ਰੂਹ ’ਤੇ ਮੱਲ੍ਹਮ ਲਾਉਣ ਦੀ ਕੋਸ਼ਿਸ਼ ’ਚ ਮੋਹਨ ਭਾਗਵਤ
ਜਯੋਤੀ ਮਲਹੋਤਰਾ
ਸਾਲ ਬਦਲਣ ਵਾਲਾ ਹੈ ਤੇ ਇਹ ਕਹਿਣਾ ਗ਼ੈਰ-ਵਾਜਿਬ ਨਹੀਂ ਹੋਵੇਗਾ ਕਿ 2024 ਕਈ ਮਾਅਨਿਆਂ ’ਚ ਆਰਐੱਸਐੱਸ ਮੁਖੀ ਮੋਹਨ ਮਧੂਕਰ ਰਾਓ ਭਾਗਵਤ ਦਾ ਸਾਲ ਰਿਹਾ ਹੈ।
ਆਰਐੱਸਐੱਸ ਮੁਖੀ ਵੱਲੋਂ ਸਹਿਜੀਵਨ ਵਿਆਖਿਆਨਮਾਲਾ ਭਾਸ਼ਣ ਲੜੀ ’ਚ ਵੀਰਵਾਰ ਨੂੰ ਇੱਕ ਭਾਸ਼ਣ ਦੌਰਾਨ ਪੁਣੇ ’ਚ ਕੀਤੀਆਂ ਗਈਆਂ ਤਾਜ਼ਾ ਟਿੱਪਣੀਆਂ ਰੂਹ ’ਤੇ ਮੱਲ੍ਹਮ ਲਾਉਣ ਦੇ ਪੱਖ ਤੋਂ ਅਚੰਭੇ ’ਚ ਪਾਉਣ ਵਾਲੀਆਂ ਜਾਪਦੀਆਂ ਹਨ।
ਇਹ ਕਹਿਣ ਤੋਂ ਲੈ ਕੇ ਕਿ ‘‘ਮੰਦਰ-ਮਸਜਿਦ ਵਿਵਾਦ ਬਰਦਾਸ਼ਤ ਤੋਂ ਬਾਹਰ ਹਨ’’; ਕਿ ‘‘ਰਾਮ ਮੰਦਰ ਦੀ ਉਸਾਰੀ ਤੋਂ ਬਾਅਦ ਕਈ ਲੋਕ ਸੋਚਦੇ ਹਨ ਕਿ ਉਹ ਨਵੀਆਂ ਥਾਵਾਂ ’ਤੇ ਇਸੇ ਤਰ੍ਹਾਂ ਦੇ ਮੁੱਦਿਆਂ ਨੂੰ ਚੁੱਕ ਕੇ ਹਿੰਦੂਆਂ ਦੇ ਨੇਤਾ ਬਣ ਸਕਦੇ ਹਨ ਅਤੇ ਇਹ ਸਵੀਕਾਰਨਯੋਗ ਨਹੀਂ ਹੈ’’; ਇਹ ਪੁੱਛਣ ਤੱਕ ਕਿ ‘‘ਕੌਣ ਘੱਟਗਿਣਤੀ ਹੈ ਤੇ ਕੌਣ ਬਹੁਗਿਣਤੀ’’, ਫੇਰ ਖ਼ੁਦ ਹੀ ਉਸ ਸਵਾਲ ਦਾ ਉੱਤਰ ਦੇਣਾ ਕਿ, ‘‘ਸਾਰੇ ਬਰਾਬਰ ਹਨ।’’
ਸੰਵਿਧਾਨ ’ਚ ਧਰਮਨਿਰਪੱਖ ਗਣਰਾਜ ਯਕੀਨੀ ਹੋਣ ਦੇ 75 ਸਾਲ ਬਾਅਦ ਭਾਗਵਤ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਆਮ ਵਾਂਗ ਹੀ ਲਿਆ ਜਾਣਾ ਚਾਹੀਦਾ ਸੀ। ਇਸ ਦੀ ਬਜਾਏ ਇਹ ਰਾਹਤ ਦੇਣ ਵਾਲੀਆਂ ਲੱਗ ਰਹੀਆਂ ਹਨ ਤੇ ਸੁਰਖ਼ੀਆਂ ਬਣੀਆਂ ਹਨ। ਇਨ੍ਹਾਂ ਰਾਹੀਂ ਆਰਐੱਸਐੱਸ ਮੁਖੀ ਆਪਣੀ ਸਰਕਾਰ ਨੂੰ ਚੇਤੇ ਕਰਵਾ ਰਹੇ ਹਨ ਕਿ ਦੇਸ਼ ਗੁੰਝਲਦਾਰ ਢੰਗ ਨਾਲ ਬਿਲਕੁਲ ਵੱਖਰੇ ਦ੍ਰਿਸ਼ਟੀਕੋਣਾਂ, ਰਵਾਇਤਾਂ, ਰੀਤਾਂ, ਧਰਮਾਂ, ਭਾਸ਼ਾਵਾਂ ਵਾਲੇ ਲੋਕਾਂ ਨਾਲ ਭਰਿਆ ਪਿਆ ਹੈ ਤੇ ਇਹ ਵੀ ਕਿ ਜੇ ਇਸ ‘ਖਿਚੜੀ’ ਨੇ ਆਪਣਾ ਵੱਖਰਾ ਸੁਆਦ ਕਾਇਮ ਰੱਖਣਾ ਹੈ ਤਾਂ ਸ਼ਾਇਦ ਇਸ ਨੂੰ ‘ਵਨ ਨੇਸ਼ਨ ਵਨ ਪੀਪਲ’ ਦੀਆਂ ਕੜੀਆਂ ’ਚ ਬੰਨ੍ਹਣ ਦਾ ਕੋਈ ਮਤਲਬ ਨਹੀਂ ਹੈ।
ਉਮੀਦ ਮੁਤਾਬਿਕ ਖੱਬੇ-ਪੱਖੀ ਸਿਆਸਤ ਕਰਨ ਵਾਲੇ ਭਾਗਵਤ ਦੇ ਪੁਣੇ ਵਾਲੇ ਭਾਸ਼ਣ ਵਿੱਚ ਕੋਈ ਕਮੀ ਤਲਾਸ਼ਣ ਦੀ ਕੋਸ਼ਿਸ਼ ’ਚ ਹਨ- ਸ਼ਾਇਦ ਤਰਜਮਾ ਕਰਨ ਲੱਗਿਆਂ ਕੁਝ ਨਾ ਕੁਝ ਗੁਆਚ ਗਿਆ ਹੈ, ਕਿਉਂਕਿ ਭਾਗਵਤ ਆਪਣੀ ਮਾਤਭਾਸ਼ਾ ਮਰਾਠੀ ਵਿਚ ਬੋਲੇ ਤੇ ਉਮੀਦ ਤੋਂ ਕੁਝ ਹੱਟ ਕੇ ਸੱਜੇ-ਪੱਖੀ ਸਿਆਸਤ ਕਰਨ ਵਾਲੇ ਸ਼ਾਇਦ ਇਹ ਸੋਚ ਕੇ ਹੈਰਾਨ ਹੋ ਰਹੇ ਹਨ ਕਿ ਭਾਗਵਤ ਭਗਵੇਂ ਝੰਡੇ ਨੂੰ ਕਿਉਂ ਮੁੱਢੋਂ ਪੁੱਟਣ ਲੱਗੇ ਹੋਏ ਹਨ, ਖ਼ਾਸ ਤੌਰ ’ਤੇ ਉਦੋਂ ਜਦੋਂ ਮੁਸਲਮਾਨਾਂ ’ਤੇ ਹਿੰਦੂਤਵ ਦੀ ਜਿੱਤ ਦਾ ਝੰਡਾ ਸਾਰੇ ਪਾਸੇ ਲਹਿਰਾ ਰਿਹਾ ਹੈ।
ਇਹ ਅਜੇ ਸਾਫ਼ ਨਹੀਂ ਕਿ ਅਹਿਸਾਸ ਕਦੋਂ ਹੋਇਆ ਤੇ ਕਿਸ ਚੀਜ਼ ਨੇ ਭਾਗਵਤ ਨੂੰ ਪੁਣੇ ’ਚ ਇਹ ਟਿੱਪਣੀਆਂ ਕਰਨ ਲਈ ਮਜਬੂਰ ਕੀਤਾ। ਆਖ਼ਰਕਾਰ ਉਨ੍ਹਾਂ ਵੱਲੋਂ ਇਹ ਕਹਿਣਾ ਕਿ ‘‘ਸਾਨੂੰ ਇਕੱਠੇ ਰਹਿਣ ਦੀ ਲੋੜ ਹੈ-ਹਿੰਦੂਆਂ, ਮੁਸਲਮਾਨਾਂ ਤੇ ਇਸਾਈਆਂ ਸਾਰਿਆਂ ਨੂੰ- ਉਹ ਵੀ ਆਰਐੱਸਐੱਸ ਵੱਲੋਂ ਆਪਣੀ 100ਵੀਂ ਵਰ੍ਹੇਗੰਢ ਦੇ ਸਾਲ ਭਰ ਚੱਲਣ ਵਾਲੇ ਜਸ਼ਨਾਂ ਦੀ ਸ਼ੁਰੂਆਤ ਤੋਂ ਮਹਿਜ਼ ਕੁਝ ਹਫ਼ਤਿਆਂ ਬਾਅਦ ਅਤੇ ਕ੍ਰਿਸਮਸ ਤੋਂ ਪਹਿਲਾਂ (ਜਿਸ ਨੂੰ ਮੋਦੀ ਸਰਕਾਰ ‘ਸੁਸ਼ਾਸਨ ਦਿਵਸ’ ਵਜੋਂ ਮਨਾਉਂਦੀ ਹੈ)- ਅਨੋਖਾ ਵੀ ਹੈ ਤੇ ਦਿਲਚਸਪ ਵੀ। ਕੁਝ ਹਫ਼ਤੇ ਪਹਿਲਾਂ ਸੰਭਲ ਦੀ ਮਸਜਿਦ ਦੇ ਸਰਵੇਖਣ ’ਤੇ ਹੋਈ ਫ਼ਿਰਕੂ ਝੜਪ ਅਤੇ ਪੁਲੀਸ ਗੋਲੀਬਾਰੀ ’ਚ ਪੰਜ ਲੋਕਾਂ ਦੀ ਬੇਵਜ੍ਹਾ ਮੌਤ ਤੋਂ ਬਾਅਦ ਸ਼ਾਇਦ ਭਾਗਵਤ ਨੂੰ ਅਹਿਸਾਸ ਹੋ ਗਿਆ ਹੈ ਕਿ ਮੁਕਾਬਲੇ ਦੀ ਇਹ ਸਿਆਸਤ ਕਿ ਕੌਣ ਬਿਹਤਰ ਹਿੰਦੂ ਨੇਤਾ ਹੈ, ਨੂੰ ਢੁੱਕਵੇਂ ਰੂਪ ’ਚ ਹੁਣੇ ਹੀ ਨੱਪ ਲੈਣਾ ਚੰਗਾ ਹੈ।
ਸ਼ਾਇਦ ਉਨ੍ਹਾਂ ਮਹਿਸੂਸ ਕੀਤਾ ਹੈ ਕਿ ਭਾਰਤ ਦੇ 20 ਕਰੋੜ ਮੁਸਲਮਾਨ ਜੋ ਕਿ ਜਨਸੰਖਿਆ ਦਾ 14 ਪ੍ਰਤੀਸ਼ਤ ਹਨ, ਦਾ ਸ਼ਾਂਤੀ ਨਾਲ ਬਾਕੀਆਂ ਦੇ ਬਰਾਬਰ ਰਹਿਣਾ-ਸਹਿਣਾ ਬਣਦਾ ਹੈ ਤੇ ਦੇਸ਼ ਦੀ ਇੱਕ ਹੋਰ ਵੰਡ ਬਾਰੇ ਸੋਚਣਾ ਵੀ ਸੋਚ ਦੇ ਦਾਇਰੇ ਤੋਂ ਬਹੁਤ ਪਰ੍ਹੇ ਦੀ ਗੱਲ ਹੈ। ਸ਼ਾਇਦ, ਉਨ੍ਹਾਂ ਕਿਸੇ ਵੀ ਹੋਰ ਤੋਂ ਪਹਿਲਾਂ ਬਿਲਕੁਲ ਨੇੜੇ ਢੁੱਕ ਚੁੱਕੇ ਖ਼ਤਰਿਆਂ ਨੂੰ ਪਛਾਣ ਲਿਆ ਹੈ। ਸ਼ਾਇਦ ਉਨ੍ਹਾਂ ਆਪਣੇ ਆਸ-ਪਾਸ ਦੇਖਿਆ ਹੈ ਕਿ ਕਿਵੇਂ ਤੇ ਕਿਉਂ- ਸੀਰੀਆ ਤੇ ਅਫ਼ਗਾਨਿਸਤਾਨ ਅਤੇ ਫਲਸਤੀਨ ਵਰਗੇ ਇਸਲਾਮਿਕ ਮੁਲਕ ਪਿਛਲੇ ਕੁਝ ਸਾਲਾਂ ’ਚ ਮੂਧੇ ਮੂੰਹ ਡਿੱਗੇ ਹਨ। ਭਾਰਤ ਦੇ ਮੁਸਲਮਾਨਾਂ ਨੂੰ ਜੇਕਰ ਆਪਣੇ ਹੀ ਮੁਲਕ ਵਿੱਚ ਉਨ੍ਹਾਂ ਦੇ ਆਤਮ-ਸਨਮਾਨ ਨੂੰ ਮਿੱਟੀ ’ਚ ਮਿਲਾਉਣ ’ਤੇ ਤੁਲੇ ਹੋਏ ‘ਬੁਲਡੋਜ਼ਰ ਗਰਮ ਖਿਆਲੀਆਂ’ ਵੱਲੋਂ ਬਾਕੀ ਨਾਗਰਿਕਾਂ ਵਾਂਗ ਖੁੱਲ੍ਹ ਕੇ ਵਿਚਰਨ ਹੀ ਨਹੀਂ ਦਿੱਤਾ ਜਾਵੇਗਾ ਤਾਂ ਉਹ ਕਿੱਥੇ ਜਾਣਗੇ?
ਆਖ਼ਰ ਸਾਲ 2018 ਵਿੱਚ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਗਵਤ ਨੇ ਕਿਹਾ ਸੀ ਕਿ, ‘‘ਮੁਸਲਮਾਨਾਂ ਤੋਂ ਬਿਨਾਂ ਹਿੰਦੂਤਵ ਅਧੂਰਾ ਹੈ।’’ ਤੇ ਪਿਛਲੇ ਸਾਲ ਜਦੋਂ ਅਲਾਹਾਬਾਦ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਗਿਆਨਵਾਪੀ ਮਸਜਿਦ ਦੇ ਸਰਵੇਖਣ ਦੀ ਇਜਾਜ਼ਤ ਇਹ ਦੇਖਣ ਲਈ ਦਿੱਤੀ ਕਿ ਕੀ ਇਹ ਕਦੇ ਮੰਦਰ ਸੀ ਅਤੇ ਟੀਵੀ ਪੱਤਰਕਾਰਾਂ ਨੇ ਇਸ ਫ਼ੈਸਲੇ ਦੇ ਅਸਰਾਂ ਦੀ ਚੀਰ-ਫਾੜ ਸ਼ੁਰੂ ਕੀਤੀ ਤਾਂ ਭਾਗਵਤ ਨੇ ਨਰਮ ਜਿਹੇ ਸੁਰ ’ਚ ਕਿਹਾ, ‘‘ਹਰੇਕ ਮਸਜਿਦ ਥੱਲੇ ਸ਼ਿਵਲਿੰਗ ਲੱਭਣ ਦੀ ਕੀ ਲੋੜ?’’
