ਮੰਗੋਲੀਆ ਵੱਲੋਂ ਪੂਤਿਨ ਨੂੰ ਗ੍ਰਿਫ਼ਤਾਰ ਕਰਨ ਤੋਂ ਇਨਕਾਰ
ਉਲਾਨਬਾਤਾਰ, 3 ਸਤੰਬਰ
ਮੰਗੋਲੀਆ ਨੇ ਕੌਮਾਂਤਰੀ ਫੌਜਦਾਰੀ ਅਦਾਲਤ (ਆਈਸੀਸੀ) ਵੱਲੋਂ ਜਾਰੀ ਵਾਰੰਟਾਂ ਦੇ ਹਵਾਲੇ ਨਾਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਗ੍ਰਿਫ਼ਤਾਰ ਕਰਨ ਤੋਂ ਨਾਂਹ ਕਰ ਦਿੱਤੀ ਹੈ। ਪੂਤਿਨ ਇਸ ਵੇਲੇ ਮੰਗੋਲੀਆ ਦੇ ਆਪਣੇ ਪਲੇਠੇ ਦੌਰੇ ’ਤੇ ਹਨ। ਮੰਗੋਲੀਆ ਆਈਸੀਸੀ ਦਾ ਮੈਂਬਰ ਹੈ ਤੇ ਕੋਰਟ ਨੇ 18 ਮਹੀਨੇ ਪਹਿਲਾਂ ਉਪਰੋਕਤ ਵਾਰੰਟ ਜਾਰੀ ਕੀਤਾ ਸੀ। ਉਂਜ ਰੂਸੀ ਸਦਰ ਦੇ ਇਸ ਤਜਵੀਜ਼ਤ ਦੌਰੇ ਤੋਂ ਪਹਿਲਾਂ ਯੂਕਰੇਨ ਨੇ ਮੰਗੋਲੀਆ ਨੂੰ ਸੱਦਾ ਦਿੱਤਾ ਸੀ ਕਿ ਉਹ ਪੂਤਿਨ ਨੂੰ ਦਿ ਹੇਗ ਸਥਿਤ ਕੋਰਟ ਦੇ ਹਵਾਲੇ ਕਰ ਦੇਵੇ। ਉਧਰ ਯੂਰੋਪੀਅਨ ਯੂਨੀਅਨ ਨੇ ਫ਼ਿਕਰ ਜਤਾਇਆ ਹੈ ਕਿ ਮੰਗੋਲੀਆ ਸ਼ਾਇਦ ਵਾਰੰਟਾਂ ਦੀ ਤਾਮੀਲ ਨਾ ਕਰੇ।
ਪੂਤਿਨ ਦੇ ਤਰਜਮਾਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕਰੈਮਲਿਨ ਨੂੰ ਰੂਸੀ ਸਦਰ ਦੀ ਮੰਗੋਲੀਆ ਫੇਰੀ ਬਾਰੇ ਕੋਈ ਫ਼ਿਕਰ ਨਹੀਂ ਹੈ। ਉਂਜ ਵਾਰੰਟਾਂ ਕਰਕੇ ਮੰਗੋਲੀਅਨ ਸਰਕਾਰ ਦੀ ਸਥਿਤੀ ਥੋੜ੍ਹੀ ਮੁਸ਼ਕਲ ਜ਼ਰੂਰ ਬਣ ਗਈ ਹੈ। ਕਿਉਂਕਿ ਕੌਮਾਂਤਰੀ ਫੌਜਦਾਰੀ ਕੋਰਟ ਦੇ ਮੈਂਬਰਾਂ ਨੂੰ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਦੀ ਸੂਰਤ ਸਬੰਧਤ ਮਸ਼ਕੂਕ ਨੂੰ ਹਿਰਾਸਤ ਵਿਚ ਲੈਣਾ ਹੁੰਦਾ ਹੈ। ਮੰਗੋਲੀਆ, ਜੋ ਰੂਸੀ ਸਰਹੱਦ ਨਾਲ ਘਿਰਿਆ ਹੈ, ਈਂਧਣ ਤੇ ਬਿਜਲੀ ਦੀਆਂ ਆਪਣੀਆਂ ਲੋੜਾਂ ਲਈ ਪੂਰੀ ਤਰ੍ਹਾਂ ਗੁਆਂਂਢੀ ਮੁਲਕ ’ਤੇ ਨਿਰਭਰ ਹੈ। ਮੰਗੋਲੀਆ ਪੁੱਜਣ ’ਤੇ ਰੂਸੀ ਆਗੂ ਦਾ ਉਲਾਨਬਾਤਾਰ ਦੇ ਮੁੱਖ ਚੌਰਾਹੇ ਉੱਤੇ ਸ਼ਾਨਦਾਰ ਸਵਾਗਤ ਕੀਤਾ ਗਿਆ। -ਏਪੀ