ਵਿਜੀਲੈਂਸ ਵੱਲੋਂ ਚੱਕ ਅਰਨੀਵਾਲਾ ’ਚ ਵਿਕਾਸ ਕਾਰਜਾਂ ਦੀ ਪੜਤਾਲ
ਪਰਮਜੀਤ ਸਿੰਘ/ਮਲਕੀਤ ਸਿੰਘ ਟੋਨੀ ਛਾਬੜਾ
ਫਾਜ਼ਿਲਕਾ/ਜਲਾਲਾਬਾਦ, 9 ਨਵੰਬਰ
ਡੀਜੀਪੀ ਵਿਜੀਲੈਂਸ ਵਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸਐੱਸਪੀ ਵਿਜੀਲੈਂਸ ਗੁਰਮੀਤ ਸਿੰਘ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਵਿਜੀਲੈਂਸ ਦੀ ਟੀਮ ਨੇ ਡੀਐੱਸਪੀ ਗੁਰਿੰਦਰਜੀਤ ਸਿੰਘ ਦੀ ਰਹਿਨੁਮਾਈ ਵਿਚ ਚੱਕ ਅਰਨੀਵਾਲਾ ਉਰਫ਼ ਕੱਟੀਆਂ ਵਾਲੀ ਵਿੱਚ ਪੰਚਾਇਤ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੀ ਜਾਂਚ ਕੀਤੀ। ਇਸ ਸਬੰਧੀ ਸ਼ਿਕਾਇਤ ਬਲਵਿੰਦਰ ਸਿੰਘ ਵੱਲੋਂ ਦਿੱਤੀ ਗਈ ਸੀ ਜਿਸ ਦੇ ਆਧਾਰ ’ਤੇ ਟੈਕਨੀਕਲ ਟੀਮ ਦੇ ਸਹਿਯੋਗ ਨਾਲ ਜਾਂਚ ਕੀਤੀ ਗਈ| ਇਸ ਜਾਂਚ ਟੀਮ ਦੀ ਅਗਵਾਈ ਇੰਸਪੈਕਟਰ ਚੰਦਰ ਸ਼ੇਖਰ ਨੇ ਕੀਤੀ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਚੱਕ ਅਰਨੀਵਾਲਾ ਦੇ ਵਾਸੀ ਬਲਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਵਿੱਚ ਜੋ ਵਿਕਾਸ ਕਾਰਜ ਹੋਏ ਹਨ ਉਹ ਸਹੀ ਨਹੀਂ ਹੋਏ। ਇਸ ਲਈ ਵਿਜੀਲੈਂਸ ਦੀ ਟੀਮ ਵੱਲੋਂ ਪਿੰਡ ਵਿੱਚ ਆਂਗਣਵਾੜੀ ਸੈਂਟਰ ਦੀ ਇਮਾਰਤ, ਪਬਲਿਕ ਸ਼ੈੱਡ ਦੀ ਉਸਾਰੀ, ਧਰਮਸ਼ਾਲਾ ਦੀ ਉਸਾਰੀ, ਸਕੂਲ ਦਾ ਕਮਰਾ ਅਤੇ ਬਰਾਂਡਾ, ਜਿਮ ਦੇ ਰੂਮ ਦੀ ਉਸਾਰੀ, ਨਹਿਰ ਦਾ ਪੁਲ, ਕਮਿਊਨਿਟੀ ਹਾਲ ਅਤੇ ਆਂਗਣਵਾੜੀ ਸੈਂਟਰ ਦੀ ਚਾਰਵੀਵਾਰੀ, ਸ਼ਮਸ਼ਾਨਘਾਟ ਦਾ ਸ਼ੈਡ ਤੇ ਚਾਰਦੀਵਾਰੀ, ਵਾਟਰ ਸਪਲਾਈ ਅਤੇ ਬੋਰ, ਅੰਡਰਗਰਾਊਂਡ ਪਾਈਪ ਲਾਈਨਜ਼ ਤੇ ਗਲੀਆਂ ਦੀ ਜਾਂਚ ਕੀਤੀ ਗਈ।
ਦੋਸ਼ੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਵਿਜੀਲੈਂਸ ਦੇ ਬੁਲਾਰੇ ਨੇ ਕਿਹਾ ਕਿ ਜਾਂਚ ਦੇ ਨਤੀਜੇ ਆਉਣ ਤੋਂ ਬਾਅਦ ਜਿਹੜਾ ਵੀ ਕਸੂਰਵਾਰ ਪਾਇਆ ਗਿਆ ਉਸ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ| ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਭ੍ਰਿਸ਼ਟਾਚਾਰ ਨਹੀਂ ਕਰਨ ਦਿੱਤਾ ਜਾਵੇਗਾ। ਜੇ ਕੋਈ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।