ਬੇਸ਼ੱਕ, ਇਸ ’ਤੇ ਕੋਈ ਬਹਿਸ ਨਹੀਂ ਕਰ ਰਿਹਾ ਕਿ ਆਰਐੱਸਐੱਸ ਮੁਖੀ ਤੇ ਪ੍ਰਧਾਨ ਮੰਤਰੀ ਮੋਦੀ ਇੱਕ-ਮਿਕ ਨਹੀਂ ਹਨ ਜਾਂ ਆਰਐੱਸਐੱਸ ਨੂੰ ਪਿਛਲੇ ਦਹਾਕੇ ਦੌਰਾਨ ਭਾਜਪਾ ਦੇ ਸਰਕਾਰ ’ਚ ਹੋਣ ਦਾ ਜ਼ਿਆਦਾ ਫ਼ਾਇਦਾ ਨਹੀਂ ਮਿਲਿਆ। ਬਿਲਕੁਲ ਮਿਲਿਆ ਹੈ। ਆਰਐੱਸਐੱਸ ਜਾਣਦੀ ਹੈ ਕਿ ਜੇ ਮੋਦੀ ਨਾ ਹੁੰਦੇ ਤਾਂ ਅਯੁੱਧਿਆ ਵਿੱਚ ਕੋਈ ਰਾਮ ਮੰਦਿਰ ਨਹੀਂ ਬਣਨਾ ਸੀ ਜਾਂ ਦੁਨੀਆ ਭਰ ਦੇ 39 ਦੇਸ਼ਾਂ ਵਿੱਚ ਇਸ ਦਾ ਵਿਸਤਾਰ ਵੀ ਨਾ ਹੁੰਦਾ। ਆਰਐੱਸਐੱਸ ਮੁਖੀ ਸਪੱਸ਼ਟ ਹਨ ਕਿ ਸਾਰੇ ਧਰਮਾਂ ਦੇ ਸਾਰੇ ਭਾਰਤੀ ‘‘ਹਿੰਦੂ’’ ਹਨ, ਕਿਉਂਕਿ ਕਿਸੇ ਵੇਲੇ ਉਹ ਇਹੀ ਸਨ।
ਅਕਤੂਬਰ ’ਚ ਆਪਣੇ ਦਸਹਿਰੇ ਦੇ ਭਾਸ਼ਣ ’ਚ ਭਾਗਵਤ ਨੇ ਸਪੱਸ਼ਟ ਕੀਤਾ ਕਿ ਉਹ ‘‘ਵੋਕਿਜ਼ਮ ਤੇ ਸੱਭਿਆਚਾਰਕ ਮਾਰਕਸਵਾਦ’’ ਨੂੰ ਨਕਾਰਦੇ ਹਨ।’’ ਉਨ੍ਹਾਂ ਉਭਾਰਿਆ ਕਿ ਬੰਗਲਾਦੇਸ਼ੀ ਹਿੰਦੂਆਂ ਨੂੰ ਭਾਰਤ ਤੋਂ ਮਦਦ ਚਾਹੀਦੀ ਹੈ। ਉਨ੍ਹਾਂ ਕਿਹਾ ‘‘ਭਗਵਾਨ ਵੀ ਕਮਜ਼ੋਰਾਂ ਦਾ ਖਿਆਲ ਨਹੀਂ ਕਰਦਾ... ਬੰਗਲਾਦੇਸ਼ ਵਿੱਚ ਜੋ ਵਾਪਰਿਆ, ਉਹ ਹਿੰਦੂ ਸਮਾਜ ਲਈ ਸਬਕ ਹੋਣਾ ਚਾਹੀਦਾ ਹੈ। ਕਮਜ਼ੋਰੀ ਜੁਰਮ ਹੈ।’’
ਪਰ ਭਾਗਵਤ ਦੀ ਆਰਐੱਸਐੱਸ ਹੋਰ ਕਈ ਮਾਅਨਿਆਂ ’ਚ ਦਿਲਚਸਪ ਹੈ। ਇਹ ਭਰੋਸੇ ਨਾਲ ਕਿਹਾ ਗਿਆ ਹੈ ਕਿ ਸੰਘ ਦਾ ਕੇਡਰ ਜੋ ਅਕਸਰ ਜਿੱਤ ਤੇ ਹਾਰ ਵਿਚਾਲੇ ਅਹਿਮ ਭੂਮਿਕਾ ਨਿਭਾਉਂਦਾ ਹੈ, ਨੇ 2024 