ਮਨੀਟਰ
ਸੋਹਣ ਲਾਲ ਗੁਪਤਾ
ਸਾਲ 1994 ਤੋਂ 1996 ਤੱਕ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨੌਰੀ ’ਚ ਅਰਥ ਸ਼ਾਸਤਰ ਦਾ ਲੈਕਚਰਾਰ ਸੀ। ਉਸ ਵੇਲੇ ਸਕੂਲ ਦੇ ਪ੍ਰਿੰਸੀਪਲ ਡਾ. ਅਸ਼ੋਕ ਭੱਲਾ ਸਨ। ਮਿਡਲ ਤੇ ਹਾਈ ਜਮਾਤਾਂ ’ਚ ਸਿਰਫ ਮੁੰਡੇ ਹੁੰਦੇ ਸਨ। ਨੌਵੀ, ਦਸਵੀਂ ਵਾਲੇ ਕਮਰਿਆਂ ਦੇ ਬਿਲਕੁਲ ਨਾਲ ਹੀ ਪ੍ਰਿੰਸੀਪਲ ਦਾ ਦਫ਼ਤਰ ਸੀ। ਕਿਸੇ ਅਧਿਆਪਕ ਦੇ ਛੁੱਟੀ ’ਤੇ ਹੋਣ ਕਰ ਕੇ ਮੈਨੂੰ ਅਕਸਰ ਦਸਵੀਂ ਕਲਾਸ ਨੂੰ ਵੀ ਪੜ੍ਹਾਉਣ ਨੂੰ ਕਿਹਾ ਜਾਂਦਾ। ਮਾਰਚ ਵਿਚ ਸਾਲਾਨਾ ਇਮਤਿਹਾਨ ਹੋਣੇ ਸਨ। ਫਰਵਰੀ ’ਚ ਇੱਕ ਦਿਨ 10ਵੀਂ ਦੇ ਮੁੰਡਿਆਂ ਨੂੰ ਕਿਹਾ ਕਿ ਸਕੂਲ ’ਚ ਬਿਤਾਏ ਸਮੇਂ ਦੀਆਂ ਚੰਗੀਆਂ ਭਾਵੇਂ ਮਾੜੀਆਂ ਗੱਲਾਂ ਲਿਖ ਕੇ ਲਿਆਉਣ।
ਵਿਦਿਆਰਥੀਆਂ ਦੀਆਂ ਇਨ੍ਹਾਂ ਲਿਖਤਾਂ ਵਿਚੋਂ ਇਕ ਨੇ ਝੰਜੋੜ ਕੇ ਰੱਖ ਦਿੱਤਾ। ਉਸ ਦੀ ਹੂ-ਬ-ਹੂ ਲਿਖਤ ਤਾਂ ਮੈਂ ਸਾਂਭ ਕੇ ਨਹੀਂ ਰੱਖੀ ਪਰ ਉਸ ਨੇ ਕੁਝ ਅਜਿਹਾ ਲਿਖਿਆ ਸੀ: ‘ਸਰ ਜੀ, ਮੈਂ ਦਸਵੀਂ ਜਮਾਤ ਦਾ ਮਨੀਟਰ ਹਾਂ। ਜਦੋਂ ਪੀਰੀਅਡ ਖਤਮ ਹੋਣ ’ਤੇ ਘੰਟੀ ਵੱਜਦੀ ਹੈ ਤਾਂ ਮੈਂ ਅਗਲੇ ਪੀਰੀਅਡ ਦੇ ਅਧਿਆਪਕ ਨੂੰ ਸਟਾਫ ਰੂਮ ਵਿਚੋਂ ਬੁਲਾਉਣ ਜਾਂਦਾ ਹਾਂ। ਟੀਚਰ ਲੇਟ ਵੀ ਹੋ ਜਾਂਦੇ ਹਨ। ਮੁੰਡੇ ਰੌਲਾ ਪਾਉਂਦੇ ਹਨ। ਪ੍ਰਿੰਸੀਪਲ ਸਰ ਸ਼ੋਰ ਸੁਣ ਕੇ ਜਮਾਤ ਵਿਚ ਆ ਕੇ ਮੈਨੂੰ ਡੰਡੇ ਅਤੇ ਥੱਪੜ ਮਾਰਦੇ ਹਨ ਕਿ ਤੂੰ ਟੀਚਰ ਨੂੰ ਬੁਲਾਉਣ ਨ੍ਹੀਂ ਗਿਆ। ਜਮਾਤ ਨੂੰ ਚੁੱਪ ਕਰਾਉਣ ਲਈ ਜੇ ਮੈਂ ਕਿਸੇ ਮੁੰਡੇ ਦਾ ਰੋਲ ਨੰਬਰ ਲਿਖ ਲੈਂਦਾ ਹਾਂ ਤਾਂ ਉਹ ਮੁੰਡਾ ਮੇਰੇ ਨਾਲ ਬੋਲਣਾ ਛੱਡ ਦਿੰਦਾ ਹੈ। ਸ਼ਿਕਾਇਤ ਲਾਉਣ ਵਾਲੇ ਕੁਝ ਮੁੰਡਿਆਂ ਨੇ ਸਕੂਲ ਤੋਂ ਬਾਹਰ ਦੋ ਤਿੰਨ ਵਾਰ ਮੇਰੇ ਨਾਲ ਕੁੱਟ-ਮਾਰ ਵੀ ਕੀਤੀ ਹੈ। ਸਰ ਜੀ, ਜੇ ਅਧਿਆਪਕ ਜਮਾਤ ’ਚ ਨਹੀਂ ਆਉਂਦੇ, ਮੁੰਡੇ ਸ਼ੋਰ ਪਾਉਂਦੇ ਹਨ ਤਾਂ ਮੇਰਾ ਕੀ ਕਸੂਰ ਹੈ, ਮੈਨੂੰ ਪ੍ਰਿੰਸੀਪਲ ਸਰ ਤੋਂ ਕੁੱਟ ਕਿਉ ਪੈਂਦੀ ਹੈ?’
ਇਸ ਤੋਂ 15 ਕੁ ਦਿਨ ਬਾਅਦ ਸਕੂਲ ਵਿਚ 11ਵੀਂ ਜਮਾਤ ਦੇ ਲੜਕੇ ਲੜਕੀਆਂ ਨੇ 12ਵੀਂ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਰੱਖੀ। ਚਾਹ-ਪਾਣੀ ਤੋਂ ਬਾਅਦ ਵਿਚਾਰ ਪ੍ਰਗਟ ਕਰਨ ਲਈ ਲਾਨ ਵਿਚ ਪ੍ਰਿੰਸੀਪਲ, ਲੈਕਚਰਾਰ, ਅਧਿਆਪਕ ਅਤੇ ਸੈਕੰਡਰੀ ਜਮਾਤਾਂ ਦੇ ਵਿਦਿਆਰਥੀ ਬੈਠੇ ਸਨ। ਸਟੇਜ ਚਲਾਉਣ ਦੀ ਸੇਵਾ ਮੈਂ ਨਿਭਾਅ ਰਿਹਾ ਸੀ। ਮਨੀਟਰ ਦੀ ਲਿਖਤ ਦਾ ਦੁਖਾਂਤ ਸਾਹਮਣੇ ਲਿਆਉਣ ਦਾ ਮੇਰੇ ਲਈ ਢੁਕਵਾਂ ਤੇ ਵਧੀਆ ਸਮਾਂ ਸੀ। ਮੈਂ ਸੰਬੋਧਨ ਕੀਤਾ: “ਭੱਲਾ ਸਾਹਿਬ, ਮੈਂ ਇਥੇ ਸਕੂਲ ਵਿਚ ਦੇਖਿਆ ਹੈ ਕਿ ਸਵੇਰੇ ਮੁੰਡਿਆਂ ਦੀ ਹਾਜ਼ਰੀ ਮਨੀਟਰ ਲਾਉਂਦਾ ਹੈ, ਉਹ ਲਾਈਨ ਬਣਾ ਕੇ ਜਮਾਤ ਨੂੰ ਪ੍ਰਾਰਥਨਾ ਸਭਾ ਵਿਚ ਲਿਆਉਂਦਾ ਹੈ, ਜੇ ਜਮਾਤ ਵਿਚ ਕੁਰਸੀ ਨਹੀਂ ਤਾਂ ਉਹ ਲੱਭ ਕੇ ਲਿਆਉਦਾ ਹੈ, ਜੇ ਚਾਕ ਮੁੱਕ ਜਾਣ ਤਾਂ ਉਹ ਦਫਤਰ ਵਿਚੋਂ ਚਾਕ ਲਿਆਉਂਦਾ ਹੈ। ਅਧਿਆਪਕ ਲਈ ਪੀਣ ਵਾਸਤੇ ਪਾਣੀ ਲਿਆਉਂਦਾ ਹੈ। ਘੰਟੀ ਵੱਜਣ ’ਤੇ ਅਧਿਆਪਕ ਨੂੰ ਬੁਲਾਉਣ ਜਾਂਦਾ ਹੈ। ਅਧਿਆਪਕ ਦੇ ਪਹੁੰਚਣ ਵਿਚ ਕੁਝ ਸਮਾਂ ਲੱਗ ਜਾਂਦਾ ਹੈ। ਮੁੰਡੇ ਸ਼ੋਰ ਪਾਉਂਦੇ ਹਨ। ਮਨੀਟਰ ਚੁੱਪ ਕਰਾਉਂਦਾ ਹੈ ਅਤੇ ਸ਼ਿਕਾਇਤ ਲਾਉਣ ਦਾ ਡਰਾਵਾ ਦਿੰਦਾ ਹੈ ਤਾਂ ਮੁੰਡੇ ਉਸ ਦੇ ਦੁਸ਼ਮਣ ਬਣ ਜਾਂਦੇ ਹਨ। ਦਫਤਰ ਨੇੜੇ ਹੋਣ ਕਰ ਕੇ ਮੁੰਡਿਆਂ ਦਾ ਸ਼ੋਰ ਸੁਣ ਕੇ ਗੁੱਸੇ ਵਿਚ ਤੁਸੀਂ ਮਨੀਟਰ ਨੂੰ ਸਜ਼ਾ ਦੇ ਦਿੰਦੇ ਹੋ। ਮਨੀਟਰ ਬਨਣ ਲਈ ਅਧਿਆਪਕ ਦਾ ਹੁਕਮ ਵੀ ਉਹ ਨਹੀਂ ਮੋੜਦਾ। ਅਧਿਆਪਕਾਂ ਨੂੰ ਤਾਂ ਤਨਖਾਹ ਮਿਲਦੀ ਹੈ ਪਰ ਬਹੁਤ ਸਾਰੇ ਕੰਮ ਕਰਨ ਦੇ ਬਾਵਜੂਦ ਮਨੀਟਰ ਨੂੰ ਸਜ਼ਾ ਦੇਣੀ ਕਿਥੋਂ ਦੀ ਇਨਸਾਨੀਅਤ ਹੈ। ਮੇਰੇ ਖਿਆਲ ਵਿਚ ਤਾਂ ਸਗੋਂ ਸਾਰੇ ਮਨੀਟਰਾਂ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।”
ਮੇਰੇ ਵਿਚਾਰਾਂ ਨੂੰ ਸਾਰਿਆਂ ਨੇ ਧਿਆਨ ਨਾਲ ਸੁਣਿਆ। ਭੱਲਾ ਜੀ ਗੱਲਾਂ ਸੁਣ ਕੇ ਮੁਸਕਰਾ ਵੀ ਰਹੇ ਸਨ। ਉਨ੍ਹਾਂ ਦੇ ਨੇਕ ਸੁਭਾਅ ਤੋਂ ਵਾਕਿਫ ਹੋਣ ਕਰ ਕੇ ਮੈਨੂੰ ਯਕੀਨ ਸੀ ਕਿ ਹੁਣ ਇਹ ਕਦੇ ਕਿਸੇ ਮਨੀਟਰ ਨੂੰ ਸਜ਼ਾ ਨਹੀਂ ਦੇਣਗੇ। ਜਦੋਂ ਮੈਂ ਫਰਵਰੀ 2002 ਤੋਂ ਫਰਵਰੀ 2007 ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਣਾ ’ਚ ਪ੍ਰਿੰਸੀਪਲ ਰਿਹਾ ਤਾਂ ਮਨੀਟਰਾਂ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦਾ ਸੀ। ਮੈਂ ਅਧਿਆਪਕਾਂ ਦੀ ਕਹੀ ਗੱਲ ਮੰਨਣ ਤੋਂ ਭਾਵੇਂ ਬਹੁਤ ਵਾਰ ਇਨਕਾਰ ਕਰ ਦਿੰਦਾ ਸੀ ਪਰ ਮਨੀਟਰਾਂ ਦੀ ਬੇਨਤੀ ਅਤੇ ਸੁਝਾਵਾਂ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਂਦਾ ਸੀ। ਮੈਂ ਚਾਹੁੰਦਾ ਸੀ ਕਿ ਇਨ੍ਹਾਂ ਵਿਦਿਆਰਥੀਆਂ ਵਿਚ ਚੰਗੀ ਲੀਡਰਸ਼ਿਪ ਵਾਲੇ ਗੁਣ ਵੀ ਪੈਦਾ ਹੋਣ।
