For the best experience, open
https://m.punjabitribuneonline.com
on your mobile browser.
Advertisement

ਬਾਂਦਰਾਂ ਨੇ ਚੰਡੀਗੜ੍ਹ ਵਿੱਚ ਦਹਿਸ਼ਤ ਮਚਾਈ

06:40 AM Jul 06, 2024 IST
ਬਾਂਦਰਾਂ ਨੇ ਚੰਡੀਗੜ੍ਹ ਵਿੱਚ ਦਹਿਸ਼ਤ ਮਚਾਈ
ਚੰਡੀਗੜ੍ਹ ਦੇ ਸੈਕਟਰ-28 ਦੀ ਦੀਵਾਰ ’ਤੇ ਬੈਠੇ ਬਾਂਦਰ।
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 5 ਜੁਲਾਈ
ਯੂਟੀ ਵਿੱਚ ਬਾਂਦਰਾਂ ਦੀ ਸਮੱਸਿਆ ਵਧਦੀ ਜਾ ਰਹੀ ਹੈ। ਬਾਂਦਰਾਂ ਦੇ ਝੁੰਡ ਸ਼ਹਿਰ ਦੇ ਸੈਕਟਰਾਂ ਵਿੱਚ ਜਾ ਕੇ ਦਹਿਸ਼ਤ ਫੈਲਾ ਰਹੇ ਹਨ। ਸੈਕਟਰ-28 ਵਿੱਚ ਦੇ ਘਰਾਂ ਵਿਚ ਅੱਜ ਬਾਂਦਰਾਂ ਦੇ ਝੁੰਡ ਨੇ ਕਾਫ਼ੀ ਖਰੂਦ ਮਚਾਇਆ। ਇਨ੍ਹਾਂ ਬਾਂਦਰਾਂ ਨੇ ਘਰਾਂ ਵਿਚ ਪਿਆ ਸਾਮਾਨ ਸੁੱਟ ਦਿੱਤਾ ਤੇ ਰਾਹਗੀਰਾਂ ’ਤੇ ਹਮਲਾ ਕੀਤਾ। ਇਸ ਦੌਰਾਨ ਘਰ ਵਾਲਿਆਂ ਨੇ ਭੱਜ ਕੇ ਜਾਨ ਬਚਾਈ।
ਜਾਣਕਾਰੀ ਅਨੁਸਾਰ, ਇਹ ਬਾਂਦਰ ਸੈਕਟਰ 27 ਤੇ 28 ਵੰਡਦੀ ਸੜਕ ਦੇ ਨਾਲ ਦੇ ਘਰਾਂ ਵਿਚ ਦਾਖ਼ਲ ਹੋਏ। ਆਨੰਦ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਤੇ ਉਹ ਅਗਲੇ ਵਿਹੜੇ ਵਿੱਚ ਅਖਬਾਰ ਪੜ੍ਹ ਰਹੇ ਸਨ। ਇਸ ਦੌਰਾਨ ਖੜਾਕ ਸੁਣ ਕੇ ਜਦੋਂ ਉਹ ਅੰਦਰ ਗਏ ਤਾਂ ਚਾਰ-ਪੰਜ ਬਾਂਦਰ ਘਰ ਅੰਦਰ ਬੈਠੇ ਸਨ। ਉਨ੍ਹਾਂ ਨੇ ਫਰਿੱਜ ਵਿੱਚ ਪਿਆ ਸਾਮਾਨ ਕੱਢਿਆ ਰੱਖਿਆ ਸੀ। ਜਦ ਉਨ੍ਹਾਂ ਨੇ ਡੰਡੇ ਨਾਲ ਭਜਾਉਣਾ ਚਾਹਿਆ ਤਾਂ ਬਾਂਦਰਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਇਸ ਖੇਤਰ ਦੇ ਸਾਰੇ ਲੋਕ ਬਾਂਦਰਾਂ ਦੇ ਕਹਿਰ ਤੋਂ ਬਹੁਤ ਦੁਖੀ ਹਨ। ਜਦ ਉਹ ਕੌਂਸਲਰ ਜਾਂ ਨਗਰ ਨਿਗਮ ਨੂੰ ਸ਼ਿਕਾਇਤ ਕਰਦੇ ਹਨ ਤਾਂ ਇਹੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਸਮੱਸਿਆ ਜਲਦੀ ਹੱਲ ਕੀਤੀ ਜਾਵੇਗੀ।
ਇਸ ਦੌਰਾਨ ਸੈਕਟਰ-27 ਦੀ ਸੜਕ ’ਤੇ ਵੀ ਬਾਂਦਰਾਂ ਦੇ ਝੁੰਡ ਨੇ ਸਾਈਕਲ ਸਵਾਰਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਮੰਗ ਕੀਤੀ ਹੈ ਕਿ ਬਾਂਦਰਾਂ ਦੀ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇ।