ਦੀਆਂ ਆਮ ਚੋਣਾਂ ਵਿੱਚ ਓਨੇ ਉਤਸ਼ਾਹ ਨਾਲ ਭਾਜਪਾ ਉਮੀਦਵਾਰਾਂ ਲਈ ਪ੍ਰਚਾਰ ਨਹੀਂ ਕੀਤਾ ਜਿੰਨਾ ਉਹ ਪਹਿਲਾਂ ਕਰਦੇ ਹਨ- ਸੰਸਦ ਵਿੱਚ ਪਾਰਟੀ ਵੱਲੋਂ ਬਹੁਮਤ ਗੁਆਉਣ ਦਾ ਇਹ ਇੱਕ ਮੁੱਖ ਕਾਰਨ ਹੈ ਤੇ ਆਰਐੱਸਐੱਸ ਨੇ ਮਗਰੋਂ ਪਿੱਛੇ ਮੁੜਨ ਦਾ ਫ਼ੈਸਲਾ ਲਿਆ ਤੇ ਹਰਿਆਣਾ ਅਤੇ ਮਹਾਰਾਸ਼ਟਰ ਚੋਣਾਂ ਵਿੱਚ ਪੂਰੀ ਵਾਹ ਲਾ ਦਿੱਤੀ। ਨਿਰਸੰਦੇਹ ਭਾਗਵਤ ਨੂੰ ਨਾਲ ਰੱਖ ਕੇ ਭਾਜਪਾ ਲਈ ਆਪਣੇ ਬੇੜੀ ਨੂੰ ਮਜ਼ਬੂਤੀ ਨਾਲ ਪਾਰ ਲਾਉਣਾ ਸੌਖਾ ਰਹਿੰਦਾ ਹੈ।
ਇਹ ਵੀ ਮਹੱਤਵਪੂਰਨ ਹੈ ਕਿ ਆਰਐੱਸਐੱਸ ਮੁਖੀ ਨੇ ਇਹ ਟਿੱਪਣੀਆਂ ਉਦੋਂ ਕੀਤੀਆਂ ਹਨ, ਜਦੋਂ ਕੁਝ ਦਿਨ ਪਹਿਲਾਂ ਹੀ ਚੀਫ ਜਸਟਿਸ ਸੰਜੀਵ ਖੰਨਾ ਨੇ ਅਦਾਲਤਾਂ ਨੂੰ ਹੁਕਮ ਦਿੱਤਾ ਹੈ ਕਿ ਮਸਜਿਦਾਂ ਦੇ ਸਰਵੇਖਣ ਬਾਰੇ ਉਹ ਕੋਈ ਨਵਾਂ ਮੁਕੱਦਮਾ ਨਹੀਂ ਲੈਣਗੇ ਜਾਂ ਮੌਜੂਦਾ ਕੇਸਾਂ ’ਤੇ ਵੀ ਕੋਈ ਹੁਕਮ ਪਾਸ ਨਹੀਂ ਕਰਨਗੇ, ਮਸਜਿਦਾਂ ਦੇ ਥੱਲੇ ਮੰਦਰਾਂ ਦੀ ਪੁਸ਼ਟੀ ਕਰਨ ਬਾਰੇ ਕੋਈ ਮਾਮਲਾ ਨਹੀਂ ਵਿਚਾਰਿਆ ਜਾਵੇਗਾ। ਖੰਨਾ ਨੇ ਉਭਾਰਿਆ ਹੈ ਕਿ ਸੁਪਰੀਮ ਕੋਰਟ ਵੱਖਰੇ ਤੌਰ ’ਤੇ 1991 ਦੇ ਪੂਜਾ ਸਥਾਨ ਐਕਟ ਨੂੰ ਮੁੜ ਖੋਲ੍ਹੇ ਜਾਣ ’ਤੇ ਪਟੀਸ਼ਨਾਂ ਸੁਣ ਰਿਹਾ ਹੈ, ਜਿਸ ਵਿੱਚ ਪੂਜਾ ਸਥਾਨਾਂ ਦੇ ਕਿਰਦਾਰਾਂ ਨੂੰ 15 ਅਗਸਤ 1947 ਵਿੱਚ ਉਹ ਜਿਵੇਂ ਸਨ, ਉਵੇਂ ਹੀ ਰੱਖਣ ਦੀ ਗੱਲ ਪੱਕੀ ਕੀਤੀ ਗਈ ਸੀ।