ਅਗਸਤ ਦੇ ਪਹਿਲੇ ਹਫ਼ਤੇ ਬਨੂੜ ਦੇ ਇੱਕ ਸਕੂਲ ਦੇ ਵਿਦਿਆਰਥੀਆਂ ਵਾਲੀ ਘਟਨਾ ਨੇ ਝੰਜੋੜ ਸੁੱਟਿਆ ਸੀ। 11ਵੀਂ ਜਮਾਤ ਦੇ ਇੱਕ ਮੁੰਡੇ ਨੂੰ ਇੰਚਾਰਜ ਅਧਿਆਪਕ ਨੇ ਮਨੀਟਰ ਬਣਾਇਆ। ਕੁਝ ਮੁੰਡਿਆਂ ਦੀ ਸ਼ਿਕਾਇਤ ਲਾਉਣ ਕਰ ਕੇ ਉਹ ਮੁੰਡੇ ਮਨੀਟਰ ਨਾਲ ਰੰਜਿਸ਼ ਰੱਖਣ ਲੱਗ ਪਏ। ਅੱਧੀ ਛੁੱਟੀ ਮੁੰਡਿਆਂ ਨੇ ਉਸ ਨੂੰ ਸਕੂਲ ਤੋਂ ਬਾਹਰ ਦੇਖਣ ਦੀ ਧਮਕੀ ਦਿੱਤੀ। ਮਨੀਟਰ ਨੇ ਇਹ ਗੱਲ ਉਸੇ ਸਕੂਲ ਵਿਚ 12ਵੀਂ ਜਮਾਤ ’ਚ ਪੜ੍ਹਦੇ ਆਪਣੇ ਚਚੇਰੇ ਭਰਾ ਨੂੰ ਦੱਸੀ। ਲੜਾਈ ਤੋਂ ਬਚਣ ਲਈ ਉਸ ਨੇ ਉਹਨੂੰ ਦੂਜੇ ਰਸਤੇ ਜਾਣ ਲਈ ਕਹਿ ਦਿੱਤਾ ਪਰ ਛੁੱਟੀ ਤੋਂ ਬਾਅਦ ਮੁੰਡਿਆਂ ਨੇ ਚਚੇਰੇ ਭਰਾ ਉਤੇ ਹੀ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸਕੂਲ ਦੇ ਪ੍ਰਿੰਸੀਪਲ ਦਾ ਬਿਆਨ ਸੀ ਕਿ ਇਹ ਮਾਮਲਾ ਸਕੂਲ ਤੋਂ ਬਾਹਰ ਦਾ ਹੈ। ਕਿੰਨੀ ਅਜੀਬ ਗੱਲ ਹੈ!... ਮਾਪੇ ਆਪਣੇ ਧੀਆਂ ਪੁੱਤਰਾਂ ਨੂੰ ਸਕੂਲਾਂ ਵਿਚ ਪੜ੍ਹਨ ਲਈ ਭੇਜਦੇ ਹਨ, ਉਨ੍ਹਾਂ ਨੂੰ ਮਨੀਟਰ ਬਣਾ ਕੇ ਉਨ੍ਹਾਂ ’ਤੇ ਹਥਿਆਰਾਂ ਨਾਲ ਹਮਲਾ ਕਰਵਾਉਣ ਲਈ ਨਹੀਂ। ਸਿੱਖਿਆ ਸੰਸਥਾਵਾਂ ਦਾ ਫਰਜ਼ ਵਿਦਿਆਰਥੀਆਂ ਨੂੰ ਇੱਕ ਦੂਜੇ ਨੂੰ ਸਹਿਯੋਗ ਦੇਣਾ ਸਿਖਾਉਣਾ ਹੁੰਦਾ ਹੈ, ਮਨੀਟਰ ਬਣਾ ਕੇ ਉਨ੍ਹਾਂ ਵਿਚ ਦੁਸ਼ਮਣੀ ਪੈਦਾ ਕਰਨ ਦਾ ਨਹੀਂ ਪਰ ਅਜਿਹੀ ਸੂਰਤ ਵਿਚ ਕਲਾਸ ਇੰਚਾਰਜ ਅਧਿਆਪਕ ਅਤੇ ਪ੍ਰਿੰਸੀਪਲ ਨੂੰ ਕੌਣ ਤਲਬ ਕਰੇ?
