ਮੋਹਣ ਮਤਿਆਲਵੀ ਨੂੰ ਮਿਲਿਆ ‘ਪ੍ਰਮਿੰਦਰਜੀਤ ਯਾਦਗਾਰੀ ਐਵਾਰਡ’
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 23 ਮਾਰਚ
ਅੱਖਰ ਸਾਹਿਤ ਅਕਾਦਮੀ (ਅੰਮ੍ਰਿਤਸਰ) ਅਤੇ ਡਾ. ਕੁਲਵੰਤ ਯਾਦਗਾਰੀ ਟਰੱਸਟ (ਅੰਮ੍ਰਿਤਸਰ) ਵੱਲੋਂ ਵਿਰਸਾ ਵਿਹਾਰ ਵਿੱਚ ਪਰਮਿੰਦਰਜੀਤ ਅਤੇ ਡਾ. ਕੁਲਵੰਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਡਾ. ਹਰਭਜਨ ਸਿੰਘ ਭਾਟੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਾਲ ਸਮਾਗਮ ਦੀ ਪ੍ਰਧਾਨਗੀ ਅੱਖਰ ਦੇ ਸਰਪ੍ਰਸਤ ਡਾ. ਵਿਕਰਮਜੀਤ, ਡਾ. ਨਰੇਸ਼ ਕੁਮਾਰ, ਐਸ.ਪਰਸ਼ੋਤਮ ਤੇ ਡਾ. ਮਨਕੁਲ ਨੇ ਸਾਂਝੇ ਰੂਪ ਵਿੱਚ ਕੀਤੀ। ਮੰਚ ਸੰਚਾਲਨ ਕਰਦਿਆਂ ‘ਅੱਖਰ’ ਦੇ ਸੰਪਾਦਕ ਵਿਸ਼ਾਲ ਨੇ ਪ੍ਰੋਗਰਾਮ ਇੱਕ ਲੜੀ ਵਿੱਚ ਪਰੋਅ ਕੇ ਪੇਸ਼ ਕੀਤਾ।
ਲੇਖਕ ਨਿਰਮਲ ਅਰਪਨ ਨੂੰ ‘ਡਾ. ਕੁਲਵੰਤ ਯਾਦਗਾਰੀ ਪੁਰਸਕਾਰ ਐਵਾਰਡ’ ਅਤੇ ਸ਼ਾਇਰ ਮੋਹਣ ਮਤਿਆਲਵੀ ਨੂੰ ‘ਪ੍ਰਮਿੰਦਰਜੀਤ ਯਾਦਗਾਰੀ ਐਵਾਰਡ’ ਨਾਲ ਸਨਮਾਨਿਆ ਗਿਆ। ਡਾ. ਭਾਟੀਆ ਨੇ ਕਿਹਾ ਕਿ ਡਾ. ਕੁਲਵੰਤ ਇਨਸਾਨੀ ਗੁਣਾਂ ਨਾਲ ਭਰਪੂਰ ਸੀ, ਇਸ ਕਰਕੇ ਉਹ ਬਹੁਤ ਪਿਆਰਾ ਹੈ। ਇਸ ਦੌਰਾਨ ਬਰਕਤ ਵੋਹਰਾ, ਡਾ. ਬਲਜੀਤ ਸਿੰਘ ਢਿੱਲੋਂ, ਪੂਰਨ ਪਿਆਸਾ, ਭੀਮ ਸੈਨ, ਪਰਮਿੰਦਰਜੀਤ ਦੇ ਬੇਟੇ ਰੂਬੀ, ਬਖਤੌਰ ਧਾਲੀਵਾਲ, ਪ੍ਰੋ. ਐੱਸ.ਪੀ ਅਰੋੜਾ ਨੇ ਪ੍ਰਮਿੰਦਰਜੀਤ, ਡਾ. ਕੁਲਵੰਤ, ਅੱਖਰ ਮੈਗਜ਼ੀਨ ਅਤੇ ਸਨਮਾਨਿਤ ਸ਼ਖ਼ਸੀਅਤਾਂ ਸਬੰਧੀ ਮਹੱਤਵਪੂਰਨ ਟਿੱਪਣੀਆਂ ਕੀਤੀਆਂ। ਸੂਫੀ ਗਾਇਕ ਸੁਰਿੰਦਰ ਸਾਗਰ ਨੇ ਸੁਲਤਾਨ ਬਾਹੂ ਦਾ ਕਲਾਮ ਪੇਸ਼ ਕੀਤਾ।