For the best experience, open
https://m.punjabitribuneonline.com
on your mobile browser.
Advertisement

ਕਣਕ ’ਚ ਨਮੀ ਤੇ ਕਿਸਾਨਾਂ ਦਾ ਪਾਰਾ ਵਧਿਆ

07:17 AM Apr 19, 2024 IST
ਕਣਕ ’ਚ ਨਮੀ ਤੇ ਕਿਸਾਨਾਂ ਦਾ ਪਾਰਾ ਵਧਿਆ
ਮਾਨਸਾ ਵਿੱਚ ਮੁੱਖ ਮਾਰਗ ’ਤੇ ਲਾਏ ਧਰਨੇ ਦੌਰਾਨ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ ਜਗਸੀਰ ਸਿੰਘ ਜਵਾਹਰਕੇ। -ਫੋਟੋ: ਸੁਰੇਸ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 18 ਅਪਰੈਲ
ਕਣਕ ਦੀ ਵਾਢੀ ਮਾਲਵਾ ਖੇਤਰ ਵਿੱਚ ਪੂਰੇ ਸਿਖਰ ’ਤੇ ਹੈ ਪਰ ਇਸਦੇ ਬਾਵਜੂਦ ਖਰੀਦ ਕੇਂਦਰ ਵਿੱਚ ਬਾਰਦਾਨੇ ਦੀ ਘਾਟ ਸਮੇਤ ਸੁਸਤ ਖਰੀਦ ਪ੍ਰਬੰਧਾਂ ਨੇ ਕਿਸਾਨਾਂ ਨੂੰ ਮੁੜ੍ਹਕਾ ਲਿਆ ਦਿੱਤਾ ਹੈ। ਕਣਕ ਦੀ ਖਰੀਦ ਨਾ ਹੋਣ ’ਤੇ ਕਿਸਾਨ ਸੜਕਾਂ ’ਤੇ ਉਤਰ ਆਏ ਹਨ। ਮਾਨਸਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਸਾਹਮਣੇ ਅੱਜ ਦੋ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਸਿਰਸਾ-ਲੁਧਿਆਣਾ ਮੁੱਖ ਮਾਰਗ ’ਤੇ ਜਾਮ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਜਾਮ ਲੱਗਣ ਕਾਰਨ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਸਾਰੇ ਪ੍ਰਬੰਧ ਫ਼ਟਾਫ਼ਟ ਕਰਨ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਜਾਮ ਖੋਲ੍ਹਿਆ।
ਕਿਸਾਨ ਆਗੂ ਜਗਸੀਰ ਸਿੰਘ ਜਵਾਹਰਕੇ ਅਤੇ ਰਾਜ ਸਿੰਘ ਅਕਲੀਆ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਕਿਸਾਨ ਕਣਕ ਲੈ ਕੇ ਮੰਡੀਆਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਬੈਠੇ ਸਰਕਾਰੀ ਖਰੀਦ ਦੀ ਉਡੀਕ ਕਰ ਰਹੇ ਹਨ ਪਰ ਖਰੀਦ ਏਜੰਸੀਆਂ ਦੇ ਅਧਿਕਾਰੀ ਕਣਕ ਵਿੱਚ ਨਮੀ ਵੱਧ ਹੋਣ ਦਾ ਬਹਾਨਾ ਲਾ ਕੇ ਖਰੀਦ ਕਰਨ ਵਿੱਚ ਟਾਲਮਟੋਲ ਕਰ ਰਹੇ ਹਨ ਜਦਕਿ ਪੰਜਾਬ ਸਰਕਾਰ ਪਹਿਲੀ ਅਪਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਵੱਡੇ-ਵੱਡੇ ਵਾਅਦੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨੀ ਹਕੀਕਤ ਤੱਥਾਂ ਤੋਂ ਕੋਹਾਂ ਦੂਰ ਹੈ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਏਐੱਫਐੱਸਓ ਸੰਜੀਵ ਭਾਟੀਆ ਅਤੇ ਤਹਿਸੀਲਦਾਰ ਪ੍ਰਵੀਨ ਕੁਮਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕੱਲ੍ਹ ਤੱਕ ਮੰਡੀਆਂ ਵਿੱਚ ਖਰੀਦ ਦੀ ਪ੍ਰਕਿਰਿਆ ਤੇਜ਼ ਕਰਕੇ ਕਿਸਾਨਾਂ ਦੀ ਫ਼ਸਲ ਖਰੀਦ ਲਈ ਜਾਵੇਗੀ ਜਿਸ ਮਗਰੋਂ ਕਿਸਾਨਾਂ ਵੱਲੋਂ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਭਾਨ ਸਿੰਘ ਬਰਨਾਲਾ, ਕਰਮ ਸਿੰਘ, ਜਗਰਾਜ ਸਿੰਘ ਮਾਨਸਾ, ਹਰਦੇਵ ਸਿੰਘ ਬੁਰਜ ਰਾਠੀ, ਸਿੰਦਰਪਾਲ ਕੌਰ, ਕੁਲਵਿੰਦਰ ਕੌਰ ਅਕਲੀਆ ਨੇ ਵੀ ਸੰਬੋਧਨ ਕੀਤਾ। ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਹੋਰਨਾਂ ਕਿਸਾਨ ਆਗੂਆਂ ਨੂੰ ਲੈਕੇ ਅੱਜ ਮਾਨਸਾ, ਬੁਢਲਾਡਾ, ਝੁਨੀਰ ਅਤੇ ਸਰਦੂਲਗੜ੍ਹ ਦੇ ਵੱਖ-ਵੱਖ ਖਰੀਦ ਕੇਂਦਰਾਂ ਦਾ ਦੌਰਾ ਕਰਨ ਤੋਂ ਬਾਅਦ ਪ੍ਰਸ਼ਾਸਨ ਦੇ ਸੁਸਤ ਖਰੀਦ ਪ੍ਰਬੰਧਾਂ ਦੀ ਨਿੰਦਾ ਕਰਦਿਆਂ ਕੱਲ੍ਹ ਤੋਂ ਖਰੀਦ ਕੇਂਦਰਾਂ ਵਿੱਚ ਜਿੰਮੇਵਾਰ ਅਧਿਕਾਰੀਆਂ ਦੇ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੌਸਮ ਦੇ ਖ਼ਰਾਬ ਹੋਣ ਕਾਰਨ ਖੇਤ ’ਚ ਖੜ੍ਹੀ ਅਤੇ ਮੰਡੀਆਂ ਵਿੱਚ ਰੁਲ ਰਹੀ ਫਸਲ ਦੇ ਫ਼ਿਕਰ ਕਾਰਨ ਕਿਸਾਨ ਚਿੰਤਾ ਵਿਚ ਹਨ।

