For the best experience, open
https://m.punjabitribuneonline.com
on your mobile browser.
Advertisement

ਮੋਹਨ ਕਿੰਝ ਬਣਦਾ ਤੂੰ ਸ਼ਾਇਰ...

06:48 AM Nov 03, 2024 IST
ਮੋਹਨ ਕਿੰਝ ਬਣਦਾ ਤੂੰ ਸ਼ਾਇਰ
ਕਵੀ ਦਰਬਾਰ ਵਿੱਚ ਕਵਿਤਾ ਸੁਣਾਉਂਦੇ ਹੋਏ ਪ੍ਰੋਫੈਸਰ ਮੋਹਨ ਸਿੰਘ।
Advertisement

ਸੀ. ਮਾਰਕੰਡਾ

Advertisement

ਪ੍ਰੋਫੈਸਰ ਮੋਹਨ ਸਿੰਘ ਪੰਜਾਬੀ ਦਾ ਇੱਕ ਅਜਿਹਾ ਕਵੀ ਹੋਇਆ ਜਿਸ ਦੀ ਕਵਿਤਾ ਵਿਚਲੀ ਸੁਚੱਜਤਾ, ਗੰਭੀਰਤਾ ਅਤੇ ਸਿਖਰ ਦੇ ਕਲਾਤਮਿਕ ਗੁਣਾਂ ਸਦਕਾ ਉਹ ਆਪਣੇ ਨਾਂ ਨਾਲ ਯੁੱਗ ਕਵੀ ਦੇ ਲਕਬ ਨਾਲ ਪੁਕਾਰੇ ਜਾਣ ਵਾਲੇ ਮੁੱਢਲੇ ਸ਼ਾਇਰ ਵਜੋਂ ਸਥਾਪਤ ਹੋਇਆ। ਵੀਹ ਅਕਤੂਬਰ 1905 ਵਿੱਚ ਜਨਮੇ ਇਸ ਪੋਠੋਹਾਰੀ ਕਵੀ ਨੇ ਰਵਾਇਤੀ ਸਟੇਜੀ ਕਵਿਤਾ ਦੇ ਜਮੂਦ ਨੂੰ ਤੋੜ ਕੇ ਆਧੁਨਿਕ ਕਵਿਤਾ ਵਜੋਂ ਪ੍ਰਭਾਸ਼ਿਤ ਕੀਤਾ। ਮੋਹਨ ਸਿੰਘ ਦੀ ਰਚੀ ਕਮਾਲ ਦੀ ਇਸ ਕਵਿਤਾ ਨੂੰ ਇੰਨਾ ਸਲਾਹਿਆ ਤੇ ਵਡਿਆਇਆ ਕਿ ਪੰਜਾਬੀ ਪਾਠਕਾਂ ਨੇ ਅਜੇ ਤੱਕ ਆਪਣੇ ਚੇਤਿਆਂ ਦੀ ਚੰਗੇਰ ’ਚੋਂ ਉਸ ਦੀਆਂ ਰਚਨਾਵਾਂ ਨੂੰ ਭੁੰਜੇ ਨਹੀਂ ਡਿੱਗਣ ਦਿੱਤਾ। ਸ਼ੁੁਰੂਆਤੀ ਦੌਰ ਵਿੱਚ ਉਸ ਦੀ ਕਵਿਤਾ ਰੁਮਾਂਸ ਅਤੇ ਮੁਹੱਬਤ ਦੇ ਰੰਗ ਵਿੱਚ ਰੰਗੀ ਹੋਣ ਕਰਕੇ ਹਰ ਉਮਰ ਦੇ ਪਾਠਕ ਨੂੰ ਪੋਂਹਦੀ ਸੀ। ਸਮਕਾਲ ਦੀਆਂ ਸਮਾਜਿਕ ਤੇ ਰਾਜਨੀਤਕ ਲਹਿਰਾਂ ਤੋਂ ਮੋਹਨ ਸਿੰਘ ਦੀ ਕਵਿਤਾ ਅਛੂਤੀ ਨਾ ਰਹਿ ਸਕੀ। ਉਸ ਨੇ ਬੜੀ ਹੀ ਖ਼ੂਬਸੂਰਤੀ ਨਾਲ ਪੰਜਾਬੀ ਸਾਹਿਤ, ਕਲਾ ਤੇ ਸੱਭਿਆਚਾਰ ਦੇ ਅਗਾਂਹਵਧੂ ਪੱਲੜੇ ਨੂੰ ਸੰਵਾਰਿਆ, ਉਭਾਰਿਆ ਅਤੇ ਪੰਜਾਬੀ ਕਾਵਿ ਜਗਤ ਨੂੰ ਅਮੀਰ ਕੀਤਾ। ਮੋਹਨ ਸਿੰਘ ਦੀ ਸ਼ਾਇਰੀ ਦੀ ਖ਼ੂਬੀ ਉਸ ਦੀ ਆਦਰਸ਼ਵਾਦੀ-ਰੁਮਾਂਚਕਾਰੀ ਅਤੇ ਪ੍ਰਗਤੀਵਾਦੀ ਵਿਚਾਰਧਾਰਾ ’ਤੇ ਪਕੜ ਹੋਣ ਦੇ ਨਾਲ ਨਾਲ ਉਸ ਵਿਚਲੇ ਤੱਤਾਂ ਦਾ ਅਗਾਂਹਵਧੂ ਹੋਣਾ ਵੀ ਸੀ ਜਿਸ ਨੂੰ ਉਸ ਨੇ ਆਪਣੀ ਉਮਰ ਦੇ ਢਲਦੇ ਛਿਣਾਂ ਤਕ ਆਪਣੀ ਸਿਰਜਣ ਪ੍ਰਕਿਰਿਆ ’ਚੋਂ ਗ਼ੈਰਹਾਜ਼ਰ ਨਹੀਂ ਹੋਣ ਦਿੱਤਾ। ਮੋਹਨ ਸਿੰਘ ਵੱਡਾ ਕਵੀ ਇਸ ਕਰਕੇ ਵੀ ਹੈ ਕਿਉਂਕਿ ਉਸ ਨੇ ਆਪਣੇ ਜੀਵਨ ਦੇ ਬਹੁਤ ਵੱਡੇ ਤੇ ਗਹਿਰੇ ਅਨੁਭਵ ਨੂੰ ਆਪਣੀ ਕਵਿਤਾ ਦੀ ਪਰਿਧੀ ਵਿੱਚ ਰਚਾ ਕੇ ਹੀ ਅਜ਼ੀਮ ਸ਼ਾਇਰੀ ਦੀ ਕਲਾ ਦੇ ਕਿਸੇ ਵੀ ਗੁਰ ਨੂੰ ਔਟਲਣ ਨਹੀਂ ਦਿੱਤਾ। ਯਕੀਨਨ ਹੀ ਉਹ ਸਮਕਾਲ ਦਾ ਸ੍ਰੇਸ਼ਠ ਅਤੇ ਨਿਵੇਕਲੀ ਕਿਸਮ ਦਾ ਕਵੀ ਸੀ ਜਿਸ ਦੀ ਕਵਿਤਾ ਲੋਕ ਮੁਹਾਵਰਾ ਹੀ ਨਹੀਂ ਬਣੀ ਸਗੋਂ ਲੋਕ ਚਿੱਤ ’ਤੇ ਰਾਜ ਵੀ ਕਰਦੀ ਆ ਰਹੀ ਹੈ।
ਸਮਕਾਲ ਵਿੱਚ ਪ੍ਰੋ. ਮੋਹਨ ਸਿੰਘ ਦੀ ਕਵਿਤਾ ਇਸ ਲਈ ਵੀ ਪ੍ਰਸੰਗਕ ਰਹੀ ਕਿਉਂਕਿ ਤਤਕਾਲੀ ਜੀਵਨ ਦਾ ਵੇਗ ਅਤੇ ਮੂਡ ਹੀ ਉਸ ਦੀਆਂ ਕਵਿਤਾਵਾਂ ਦਾ ਰਸ ਭਰਪੂਰ ਕੇਂਦਰ ਬਿੰਦੂ ਰਿਹਾ। ਕਵੀ ਦੀਆਂ ਅਨੇਕਾਂ ਕਵਿਤਾਵਾਂ ਮਿਲਦੀਆਂ ਹਨ ਜੋ ਮਿਥਿਹਾਸ, ਇਤਿਹਾਸ, ਪੌਰਾਣਿਕ ਅਤੇ ਪ੍ਰਚਲਿਤ ਪ੍ਰੀਤ ਕਹਾਣੀਆਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਅਜਿਹਾ ਬਿਰਤਾਂਤ ਸਿਰਜਦੀਆਂ ਹਨ ਕਿ ਪ੍ਰਸੰਗ ਚਿਰਜੀਵੀ ਹੋ ਜਾਂਦਾ ਹੈ ਜੋ ਮੁੱਖ ਬਿੰਦੂ ਤੋਂ ਤਿਲ੍ਹਕਣ ਦੀ ਥਾਂ ਵਿਆਪਕ ਤੇ ਸਰਬਕਾਲ ਦਾ ਮੁਹਾਂਦਰਾ ਅਖ਼ਤਿਆਰ ਕਰ ਲੈਂਦਾ ਹੈ। ਇਸ ਤਰ੍ਹਾਂ ਦੀਆਂ ਸਹਿਜ ਸੁਭਾਅ ਉੱਕਰੀਆਂ ਅਨੇਕਾਂ ਮਿਸਾਲਾਂ ਉਸ ਦੀਆਂ ਰਚੀਆਂ ਅਨਾਰਕਲੀ, ਰਾਣੀ ਸਾਹਿਬ ਕੌਰ ਦੀ ਵਾਰ, ਦੇਸ਼ ਪਿਆਰ, ਰੱਬ, ਕੁੜੀ ਪੋਠੋਹਾਰ ਦੀ, ਅੰਬੀ ਦਾ ਬੂਟਾ ਅਤੇ ਬਸੰਤ ਆਦਿ ਕਵਿਤਾਵਾਂ ਵਿੱਚੋਂ ਸਹਿਜੇ ਹੀ ਮਿਲਦੀਆਂ ਹਨ। ਉਸ ਦੀਆਂ ਕਵਿਤਾਵਾਂ ਪ੍ਰਤੀਕਾਂ, ਤਸ਼ਬੀਹਾਂ, ਬਿੰਬਾਂ ਅਲੰਕਾਰਾਂ ਅਤੇ ਸ਼ਿੰਗਾਰ ਰਸ ਨਾਲ ਓਤ ਪੋਤ ਹਨ ਜਿਨ੍ਹਾਂ ਦਾ ਆਪਣਾ ਹੀ ਮਜਾਜ਼ ਹੈ:
ਸੱਕ ਮਲਦੀਆਂ ਰਾਵੀ ਦੇ ਪੱਤਣਾਂ ਤੇ,
ਅੱਗ ਲਾਉਣ ਲਹੌਰਨਾ ਚੱਲੀਆਂ ਨੇ।
ਉਸ ਦੀ ਕਵਿਤਾ ਰਵਾਇਤੀ ਪੈਂਡੇ ਨੂੰ ਉਲੰਘਦੀ ਹੋਈ ਨਵੇਂ-ਨਵੇਂ ਵਿਸ਼ਿਆਂ ਨੂੰ ਆਪਣੇ ਕਲਾਵੇ ’ਚ ਲੈਂਦੀ ਹੈ ਤੇ ਰੂਪਕ ਪੱਖੋਂ ਸਿਖਰ ਨੂੰ ਛੋਂਹਦੀ ਹੋਈ ਮਿਆਰੀ ਕਵਿਤਾ ਹੋ ਗੁਜ਼ਰਦੀ ਹੈ। ਮਜਾਲ ਹੈ ਇਸ ਵਿੱਚ ਭੋਰਾ ਵੀ ਸਕਤਾ ਪੈਦਾ ਹੋਵੇ। ਮੋਹਨ ਸਿੰਘ ਦੀ ਕਵਿਤਾ ਆਧੁਨਿਕਤਾ ਦਾ ਮੁੱਢ ਬੰਨਦੀ ਹੋਈ ਟੀਸੀ ਦੀ ਕਵਿਤਾ ਦਾ ਮਾਣ ਹਾਸਲ ਕਰ ਲੈਂਦੀ ਹੈ। ਮੋਹਨ ਸਿੰਘ ਦੀ ਕਵਿਤਾ ਦਾ ਰੰਗ ਰੋਮਾਂਚਿਕ, ਪ੍ਰਗਤੀਵਾਦੀ, ਇਨਕਲਾਬੀ ਅਤੇ ਸਮਾਜਿਕ ਸਰੋਕਾਰਾਂ ਨਾਲ ਵੀ ਰੰਗਿਆ ਹੋਇਆ ਹੈ। ਉਸ ਦੀ ਕਵਿਤਾ ਵਿੱਚ ਹਕੀਕੀ ਪਿਆਰ ਦੀ ਰਮਜ਼ ਅਤੇ ਲੋਕ ਪਿਆਰ ਦੀ ਪਾਕੀਜ਼ਗੀ ਅਤੇ ਪ੍ਰਪੱਕਤਾ ਹੈ। ਪ੍ਰੋ. ਮੋਹਨ ਸਿੰਘ ਨੇ ਦੇਸ਼-ਪਿਆਰ, ਕੁਦਰਤ ਪਿਆਰ, ਸਦਾਚਾਰ, ਧਰਮ, ਰਵਾਇਤੀ ਹੁਸਨ ਇਸ਼ਕ ਦੀਆਂ ਭਾਵਨਾਵਾਂ ਨੂੰ ਵੀ ਕਵਿਤਾ ਵਿੱਚ ਢਾਲਿਆ ਹੈ। ਉਸ ਨੇ ਆਪਣੀਆਂ ਕਵਿਤਾਵਾਂ ਵਿੱਚ ਜਿੱਥੇ ਵਫ਼ਾ ਤੇ ਪ੍ਰੇਮ ਕਥਾਵਾਂ ਨੂੰ ਪ੍ਰਸੰਗਕ ਬਣਾਇਆ ਹੈ, ਉੱਥੇ ਹੀ ਸਮਾਜਿਕ ਸਰੋਕਾਰਾਂ, ਦੇਸ਼ ਦੀ ਆਜ਼ਾਦੀ ਦੇ ਸੰਗਰਾਮ, ਕਿਰਤੀਆਂ-ਕਿਸਾਨਾਂ ਦੀ ਜੱਦੋਜਹਿਦ ਨੂੰ ਵੀ ਥਾਂ ਦਿੱਤੀ ਹੈ। ਮਰਦ ਦੀ ਬੇਵਫ਼ਾਈ ਦਾ ਵਾਸਤਾ ਪਾ ਕੇ ਮਰਦ ਪ੍ਰਧਾਨ ਸਮਾਜ ਦੀ ਪ੍ਰਵਿਰਤੀ ਦੀ ਆਲੋਚਨਾ ਕਰਦਿਆਂ ਔਰਤ ਦੇ ਹੱਕਾਂ ਦੀ ਤਰਫ਼ਦਾਰੀ ਕੀਤੀ ਹੈ:
ਦੇਂਦੇ ਆਏ ਚਿਰੋਕਣੇ ਮਰਦ ਧੋਖਾ,
ਮਕਰ ਇਨ੍ਹਾਂ ਦੇ ਕੋਈ ਅੱਜ ਦੇ ਨਹੀਂ।
ਵਾਂਗ ਭੌਰਿਆਂ ਫੁੱਲਾਂ ’ਤੇ ਫਿਰਨ ਭੌਂਦੇ
ਇੱਕ ਫੁੱਲ ਦੇ ਉੱਤੇ ਇਹ ਰੱਜਦੇ ਨਹੀਂ।
1934 ਵਿੱਚ ਅਗਾਂਹਵਧੂ ਲੇਖਕ ਸੰਘ ਦੇ ਹੋਂਦ ਵਿੱਚ ਆਉਣ ਸਦਕਾ ਮੋਹਨ ਸਿੰਘ ਦੀਆਂ ਕਵਿਤਾਵਾਂ ਦੇ ਵਿਸ਼ਿਆਂ ਵਿੱਚ ਵੀ ਤਬਦੀਲੀ ਆਈ, ਜੋ ਮਨੁੱਖ ਨੂੰ ਇਨਕਲਾਬ ਵੱਲ ਪ੍ਰੇਰਦੀ ਰਹੀ। ਅੰਗਰੇਜ਼ ਸ਼ਾਸਕਾਂ ਵੱਲੋਂ ਕੀਤੀ ਜਾਂਦੀ ਲੁੱਟ-ਖਸੁੱਟ ਦਾ ਵਿਰੋਧ, 1857 ਦੇ ਗ਼ਦਰ ਨਾਲ ਹਮਦਰਦੀ, ਪਹਿਲੀ ਆਲਮੀ ਜੰਗ ਦੇ ਪ੍ਰੋਲੋਤਾਰੀ ਸਿੱਟੇ, ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ, ਗੁਰੂ ਕੇ ਬਾਗ ਦਾ ਮੋਰਚਾ, ਬੰਗਾਲ ਦਾ ਕਾਲ, ਚੀਨੀ ਇਨਕਲਾਬ ਦੀ ਕ੍ਰਾਂਤੀ ਦਾ ਸਵਾਗਤ, ਆਜ਼ਾਦੀ ਉਪਰੰਤ ਦੇਸੀ ਹਾਕਮਾਂ ਵੱਲੋਂ ਸੋਸ਼ਣ, ਕਿਰਤੀ ਸ਼੍ਰੇਣੀ ਦੀ ਨਿਘਰਦੀ ਦਸ਼ਾ, ਐਮਰਜੈਂਸੀ ਅਤੇ ਇਸ ਤੋਂ ਮਿਲੀ ਨਿਜਾਤ ਆਦਿ ਵਿਸ਼ੇ ਮੋਹਨ ਸਿੰਘ ਦੀਆਂ ਕਵਿਤਾਵਾਂ ਵਿੱਚ ਤਰਜੀਹੀ ਤੌਰ ’ਤੇ ਉੱਭਰ ਕੇ ਸਾਹਮਣੇ ਆਉਂਦੇ ਰਹੇ। ਜੱਟੀਆਂ ਦਾ ਗੀਤ, ਘੋਲ, ਸਾਥੀਓ, ਰੋਜ਼ਨ ਬਰਰਾ, ਕੌਤਕ, ਗੱਜਣ ਸਿੰਘ ਦੀ ਵਾਰ ਆਦਿ ਕਵਿਤਾਵਾਂ ਇਨਕਲਾਬੀ ਹੋ ਗੁਜ਼ਰੀਆਂ।
ਆਓ ਮੁੜ ਕੀੜੀ ਦੇ ਪੈਰਾਂ ਹੇਠਾਂ ਹਾਥੀ ਰੋਲੀਏ
ਆਓ ਮੁੜ ਚਿੜੀਆਂ ਤੋਂ ਬਾਜਾਂ ਨੂੰ ਤੁੜਾਈਏ ਸਾਥੀਓ।
ਪ੍ਰੋ. ਮੋਹਨ ਸਿੰਘ ਨੇ ਅਮਨ ਲਹਿਰ ਸਬੰਧੀ ਅਨੇਕਾਂ ਗੀਤ ਤੇ ਓਪੇਰੇ ਵੀ ਲਿਖੇ। ‘ਜੈ ਮੀਰ’ ਉਸ ਦੇ ਪ੍ਰਗਤੀਵਾਦੀ ਵਿਚਾਰਾਂ ਦੀ ਸਿਖ਼ਰ ਛੋਂਹਦੀ ਕਾਵਿ-ਕਿਤਾਬ ਹੈ। ਮੋਹਨ ਸਿੰਘ ਦੀ ਕਵਿਤਾ ਦੀ ਇਹ ਖ਼ੂਬੀ ਰਹੀ ਹੈ ਕਿ ਉਸ ਨੇ ਦੇਸ਼ ਦੇ ਕਰੋੜਾਂ ਸ਼ੋਸ਼ਤ ਅਤੇ ਪੀੜਤ ਲੋਕਾਂ ਦੇ ਅਨੁਭਵਾਂ ਨੂੰ ਜ਼ੁਬਾਨ ਦਿੱਤੀ ਹੈ। ਦੇਸ਼ ਦੀ ਸੁਤੰਤਰਤਾ ਦੇ ਘੋਲਾਂ ਦੇ ਆਰੰਭ ਤੋਂ ਲੈ ਕੇ ਅਖ਼ੀਰ ਤੱਕ ਲੜੇ ਗਏ ਲੋਕ ਸੰਘਰਸ਼ਾਂ ਦਾ ਸਮਰਥਨ ਕਰਦੀ ਕਵਿਤਾ ਕਹੀ ਹੈ।
