For the best experience, open
https://m.punjabitribuneonline.com
on your mobile browser.
Advertisement

ਪੰਜਾਬ, ਹਰਿਆਣਾ ਤੇ ਰਾਜਸਥਾਨ ’ਚ ਅਗਾਊਂ ਪੁੱਜਿਆ ਮੌਨਸੂਨ

08:49 PM Jun 29, 2023 IST
ਪੰਜਾਬ  ਹਰਿਆਣਾ ਤੇ ਰਾਜਸਥਾਨ ’ਚ ਅਗਾਊਂ ਪੁੱਜਿਆ ਮੌਨਸੂਨ
Advertisement

ਨਵੀਂ ਦਿੱਲੀ/ਸ਼ਿਮਲਾ/ਜੈਪੁਰ, 26 ਜੂਨ

Advertisement

ਮੁੱਖ ਅੰਸ਼

  • ਰਾਜਸਥਾਨ ਵਿੱਚ ਬਿਜਲੀ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ

ਭਾਰਤੀ ਮੌਸਮ ਵਿਭਾਗ ਮੁਤਾਬਕ ਦੱਖਣ-ਪੱਛਮੀ ਮੌਨਸੂਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਜੰਮੂ ਕਸ਼ਮੀਰ ਤੇ ਲੱਦਾਖ ਦੇ ਕੁਝ ਹਿੱਸਿਆਂ ਵਿੱਚ ਅਗਾਊਂ ਪਹੁੰਚ ਗਿਆ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆਉਣ ਅਤੇ ਵੱਖ-ਵੱਖ ਥਾਈਂ ਸੜਕਾਂ ‘ਤੇ ਢਿੱਗਾਂ ਡਿੱਗਣ ਕਰ ਕੇ ਸੈਂਕੜੇ ਸੈਲਾਨੀ ਫਸ ਗਏ ਹਨ। ਇਸ ਤੋਂ ਇਲਾਵਾ ਰਾਜਸਥਾਨ ‘ਚ ਬਿਜਲੀ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ।

ਮੰਡੀ ਨੇੜੇ ਚੰਡੀਗੜ੍ਹ-ਮਨਾਲੀ ਸ਼ਾਹਰਾਹ ਬੰਦ ਹੋਣ ਕਾਰਨ ਖੁਆਰ ਹੋ ਰਹੇ ਲੋਕ। -ਫੋਟੋ: ਪੀਟੀਆਈ

ਇਸ ਦੌਰਾਨ ਅੱਜ ਦਿੱਲੀ ਵਿੱਚ ਮੌਸਮ ਕਾਫੀ ਖੁਸ਼ਗਵਾਰ ਰਿਹਾ। ਇੱਥੇ ਸਵੇਰੇ 8.30 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ 2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਵੱਲੋਂ ਆਮ ਤੌਰ ‘ਤੇ ਬੱਦਲਵਾਈ ਰਹਿਣ ਅਤੇ ਹਲਕੇ ਤੇ ਦਰਮਿਆਨੇ ਮੀਂਹ ਅਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ।

ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਪਏ ਮੌਨਸੂਨ ਦੇ ਪਹਿਲੇ ਮੀਂਹ ਦੌਰਾਨ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਐਤਵਾਰ ਸ਼ਾਮ ਨੂੰ ਪਾਲੀ ਜ਼ਿਲ੍ਹੇ ਵਿੱਚ ਬਿਜਲੀ ਡਿੱਗਣ ਕਾਰਨ ਦਿਨੇਸ਼ (21) ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਬਾਰਨ ਦੇ ਪਟਪੜੀ ਪਿੰਡ ਵਿੱਚ ਦੋ ਚਚੇਰੇ ਭਰਾ ਹਰੀਰਾਮ (46) ਤੇ ਕਮਲ (32) ਅਤੇ ਚਿਤੌੜਗੜ੍ਹ ਵਿੱਚ ਵੀ ਬਿਜਲੀ ਡਿੱਗਣ ਕਾਰਨ ਇਕ 10 ਸਾਲਾ ਬੱਚੀ ਦੀ ਮੌਤ ਹੋ ਗਈ। ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਹੜ੍ਹ ਆਉਣ ਤੇ ਢਿੱਗਾਂ ਡਿੱਗਣ ਕਾਰਨ ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਬੰਦ ਹੋ ਗਿਆ ਅਤੇ ਸੈਂਕੜੇ ਸੈਲਾਨੀ ਫਸ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਪਏ ਭਾਰੀ ਮੀਂਹ ਕਾਰਨ ਸੂਬੇ ਭਰ ਵਿੱਚ 301 ਸੜਕਾਂ ਬੰਦ ਹੋ ਗਈਆਂ ਹਨ ਜਦਕਿ ਬਿਜਲੀ ਦੇ 140 ਟਰਾਂਸਫਾਰਮਰ ਸੜ ਗਏ ਹਨ। ਭਾਰੀ ਮੀਂਹ ਕਾਰਨ ਔਟ ਨੇੜੇ ਖੋਤੀਨਾਲੇ ਵਿੱਚ ਪੰਡੋਹ-ਕੁੱਲੂ ਮਾਰਗ ‘ਤੇ ਅਚਾਨਕ ਹੜ੍ਹ ਆ ਗਿਆ। ਹੜ੍ਹ ਤੋ ਬਾਅਦ ਸੈਲਾਨੀ ਐਤਵਾਰ ਸ਼ਾਮ ਤੋਂ ਇੱਥੇ ਫਸੇ ਹੋਏ ਹਨ।

ਚੰਡੀਗੜ੍ਹ-ਮਨਾਲੀ ਸ਼ਾਹਰਾਹ ‘ਤੇ ਡਿੱਗੇ ਪੱਥਰਾਂ ਨੂੰ ਜੇਸੀਬੀ ਦੀ ਮਦਦ ਨਾਲ ਪਾਸੇ ਕਰਦੇ ਹੋਏ ਰਾਹਤ ਕਰਮੀ। -ਫੋਟੋ: ਪੀਟੀਆਈ

ਮੰਡੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਕਟੋਲਾ ਵੱਲੋਂ ਲੰਘਦਾ ਮੰਡੀ-ਕੁੱਲੂ ਦਾ ਬਦਲਵਾਂ ਰੂਟ ਵੀ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਸੀ ਜਿਸ ਨੂੰ ਤਕਰੀਬਨ 20 ਘੰਟਿਆਂ ਬਾਅਦ ਖੋਲ੍ਹਿਆ ਜਾ ਸਕਿਆ ਹੈ। ਹੁਣ ਛੋਟੇ ਵਾਹਨਾਂ ਨੂੰ ਇਸ ਰਸਤੇ ਤੋਂ ਲੰਘਾਇਆ ਜਾ ਰਿਹਾ ਹੈ।

ਇਸੇ ਤਰ੍ਹਾਂ ਮੰਡੀ-ਪੰਡੋਹ ਮਾਰਗ ਵੀ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਸਤਾ ਬਹਾਲ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਸੜਕ ‘ਤੇ ਡਿੱਗੀਆਂ ਵੱਡੀਆਂ ਚੱਟਾਨਾਂ ਹਟਾਉਣ ਲਈ ਧਮਾਕਾਖੇਜ਼ ਸਮੱਗਰੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਸੜਕ ਨਾ ਖੁੱਲ੍ਹਣ ਤੱਕ ਮੰਡੀ ਵੱਲ ਨਾ ਜਾਣ ਲਈ ਕਿਹਾ ਗਿਆ ਹੈ।

