ਮੋਹਨ ਬਾਗਾਨ ਨੇ 23 ਸਾਲ ਮਗਰੋਂ ਡੂਰੰਡ ਕੱਪ ਜਿੱਤਿਆ
ਕੋਲਕਾਤਾ, 3 ਸਤੰਬਰ
ਦਿਮਿਤਰੀ ਪੇਟਰਾਟੋਸ ਦੇ ਸ਼ਾਨਦਾਰ ਗੋਲ ਸਦਕਾ 10 ਖਿਡਾਰੀਆਂ ਨਾਲ ਖੇਡ ਰਹੇ ਮੋਹਨ ਬਾਗਾਨ ਸੁਪਰ ਜਾਇੰਟ ਨੇ ਅੱਜ ਇੱਥੇ ਫਾਈਨਲ ਵਿੱਚ ਵਿਰੋਧੀ ਈਸਟ ਬੰਗਾਲ ਨੂੰ 1-0 ਨਾਲ ਹਰਾ ਕੇ 23 ਸਾਲ ਮਗਰੋਂ ਡੂਰੰਡ ਕੱਪ ਫੁਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤਿਆ।
ਅਨਿਰੁਧ ਥਾਪਾ ਨੂੰ 62ਵੇਂ ਮਿੰਟ ਵਿੱਚ ਬਾਹਰ ਕੀਤੇ ਜਾਣ ਮਗਰੋਂ ਮੋਹਨ ਬਾਗਾਨ ਨੂੰ ਬਾਕੀ ਮੁਕਾਬਲਾ 10 ਖਿਡਾਰੀਆਂ ਨਾਲ ਖੇਡਣਾ ਪਿਆ। ਹਾਲਾਂਕਿ ਪੇਟਰਾਟੋਸ ਨੇ 71ਵੇਂ ਮਿੰਟ ਵਿੱਚ ਗੋਲ ਦਾਗ ਕੇ ਮੋਹਨ ਬਾਗਾਨ ਨੂੰ ਲੀਡ ਦਿਵਾਈ, ਜੋ ਫ਼ੈਸਲਾਕੁੰਨ ਸਾਬਤ ਹੋਈ।
ਆਸਟਰੇਲੀਆ ਦੇ ਪੇਟਰਾਟੋਸ ਨੇ ਕਾਊਂਟਰ ਅਟੈਕ ’ਤੇ ਆਪਣੇ ਦਮ ’ਤੇ ਈਸਟ ਬੰਗਾਲ ਦੇ ਡਿਫੈਂਸ ਨੂੰ ਪਛਾੜਿਆ ਅਤੇ ਫਿਰ 25 ਯਾਰਡ ਦੀ ਦੂਰੀ ਤੋਂ ਸ਼ਾਨਦਾਰ ਸ਼ਾਟ ਲਗਾ ਕੇ ਗੋਲ ਕੀਤਾ। ਇਹ ਮੋਹਨ ਬਾਗਾਨ ਦਾ 17ਵਾਂ ਡੂਰੰਡ ਕੱਪ ਖਿਤਾਬ ਹੈ। ਟੀਮ ਨੇ ਪਿਛਲਾ ਡੂਰੰਡ ਕੱਪ 2000 ਵਿੱਚ ਮਹਿੰਦਰਾ ਯੂਨਾਈਟਿਡ ਨੂੰ ਗੋਲਡਨ ਗੋਲ ਜ਼ਰੀਏ ਹਰਾ ਕੇ ਜਿੱਤਿਆ ਸੀ। ਈਸਟ ਬੰਗਾਲ ਦੇ ਕੋਚ ਕਾਰਲਸ ਕੁਆਡਰੇਟ ਨੇ ਬਰਾਬਰੀ ਹਾਸਲ ਕਰਨ ਦੇ ਇਰਾਦੇ ਨਾਲ ਆਖ਼ਰੀ 10 ਮਿੰਟ ਵਿੱਚ ਤਿੰਨ ਬਦਲਾਅ ਕਰਦਿਆਂ ਨਿਸ਼ੂ ਕੁਮਾਰ, ਵੀਪੀ ਸੁਹੇਰ ਅਤੇ ਐਡਵਿਨ ਵੰਸਪਾਲ ਨੂੰ ਮੈਦਾਨ ’ਚ ਉਤਾਰਿਆ ਪਰ ਟੀਮ ਗੋਲ ਨਹੀਂ ਕਰ ਸਕੀ। ਈਸਟ ਬੰਗਾਲ ਦੀ ਟੀਮ ਨੇ ਸੀਨੀਅਰ ਪੱਧਰ ’ਤੇ ਪਿਛਲਾ ਕੌਮੀ ਪੱਧਰ ਦਾ ਖਿਤਾਬ 2012 ਵਿੱਚ ਫੈਡਰੇਸ਼ਨ ਕੱਪ ਵਜੋਂ ਜਿੱਤਿਆ ਸੀ। -ਪੀਟੀਆਈ