਸਰ, ਗੁਰਦਾਸਪੁਰ ਤੇ ਹੋਰਨਾਂ ਸ਼ਹਿਰਾਂ ਵਿੱਚ ਮੀਂਹ ਪਿਆ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਅੱਧਾ ਦਰਜਨ ਸ਼ਹਿਰਾਂ ਵਿੱਚ ਦਿਨ ਸਮੇਂ ਤਾਪਮਾਨ 30 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ ਹੈ ਜਦੋਂ ਕਿ ਮੌਸਮ ਵਿਗਿਆਨੀਆਂ ਨੇ 26 ਜੂਨ ਨੂੰ ਤੇਜ਼ ਮੀਂਹ ਤੇ ਹਵਾਵਾਂ ਚੱਲਣ ਅਤੇ 27, 28, 29 ਜੂਨ ਨੂੰ ਮੱਧਮ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ ਹਾਲੇ ਮੌਨਸੂਨ ਦੀ ਆਮਦ ਵਿੱਚ ਸਮਾਂ ਲੱਗ ਸਕਦਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਅੰਮ੍ਰਿਤਸਰ ਸ਼ਹਿਰ ‘ਚ 16 ਐੱਮਐੱਮ, ਪਠਾਨਕੋਟ ‘ਚ 8 ਐੱਮਐੱਮ ਮੀਂਹ ਪਿਆ ਹੈ। ਅੱਜ ਚੰਡੀਗੜ੍ਹ, ਗੁਰਦਾਸਪੁਰ ਤੇ ਹੋਰਨਾਂ ਕਈ ਇਲਾਕਿਆਂ ਵਿੱਚ ਮੀਂਹ ਪਿਆ। ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਫਤਹਿਗੜ੍ਹ ਸਾਹਿਬ, ਮੁਹਾਲੀ, ਰੋਪੜ ‘ਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦੇ ਕਰੀਬ ਰਿਹਾ, ਜੋ ਕਿ ਆਮ ਨਾਲੋਂ 5 ਤੋਂ 6 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਸੂਬੇ ਵਿੱਚ ਮੌਸਮ ਦੇ ਬਦਲੇ ਮਿਜ਼ਾਜ ਸਦਕਾ ਲਗਾਤਾਰ ਬੀਤੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਹੈ।
ਸ਼ਰਧਾਲੂਆਂ ਨੂੰ ਮੌਸਮ ਬਾਰੇ ਜਾਣਨ ਮਗਰੋਂ ਹੀ ਚਾਰ ਧਾਮ ਯਾਤਰਾ ਦੀ ਸਲਾਹ
ਦੇਹਰਾਦੂਨ: ਉੱਤਰਾਖੰਡ ਵਿੱਚ ਮੌਨਸੂਨ ਦੇ ਦਸਤਕ ਦੇਣ ਮਗਰੋਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਆਫ਼ਤ ਪ੍ਰਬੰਧਨ ਵਿਭਾਗ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਸ਼ਰਧਾਲੂਆਂ ਨੂੰ ਅਧਿਕਾਰੀਆਂ ਕੋਲੋਂ ਮੌਸਮ ਬਾਰੇ ਜਾਣਕਾਰੀ ਹਾਸਲ ਕਰਨ ਮਗਰੋਂ ਹੀ ਚਾਰ ਧਾਮ ਯਾਤਰਾ ਕਰਨ ਦੀ ਸਲਾਹ ਦਿੱਤੀ ਹੈ। ਮੁੱਖ ਮੰਤਰੀ ਨਦੀਆਂ-ਨਾਲਿਆਂ ਕੰਢੇ ਵੱਸੇ ਲੋਕਾਂ ਨੂੰ ਭਾਰੀ ਮੀਂਹ ਦੇ ਮੱਦੇਨਜ਼ਰ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਸੂਬੇ ਦੇ ਹੇਠਲੇ ਇਲਾਕਿਆਂ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਮੌਸਮ ਵਿਭਾਗ ਨੇ ਨੈਨੀਤਾਲ, ਪਿਥੌਰਗੜ੍ਹ, ਬਾਘੇਸ਼ਵਰ, ਦੇਹਰਾਦੂਨ ਅਤੇ ਪੌੜੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਮੌਸਮ ਵਿਗੜਨ ਦੀ ਸਥਿਤੀ ਦੇ ਮੱਦੇਨਜ਼ਰ ਉਹ ਜਿੱਥੇ ਹਨ, ਉੱਥੇ ਹੀ ਆਪਣਾ ਯਾਤਰਾ ਰੋਕ ਦੇਣ ਅਤੇ ਮੌਸਮ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਨ। -ਪੀਟੀਆਈ