ਇਸ ਦੌਰਾਨ ਚੰਡੀਗੜ੍ਹ ਤੋਂ ਆਏ ਇਕ ਸੈਲਾਨੀ ਮੋਹਿਤ ਨੇ ਕਿਹਾ, ”ਇਹ ਇਕ ਭਿਆਨਕ ਤਜਰਬਾ ਹੈ। ਅਸੀਂ ਇੱਥੇ ਕੱਲ੍ਹ ਸ਼ਾਮ ਤੋਂ ਫਸੇ ਹੋਏ ਹਾਂ। ਇੱਥੇ ਨੇੜੇ ਹੋਟਲ ਤੇ ਰਹਿਣ ਲਈ ਹੋਰ ਥਾਵਾਂ ਸੀਮਤ ਹਨ। ਸੜਕ ਦੇ ਦੋਵੇਂ ਪਾਸੇ ਤਕਰੀਬਨ ਦੋ ਕਿਲੋਮੀਟਰ ਦਾ ਜਾਮ ਲੱਗਿਆ ਹੋਇਆ ਹੈ।” ਇਸੇ ਤਰ੍ਹਾਂ ਚੰਡੀਗੜ੍ਹ ਤੋਂ ਮੰਡੀ ਨੂੰ ਮੁੜ ਰਹੇ ਇਕ ਹੋਰ ਸੈਲਾਨੀ ਪ੍ਰਸ਼ਾਂਤ ਨੇ ਕਿਹਾ, ”ਸੜਕ ਬੰਦ ਹੋਣ ਕਾਰਨ ਅਸੀਂ ਕੱਲ੍ਹ ਸ਼ਾਮ ਤੋਂ ਇੱਥੇ ਫਸੇ ਹੋਏ ਹਾਂ। ਔਟ ਵਿੱਚ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਾਹਨ ਫਸੇ ਹੋਏ ਹਨ।”

ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਭਾਰੀ ਬਾਰਿਸ਼ ਕਾਰਨ ਸੂਬੇ ਵਿੱਚ ਕੁੱਲ 301 ਸੜਕਾਂ ਬੰਦ ਹੋ ਗਈਆਂ ਹਨ। ਇਨ੍ਹਾਂ ਵਿੱਚੋਂ 180 ਸੜਕਾਂ ਤਾਂ ਅੱਜ ਖੁੱਲ੍ਹਣ ਦੀ ਆਸ ਹੈ ਜਦਕਿ 15 ਸੜਕਾਂ ਮੰਗਲਵਾਰ ਨੂੰ ਅਤੇ ਬਾਕੀ ਰਹਿੰਦੀਆਂ ਸੜਕਾਂ 30 ਜੂਨ ਤੱਕ ਖੁੱਲ੍ਹਣਗੀਆਂ, ਉਹ ਵੀ ਮੌਸਮ ‘ਤੇ ਨਿਰਭਰ ਕਰੇਗਾ। ਉਨ੍ਹਾਂ ਕਿਹਾ ਕਿ ਸੜਕਾਂ ਸਾਫ ਕਰਨ ਲਈ 390 ਬੁੱਲਡੋਜ਼ਰ ਅਤੇ ਹੋਰ ਭਾਰੀ ਮਸ਼ੀਨਰੀ ਲਗਾਈ ਗਈ ਹੈ। ਬਾਰਿਸ਼ ਨਾਲ ਹੁਣ ਤੱਕ ਲੋਕ ਨਿਰਮਾਣ ਵਿਭਾਗ ਨੂੰ ਕਰੀਬ 27 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ।

ਇਸੇ ਤਰ੍ਹਾਂ ਗੁਆਂਢੀ ਯੂਟੀ ਜੰਮੂ ਕਸ਼ਮੀਰ ਵਿੱਚ ਵੀ ਅੱਜ ਭਾਰੀ ਬਾਰਿਸ਼ ਹੋਈ। ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਢਿੱਗਾਂ ਡਿੱਗਣ ਕਾਰਨ ਜੰਮੂ ਕਸ਼ਮੀਰ-ਸ੍ਰੀਨਗਰ ਕੌਮੀ ਮਾਰਗ ਅਤੇ ਕਈ ਹੋਰ ਸੜਕਾਂ ਬੰਦ ਹੋ ਗਈਆਂ। ਹਾਲਾਂਕਿ, ਬਾਅਦ ਦੁਪਹਿਰ ਕਰੀਬ 2.30 ਵਜੇ ਤੱਕ ਸੜਕ ‘ਤੇ ਡਿੱਗਿਆ ਮਲਬਾ ਸਾਫ ਕਰ ਕੇ ਜੰਮੂ ਕਸ਼ਮੀਰ ਕੌਮੀ ਮਾਰਗ ‘ਤੇ ਫਸੇ ਵਾਹਨਾਂ ਨੂੰ ਲੰਘਾ ਦਿੱਤਾ ਗਿਆ ਸੀ।