Advertisement

ਮਜ਼ਦੂਰ ਯੂਨੀਅਨ ਵੱਲੋਂ ਖਰੀਦ ਬੰਦ ਕਰਕੇ ਹੜਤਾਲ

ਬੱਲੂਆਣਾ (ਪੱਤਰ ਪ੍ਰੇਰਕ): ਆੜ੍ਹਤੀਆ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਦੇ ਰਵੱਈਏ ਖ਼ਿਲਾਫ਼ ਤੋਲਾ ਮਜ਼ਦੂਰ ਯੂਨੀਅਨ ਵੱਲੋਂ ਅਬੋਹਰ ਦੀ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਦਾ ਮੁਕੰਮਲ ਬਾਈਕਾਟ ਕਰਦੇ ਹੋਏ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਦੇ ਪ੍ਰਧਾਨ ਅਮਰਨਾਥ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੇ ਅੱਜ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦੀ ਦੁਕਾਨ ਦੇ ਬਾਹਰ ਧਰਨਾ ਲਾ ਕੇ ਗੁੱਸੇ ਦਾ ਪ੍ਰਗਟਾਵਾ ਕੀਤਾ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਮਜ਼ਦੂਰਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਮਸਲਾ ਹੱਲ ਕਰ ਲਿਆ ਜਾਵੇਗਾ।

Advertisement
Author Image

joginder kumar

View all posts

Advertisement
Advertisement
×