ਪ੍ਰੋ. ਮੋਹਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀਆਂ ਵਿੱਚ ਗਿਣਿਆ ਜਾਂਦਾ ਹੈ, ਜਿਸ ਦਾ ਕਾਵਿ ਸੰਗ੍ਰਹਿ ‘ਸਾਵੇਂ ਪੱਤਰ’ ਸਭ ਤੋਂ ਵੱਧ ਹਰਮਨ ਪਿਆਰਾ ਰਿਹਾ ਤੇ ਆਪਣੇ ਵੇਲਿਆਂ ਵਿੱਚ ਸਭ ਤੋਂ ਵੱਧ ਵਿਕਿਆ ਤੇ ਪੜ੍ਹਿਆ ਗਿਆ। ਉਸ ਨੂੰ ਇੱਕ ਪ੍ਰਗਤੀਵਾਦੀ ਕਵੀ ਵਜੋਂ ਵਧੇਰੇ ਵਡਿਆਇਆ ਗਿਆ ਹੈ। ਉਸ ਨੇ ਪੰਜਾਬੀ ਕਵਿਤਾ ਨੂੰ ਧਾਰਮਿਕ ਅਤੇ ਸਦਾਚਾਰਕ ਸੁਰ ਤੋਂ ਵੀ ਮੁਕਤ ਨਹੀਂ ਹੋਣ ਦਿੱਤਾ ਸਗੋਂ ਕਵਿਤਾ ਨੂੰ ਉਸ ਚੌਖਟੇ ’ਤੇ ਜਾ ਖਲਿਆਰਿਆ, ਜਿਸ ਨੂੰ ਨਵੇਂ ਕਵੀ ਬੜੀ ਸ਼ਿੱਦਤ ਨਾਲ ਉਡੀਕ ਰਹੇ ਸਨ। ਪ੍ਰੋ. ਮੋਹਨ ਸਿੰਘ ਦੀ ਕਵਿਤਾ ਸਿਧਾਂਤਕ ਪੱਖੋਂ ਵੀ ਸਮਾਜਵਾਦੀ ਤੇ ਮਾਰਕਸਵਾਦੀ ਨਜ਼ਰੀਏ ਨੂੰ ਪੇਸ਼ ਕਰਦੀ ਹੈ। ਉਹ ਸਮਾਜਵਾਦ ਦਾ ਮੁਦੱਈ ਸੀ। ਸਮਾਜਿਕ ਅਤੇ ਰਾਜਸੀ ਘਟਨਾਵਾਂ ਦੇ ਪ੍ਰਭਾਵ ਤੋਂ ਕੋਈ ਵੀ ਜਨਵਾਦੀ ਲੇਖਕ ਅਭਿੱਜ ਨਹੀਂ ਰਹਿ ਸਕਦਾ। ਸਮੇਂ ਦੀ ਸਿਆਸਤ ਵੀ ਉਸ ਉੱਪਰ ਆਪਣਾ ਰੰਗ ਬਿਖੇਰਦੀ ਰਹੀ।
ਮੋਹਨ ਸਿੰਘ ਭਾਵੁਕ ਪ੍ਰਵਿਰਤੀ ਦਾ ਮਾਲਕ ਹੁੰਦਾ ਹੋਇਆ ਵੀ ਪ੍ਰਗਤੀਵਾਦੀ ਚਿੰਤਨ ਨੂੰ ਆਪਣੀ ਕਵਿਤਾ ਵਿੱਚੋਂ ਲੋਪ ਨਹੀਂ ਸੀ ਹੋਣ ਦਿੰਦਾ। ਉਸ ਦੇ ਕਾਵਿ ਵਿਕਾਸ ਦੇ ਨਾਲ-ਨਾਲ ਉਸ ਦਾ ਚਿੰਤਨ ਵੀ ਵਿਕਸਤ ਹੁੰਦਾ ਰਿਹਾ, ਜੋ ਨਿੱਜ ਤੋਂ ਪਰ ਤੱਕ ਦਾ ਸਫ਼ਰ ਤੈਅ ਕਰ ਚੁੱਕਿਆ ਹੈ। ਮੱਧਵਰਗੀ ਰੁਚੀਆਂ ਦਾ ਮਾਲਕ ਹੋਣ ਕਾਰਨ ਭਾਵੇਂ ਮੋਹਨ ਸਿੰਘ ਨੇ ਲੋਕ-ਘੋਲਾਂ ਤੇ ਸੰਗਰਾਮਾਂ ਵਿੱਚ ਅਮਲੀ ਤੌਰ ’ਤੇ ਕੋਈ ਦਿਲਚਸਪੀ ਨਹੀਂ ਵਿਖਾਈ, ਪਰ ਇੱਕ ਕਵੀ ਦੇ ਤੌਰ ’ਤੇ ਮੋਹਨ ਸਿੰਘ ਦੀ ਹਮਦਰਦੀ ਇਨ੍ਹਾਂ ਘੋਲਾਂ ਸੰਗ ਤੁਰਦੀ ਰਹੀ ਹੈ। ਇਹ ਹਮਦਰਦੀ ਇਨ੍ਹਾਂ ਨੂੰ ਸਿਰਫ਼ ਅਸੰਤੁਸ਼ਟੀ ਦੀ ਭਾਵਨਾ ਨਾਲ ਹੀ ਨਹੀਂ ਸੀ ਵੇਖਦੀ ਸਗੋਂ ਇਨ੍ਹਾਂ ਪ੍ਰਤੀ ਤਿੱਖੇ ਰੋਸ ਦੀ ਸੁਰ ਪੈਦਾ ਕਰਦੀ ਸੀ।
ਦਾਤੀਆਂ, ਕਲਮਾਂ ਅਤੇ ਹਥੌੜੇ ’ਕੱਠੇ ਕਰ ਲਓ ਸੰਦ ਓ ਯਾਰ
ਤਕੜੀ ਇੱਕ ਤ੍ਰਸ਼ੂਲ ਬਣਾਓ ਯੁੱਧ ਕਰੋ ਪ੍ਰਚੰਡ ਓ ਯਾਰ।
ਗ਼ਰੀਬ ਤੇ ਅਨਪੜ੍ਹ ਜਾਂ ਘੱਟ ਪੜ੍ਹੇ ਲੋਕ ਵੀ ਉਸ ਦੀ ਕਵਿਤਾ ਪੜ੍ਹ/ ਸੁਣ ਕੇ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਮੋਹਣ ਸਿੰਘ ਇਨ੍ਹਾਂ ਦੇ ਮੁਹਾਵਰੇ ਨੂੰ ਹੀ ਆਪਣੇ ਭਾਵਾਂ ਦਾ ਵਾਹਕ ਬਣਾਉਂਦਾ ਰਿਹਾ। ਕਿਰਤੀ ਸ਼੍ਰੇਣੀ ਦੀ ਚੇਤਨਾ ਦੀ ਧਾਰ ਨੂੰ ਤੇਜ਼ ਕਰਨ ਤੇ ਜਨਤਾ ’ਚ ਜੋਸ਼ ਭਰਨ ਵਾਲੀਆਂ ਮੋਹਨ ਸਿੰਘ ਦੀਆਂ ਅਨੇਕਾਂ ਲੋਕ ਤਰਜ਼ਾਂ ’ਤੇ ਸਿਰਜੀਆਂ ਕਵਿਤਾਵਾਂ ਹਨ ਜੋ ਸੰਕ੍ਰਾਂਤੀ ਕਾਲ ਵਿੱਚ ਹਥਿਆਰ ਦਾ ਕੰਮ ਵੀ ਕਰਦੀਆਂ ਲੱਗਦੀਆਂ ਹਨ:
ਉੱਠਣਾ ਜਨਤਾ ਦਾ ਹੜ੍ਹ, ਹਾਥੀ ਜਿਵੇਂ ਚਿੰਘਾੜਦਾ
ਧੁੱਸ ਦੇ ਕੇ ਜਿਸ ਨੇ ਤੇਰਾ ਅਡੰਬਰ ਪਾੜਨਾ