ਮਨੀਟਰ ਪ੍ਰਣਾਲੀ ਅਧਿਆਪਕਾਂ ਦੀ ਵਿਦਿਆਰਥੀਆਂ ਨੂੰ ਪੜ੍ਹਾਉਣ ’ਚ ਮਦਦ ਲਈ ਸ਼ੁਰੂ ਕੀਤੀ ਗਈ ਸੀ। ਹੁਸ਼ਿਆਰ ਵਿਦਿਆਰਥੀ ਨੂੰ ਜਮਾਤ ਦਾ ਮਨੀਟਰ ਬਣਾਇਆ ਜਾਂਦਾ ਸੀ। ਅਧਿਆਪਕ ਦੀ ਗ਼ੈਰ-ਹਾਜ਼ਰੀ ਵਿਚ ਵਿਦਿਆਰਥੀ ਮਨੀਟਰ ਤੋਂ ਉਹ ਚੀਜ਼ ਸਮਝ ਲੈਂਦੇ ਸਨ ਜਿਹੜੀ ਅਧਿਆਪਕ ਦੇ ਪੜ੍ਹਾਉਣ ਵੇਲੇ ਉਨ੍ਹਾਂ ਦੇ ਚੰਗੀ ਤਰ੍ਹਾਂ ਸਮਝ ਨਹੀਂ ਸੀ ਆਈ ਹੁੰਦੀ। ਜਮਾਤੀ ਨੂੰ ਸਮਝਾਉਣ ਕਰ ਕੇ ਮਨੀਟਰ ਦੇ ਖੁਦ ਵੀ ਉਹ ਚੀਜ਼ ਪੱਕ ਜਾਂਦੀ ਸੀ ਅਤੇ ਮਨੀਟਰ ਲਈ ਵਿਦਿਆਰਥੀ ਦੇ ਦਿਲ ਵਿਚ ਸਹਿਯੋਗ ਦੀ ਭਾਵਨਾ ਪੈਦਾ ਹੋ ਜਾਂਦੀ ਸੀ।
ਵਰਤਮਾਨ ਸਮੇਂ ਦੀ ਸਿੱਖਿਆ ਪ੍ਰਣਾਲੀ ਵਿਚ ਅਧਿਆਪਕਾਂ ਵੱਲੋਂ ਮਨੀਟਰਾਂ ਜਿ਼ੰਮੇ ਲਾਈਆਂ ਜਾ ਰਹੀਆਂ ਡਿਊਟੀਆਂ ਉਨ੍ਹਾਂ ਲਈ ਨੁਕਸਾਨਦੇਹ ਸਾਬਤ ਹੋਣ ਤੋਂ ਇਲਾਵਾ ਇਨ੍ਹਾਂ ਦਾ ਕੈਰੀਅਰ ਤਬਾਹ ਕਰ ਰਹੀਆਂ ਹਨ। ਇਨ੍ਹਾਂ ਡਿਊਟੀਆਂ ’ਤੇ ਸਖਤੀ ਨਾਲ ਪਾਬੰਦੀ ਲਾਉਣ ਦੀ ਲੋੜ ਹੈ। ਜਮਾਤ ਵਿਚ ਅਨੁਸ਼ਾਸਨ ਕਾਇਮ ਰੱਖਣ ਦੀ ਜਿ਼ੰਮੇਵਾਰੀ ਤਨਖਾਹ ਲੈਣ ਵਾਲੇ ਅਧਿਆਪਕਾਂ ਨੂੰ ਨਿਭਾਉਣੀ ਚਾਹੀਦੀ ਹੈ। ਸਿੱਖਿਆ ਮਹਿਕਮੇ ਨੂੰ ਜਮਾਤਾਂ ਦੇ ਮਨੀਟਰ ਬਣਾਉਣ ਬਾਰੇ ਹਦਾਇਤਾਂ ਭੇਜਣੀਆਂ ਚਾਹੀਦੀਆਂ ਹਨ ਤਾਂ ਜੋ ਮਨੀਟਰ ਵੀ ਆਪਣੇ ਜਮਾਤੀਆਂ ਨਾਲ ਬਿਨਾ ਵੈਰ ਵਿਰੋਧ ਹੋਰ ਵਿਦਿਆਰਥੀਆਂ ਵਾਂਗ ਆਪਣੀ ਪੜ੍ਹਾਈ ਸੁਚੱਜੇ ਢੰਗ ਨਾਲ ਕਰ ਸਕਣ।
ਸੰਪਰਕ: 98144-84161