Advertisement

ਚੰਡੀਗੜ੍ਹ ਵਿੱਚ ਹਨ 13 ਸੌ ਤੋਂ ਵੱਧ ਬਾਂਦਰ

ਜੰਗਲਾਤ ਵਿਭਾਗ ਅਨੁਸਾਰ ਇਸ ਵੇਲੇ ਚੰਡੀਗੜ੍ਹ ਵਿਚ ਬਾਂਦਰਾਂ ਦੀ ਗਿਣਤੀ 1,326 ਹੈ ਜਿਨ੍ਹਾਂ ਵਿਚੋਂ ਸਿਰਫ਼ ਪੰਜਾਬ ਯੂਨੀਵਰਸਿਟੀ ਵਿੱਚ ਬਾਂਦਰਾਂ ਦੀ ਗਿਣਤੀ 594, ਸੈਕਟਰ-1 ਵਿੱਚ 200, ਸੈਕਟਰ-28 ਵਿੱਚ 88 ਅਤੇ ਸੈਕਟਰ-27 ਵਿੱਚ 75 ਦੱਸੀ ਗਈ ਹੈ। ਹੁਣ ਸ਼ਹਿਰ ਵਿੱਚ ਬਾਂਦਰਾਂ ਨੂੰ ਫੜਨ ਦੀ ਜ਼ਿੰਮੇਵਾਰੀ ਜੰਗਲਾਤ ਵਿਭਾਗ ਦੀ ਥਾਂ ਨਗਰ ਨਿਗਮ ਦੀ ਹੋਵੇਗੀ ਕਿਉਂਕਿ ਬਾਂਦਰਾਂ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ-1972 ਤਹਿਤ ਸੁਰੱਖਿਅਤ ਪ੍ਰਜਾਤੀਆਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ। ਪਹਿਲਾਂ ਬਾਂਦਰਾਂ ਨੂੰ ਸੁਰੱਖਿਅਤ ਪ੍ਰਜਾਤੀ ਮੰਨਿਆ ਜਾਂਦਾ ਸੀ ਅਤੇ ਇਨ੍ਹਾਂ ਨੂੰ ਫੜਨਾ ਜੰਗਲਾਤ ਵਿਭਾਗ ਦੀ ਜ਼ਿੰਮੇਵਾਰੀ ਸੀ। ਦੂਜੇ ਪਾਸੇ, ਨਗਰ ਨਿਗਮ ਨੇ ਸੈਕਟਰ-27 ਅਤੇ 28 ਵਿੱਚ ਬਾਂਦਰਾਂ ਨੂੰ ਭਜਾਉਣ ਲਈ ਲੰਗੂਰ ਵੀ ਸੱਦੇ ਸਨ ਪਰ ਇਨ੍ਹਾਂ ਦਾ ਸੈਕਟਰ ਵਾਸੀਆਂ ਨੂੰ ਕੋਈ ਖਾਸ ਫਾਇਦਾ ਨਹੀਂ ਹੋਇਆ।

Advertisement

Advertisement
Author Image

joginder kumar

View all posts

Advertisement