ਨਵਾਂ ਸ਼ਾਸਤਰ ਕਵਿਤਾ ਵਿੱਚ ਕਵੀ ਲੋਕਾਂ ਦਾ ਵਿਸ਼ਵਾਸ ਪਕੇਰਾ ਕਰਦਾ ਹੈ:
ਨੇਰੇ ਦੀ ਭੱਠੀ ਦੇ ਅੰਦਰ ਢਲ ਰਹੀ
ਜ਼ਿੰਦਗੀ ਸ਼ਾਸਤਰ ਨਾਵਾਂ ਕੋਈ ਘੜੇਗੀ।
ਪ੍ਰੋ. ਮੋਹਨ ਸਿੰਘ ਪੰਜਾਬੀ ਦਾ ਅਜਿਹਾ ਸ਼ਾਇਰ ਹੈ, ਜਿਸ ਦੀ ਕਾਵਿ-ਯਾਤਰਾ ਪੰਜਾਬੀ ਸੱਭਿਆਚਾਰ ਦੇ ਵਾਹਵਾ ਅਨੁਕੂਲ ਵਹਿੰਦੀ ਹੋਈ ਆਪਣੀਆਂ ਸਿਖ਼ਰਾਂ ਵੱਲ ਨੂੰ ਵਿਕਸਤ ਹੁੰਦੀ ਰਹੀ ਹੈ। ਉਸ ਦੀ ਲੋਕ-ਪ੍ਰਿਯਤਾ ਅਤੇ ਯੁੱਗ ਕਵੀ ਸਥਾਪਿਤ ਹੋਣ ਦਾ ਭੇਤ ਉਸ ਦੀ ਕਾਵਿ-ਕਲਾ ਦੀ ਵਿਲੱਖਣ ਬਣਤਰ ਤੇ ਬੁਣਤਰ ਜੁਗਤ ਵਿੱਚ ਲੁਕਿਆ ਹੈ, ਜੋ ਪਰੰਪਰਾ ਤੋਂ ਆਧੁਨਿਕਤਾ ਤੱਕ ਦਾ ਸਫ਼ਰ ਹੈ। ਉਹ ਯੁੱਗ ਮੋਹਨ ਸਿੰਘ ਦਾ ਨਹੀਂ ਸੀ ਸਗੋਂ ਮੋਹਨ ਸਿੰਘ ਉਸ ਯੁੱਗ ਦਾ ਕਵੀ ਸੀ ਜਿਹੜਾ ਆਪਣੇ ਡੂੰਘੇ ਅਨੁਭਵ ਅਤੇ ਤਜਰਬੇ ਸਦਕਾ ਇਸ ਯੁੱਗ ਦੇ ਵਰਤਾਰੇ ਦੀ ਝਲਕ ਸਾਨੂੰ ਵਿਖਾਲ ਗਿਆ। ਮੋਹਨ ਸਿੰਘ ਸਦੀਵੀ ਵਿਛੋੜਾ ਦੇ ਗਈ ਪਤਨੀ ਬਸੰਤ ਦੇ ਹੇਰਵੇ ਨੂੰ ਹੀ ਆਪਣੇ ਕਵੀਪਣ ਨੂੰ ਮਾਨਤਾ ਦਿੰਦਾ ਹੈ:
ਮੋਹਨ ਕਿੰਝ ਬਣਦਾ ਤੂੰ ਸ਼ਾਇਰ ਜੇਕਰ ਮੈਂ ਨਾ ਮਰਦੀ
ਮੋਹਨ ਸਿੰਘ ਦੀ ਯਾਦ ਵਿੱਚ 20 ਅਕਤੂਬਰ ਨੂੰ ਲੁਧਿਆਣਾ ਵਿਖੇ ਉਸ ਦੇ ਜਨਮ ਦਿਨ ’ਤੇ ਮੇਲਾ ਲਗਦਾ ਹੈ ਜੋ ਹਰ ਸਾਲ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ।
ਸੰਪਰਕ: 94172-72161

Advertisement

Advertisement
Author Image

Advertisement