Money laundering case: ਈਡੀ ਨੇ ਅਦਾਕਾਰ ਮਹੇਸ਼ ਬਾਬੂ ਨੂੰ ਪੁੱਛ-ਪੜਤਾਲ ਲਈ ਸੱਦਿਆ
ਹੈਦਰਾਬਾਦ, 22 ਅਪਰੈਲ
ਐੱਨਫੋਰਸਮੈਂਟ ਡਾਇਰੈਕਟੋਰੇਟ(ED) ਨੇ ਤੇਲਗੂ ਅਦਾਕਾਰ ਮਹੇਸ਼ ਬਾਬੂ ਨੂੰ ਕਥਿਤ ਰੀਅਲ ਅਸਟੇਟ ਧੋਖਾਧੜੀ ਦੇ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਪੁੱਛ ਪੜਤਾਲ ਲਈ ਤਲਬ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ 49 ਸਾਲਾ ਬਾਬੂ ਨੂੰ 28 ਅਪਰੈਲ ਨੂੰ ਇੱਥੇ ਸੰਘੀ ਜਾਂਚ ਏਜੰਸੀ ਦੇ ਦਫ਼ਤਰ ਵਿੱਚ ਪੇਸ਼ ਹੋਣ ਅਤੇ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਤਹਿਤ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ।
ਇਹ ਮਾਮਲਾ ਸਾਈ ਸੂਰਿਆ ਡਿਵੈਲਪਰਜ਼, ਜੋ ਕਿ ਵੇਂਗਲ ਰਾਓ ਨਗਰ ਸਥਿਤ ਇੱਕ ਪ੍ਰਮੁੱਖ ਰੀਅਲ ਅਸਟੇਟ ਫਰਮ ਹੈ, ਸੁਰਾਨਾ ਗਰੁੱਪ ਅਤੇ ਕੁਝ ਹੋਰਾਂ ਨਾਲ ਸਬੰਧਤ ਹੈ। ਈਡੀ ਨੇ 16 ਅਪਰੈਲ ਨੂੰ ਸਿਕੰਦਰਾਬਾਦ, ਜੁਬਲੀ ਹਿਲਜ਼ ਅਤੇ ਬੋਵਨਪੱਲੀ ਵਿੱਚ ਸਥਿਤ ਅਹਾਤਿਆਂ ’ਤੇ ਛਾਪਾ ਮਾਰਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਬਾਬੂ ਤੋਂ ਹਾਲਾਂਕਿ ਇਸ ਵੇਲੇ ਮੁਲਜ਼ਮ ਵਜੋਂ ਜਾਂਚ ਨਹੀਂ ਕੀਤੀ ਜਾ ਰਹੀ ਹੈ ਅਤੇ ਹੋ ਸਕਦਾ ਹੈ ਕਿ ਉਹ ਘੁਟਾਲੇ ਵਿੱਚ ਸ਼ਾਮਲ ਨਾ ਹੋਵੇ। ਉਨ੍ਹਾਂ ਕਿਹਾ ਕਿ ਏਜੰਸੀ 5.9 ਕਰੋੜ ਰੁਪਏ ਦੇ ਲੈਣ-ਦੇਣ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਅਦਾਕਾਰ ਨੂੰ ਕੰਪਨੀਆਂ ਤੋਂ ਚੈੱਕ ਅਤੇ ਨਕਦੀ ਰਾਹੀਂ ਸਮਰਥਨ ਫੀਸ ਵਜੋਂ ਪ੍ਰਾਪਤ ਹੋਏ ਸਨ। ਅਦਾਕਾਰ ਦਾ ਪੱਖ ਜਾਣਨ ਲਈ ਉਸ ਨਾਲ ਸੰਪਰਕ ਨਹੀਂ ਹੋ ਸਕਿਆ। -ਪੀਟੀਆਈ