ਅਥਾਰਿਟੀਜ਼ ਵੱਲੋਂ ਭਾਰੀ ਬਾਰਿਸ਼ ਕਾਰਨ ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ ਰਾਮਬਨ ਵਿੱਚ ਦਸਵੀਂ ਜਮਾਤ ਤੱਕ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਅੱਜ ਇਸ ਸੜਕ ‘ਤੇ ਸ੍ਰੀਨਗਰ ਜਾਂ ਜੰਮੂ ਵੱਲੋਂ ਆਵਾਜਾਈ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਇਸੇ ਦੌਰਾਨ ਭਾਰਤੀ ਮੌਸਮ ਵਿਭਾਗ ਵੱਲੋਂ ਮੱਧ ਪ੍ਰਦੇਸ਼ ਵਿੱਚ ਕਈ ਥਾਵਾਂ ‘ਤੇ ਮੰਗਲਵਾਰ ਸਵੇਰ ਤੱਕ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸੇ ਤਰ੍ਹਾਂ ਮੁੰਬਈ ਵਿੱਚ ਘਾਟਕੋਪਰ ਇਲਾਕੇ ਵਿੱਚ ਇਕ ਦੋ ਮੰਜ਼ਿਲਾ ਮਕਾਨ ਡਿੱਗਣ ਕਾਰਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਮਹਾਨਗਰ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਦਰਮਿਆਨੀ ਤੇ ਭਾਰੀ ਬਾਰਿਸ਼ ਦਰਜ ਕੀਤੀ ਗਈ ਹੈ। -ਪੀਟੀਆਈ

ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ‘ਚ ਭਰਵਾਂ ਮੀਂਹ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ‘ਚ ਲੰਘੇ 24 ਘੰਟਿਆਂ ਦੌਰਾਨ ਭਰਵਾਂ ਮੀਂਹ ਪਿਆ। ਮੌਸਮ ਵਿਭਾਗ ਦੀ ਇਕ ਰਿਪੋਰਟ ਮੁਤਾਬਕ ਲੰਘੇ 24 ਘੰਟਿਆਂ ਦੌਰਾਨ ਪੰਜਾਬ ਦੇ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 113.2 ਮਿਲੀਮੀਟਰ ਬਾਰਿਸ਼ ਹੋਈ। ਇਸ ਤੋਂ ਬਾਅਦ ਗੁਰਦਾਸਪੁਰ ਵਿੱਚ 26.7, ਫ਼ਰੀਦਕੋਟ ਵਿੱਚ 24.8, ਫਿਰੋਜ਼ਪੁਰ ਵਿੱਚ 16 ਅਤੇ ਪਠਾਨਕੋਟ ਵਿੱਚ 14.1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸੇ ਤਰ੍ਹਾਂ ਹਰਿਆਣਾ ਦੇ ਰੋਹਤਕ ਵਿੱਚ 96.3 ਮਿਲੀਮੀਟਰ, ਨਾਰਨੌਲ ਵਿੱਚ 24 ਮਿਲੀਮੀਟਰ, ਕਰਨਾਲ ਵਿੱਚ 22.1, ਕੁਰੂਕਸ਼ੇਤਰ ਵਿੱਚ 19.5, ਗੁਰੂਗ੍ਰਾਮ ਵਿੱਚ 9.5, ਅੰਬਾਲਾ ਵਿੱਚ 7.4, ਸਿਰਸਾ ਵਿੱਚ 4.9 ਅਤੇ ਭਿਵਾਨੀ ਵਿੱਚ 1.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਦੋਵੇਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ 41.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। -ਪੀਟੀਆਈ

Advertisement
Tags :
Advertisement
Advertisement
×