ਮਨੀ ਲਾਂਡਰਿੰਗ: ਈਡੀ ਵੱਲੋਂ ਗੈਂਗਸਟਰ ਚੀਕੂ ਗ੍ਰਿਫ਼ਤਾਰ
ਨਵੀਂ ਦਿੱਲੀ, 21 ਫਰਵਰੀ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲਾਰੈਂਸ ਬਿਸ਼ਨੋਈ ਗੈਂਗ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਮਨੀ ਲਾਂਡਰਿੰਗ ਦੀ ਜਾਂਚ ਤਹਿਤ ਸੁਰਿੰਦਰ ਸਿੰਘ ਉਰਫ਼ ਚੀਕੂ ਨੂੰ ਅੱਜ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਚੀਕੂ ਨੂੰ ਪੰਚਕੂਲਾ ਵਿੱਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਨੇ ਉਸ ਨੂੰ ਪੰਜ ਦਿਨ ਦੀ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਕੇਂਦਰੀ ਏਜੰਸੀ ਨੇ ਪਿਛਲੇ ਸਾਲ 5 ਦਸੰਬਰ ਨੂੰ ਹਰਿਆਣਾ ਅਤੇ ਰਾਜਸਥਾਨ ਵਿੱਚ ਚੀਕੂ ਅਤੇ ਕੁੱਝ ਹੋਰ ਵਿਅਕਤੀਆਂ ਨਾਲ ਸਬੰਧਤ ਕੁੱਲ 13 ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਚੀਕੂ ਇੱਕ ਗੈਂਗਸਟਰ ਹੋਣ ਦੇ ਨਾਲ ਹੀ ਬਿਸ਼ਨੋਈ ਅਤੇ ਖਾਲਿਸਤਾਨੀ ਜਥੇਬੰਦੀਆਂ ਦਾ ਕਰੀਬੀ ਸਹਿਯੋਗੀ ਵੀ ਦੱਸਿਆ ਗਿਆ ਹੈ। ਈਡੀ ਨੇ ਦੋਸ਼ ਲਾਇਆ ਕਿ ਸੁਰਿੰਦਰ ਉਰਫ਼ ਚੀਕੂ ਦਾ ਲਾਰੈਂਸ ਬਿਸ਼ਨੋਈ ਗੈਂਗ ਅਤੇ ਖਾਲਿਸਤਾਨੀ ਜਥੇਬੰਦੀਆਂ ਨਾਲ ‘ਸਿੱਧਾ ਸਬੰਧ’ ਹੈ ਅਤੇ ਉਸ ਨੇ ਆਪਣੇ ਸਹਿਯੋਗੀਆਂ ਰਾਹੀਂ ਖਣਨ, ਸ਼ਰਾਬ ਅਤੇ ਟੌਲ ਕਾਰੋਬਾਰ ਰਾਹੀਂ ਪੈਦਾ ‘ਅਪਰਾਧ ਦੀ ਆਮਦਨ’ ਦਾ ਨਿਵੇਸ਼ ਕੀਤਾ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਕੂ ਨੇ ‘ਗ਼ੈਰਕਾਨੂੰਨੀ ਤੌਰ’ ਕਮਾਏ ਪੈਸੇ ਨੂੰ ਦੋ ਕੰਪਨੀਆਂ ਅਤੇ ਉਸ ਦੇ ਨਿਰਦੇਸ਼ਕਾਂ ਰਾਹੀਂ ਨਿਵੇਸ਼ ਕੀਤਾ ਹੈ, ਜੋ ਉਸ ਦੇ ਸਹਿਯੋਗੀ ਸਨ। ਏਜੰਸੀ ਨੇ ਦੋਵਾਂ ਸਹਿਯੋਗੀਆਂ ਦੀ ਪਛਾਣ ਐੱਮਡੀਆਰ ਐਂਟਰਪ੍ਰਾਈਜਿਜ਼ ਪ੍ਰਾਈਵੇਟ ਲਿਮਟਡ ਨਾਮਕ ਕੰਪਨੀ ਦੇ ਨਿਰਦੇਸ਼ਕਾਂ ਸਤੀਸ਼ ਕੁਮਾਰ ਅਤੇ ਵਿਕਾਸ ਕੁਮਾਰ ਵਜੋਂ ਕੀਤੀ ਹੈ। ਕੰਪਨੀ 12 ਅਕਤੂਬਰ 2020 ਵਿੱਚ ਬਣਾਈ ਗਈ ਸੀ।