ਫਿਲਹਾਲ ਖੰਨਾ ਨੇ ਉਹ ਸਾਰੀਆਂ ਕਾਨੂੰਨੀ ਚਰਚਾਵਾਂ ਠੱਪ ਕਰਵਾ ਦਿੱਤੀਆਂ ਹਨ, ਜਿਨ੍ਹਾਂ ’ਚ ਮਸਜਿਦਾਂ-ਕਦੇ-ਮੰਦਰ-ਸਨ, ਉੱਤੇ ਬਹਿਸ ਹੋ ਰਹੀ ਸੀ। ਘੱਟੋ-ਘੱਟ ਹੁਣ ਲਈ ਭਾਗਵਤ ਵੀ ਆਪਣੇ ਭੜਕੇ ਹੋਏ ਝੁੰਡ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ- ਉਹ ਰਾਮ ਮੰਦਿਰ ਨਾਲ ਹੀ ਸੰਤੁਸ਼ਟ ਹੋਣ ਲਈ ਕਹਿ ਰਹੇ ਹਨ ਕਿ ਕਾਸ਼ੀ ਜਾਂ ਮਥੁਰਾ ਜਾਂ ਸੰਭਲ ਦੀ ਸ਼ਾਹੀ ਮਸਜਿਦ ਜਾਂ ਫੇਰ ਅਜਮੇਰ ਸ਼ਰੀਫ ਦਰਗਾਹ ਨੂੰ ਪੁੱਟਣ ਦੀ ਕੋਈ ਲੋੜ ਨਹੀਂ ਹੈ।
ਇਹ ਗੱਲ ਦੀ ਵੱਡੀ ਸੰਭਾਵਨਾ ਹੈ ਕਿ ਭਾਗਵਤ ਹਿੰਦੂ ਤੇ ਮੁਸਲਿਮ ਧਿਰਾਂ ਦਰਮਿਆਨ ਹੋਈ ਉਸ ਵਿਚੋਲਗੀ ਦੀ ਪੂਰੀ ਅੰਦਰਲੀ ਕਹਾਣੀ ਜਾਣਦੇ ਹਨ ਜਿਸ ’ਤੇ ਨਤੀਜੇ ਵਜੋਂ 2019 ਦਾ ਸੁਪਰੀਮ ਕੋਰਟ ਦਾ ਫ਼ੈਸਲਾ ਸਾਹਮਣੇ ਆਇਆ ਤੇ ‘ਹਿੰਦੂ ਧਿਰ’ ਨੂੰ ਰਾਮ ਜਨਮਭੂਮੀ ਗਰਭ ਗ੍ਰਹਿ ਲਈ 2.77 ਏਕੜ ਜ਼ਮੀਨ ਮਿਲੀ। ਭਾਗਵਤ ਸ਼ਾਇਦ ਉਸ ਲੈਣ-ਦੇਣ ਤੋਂ ਜਾਣੂ ਹਨ ਜੋ ਮਹੀਨਿਆਂ ਬੱਧੀ ਚੱਲਿਆ ਤੇ ਕਿਉਂ ਮੁਸਲਮਾਨਾਂ ਨੇ ਉਹ ਸਭ ਭੁਲਾ ਦਿੱਤਾ ਜੋ ਉਨ੍ਹਾਂ (ਹਿੰਦੂ ਧਿਰ) ਕੀਤਾ ਸੀ, ਆਖ਼ਰ ’ਚ ਬਦਲੇ ’ਚ ਉਨ੍ਹਾਂ (ਮੁਸਲਿਮ ਧਿਰ) ਨੂੰ ਕੀ ਦੇਣ ਦਾ ਵਾਅਦਾ ਕੀਤਾ ਗਿਆ, ਇਹ ਵੀ ਉਹ ਸ਼ਾਇਦ ਜਾਣਦੇ ਹੋਣਗੇ।
ਸਵਾਲ ਇਹ ਹੈ ਕਿ ਕੀ ਇਹ ਸਭ ਮੋਹਨ ਭਾਗਵਤ ਨੂੰ ‘ਮੈਨ ਆਫ ਦਿ ਈਅਰ’ ਬਣਾਉਂਦਾ ਹੈ? ਇੱਕ ਅਣਅਧਿਕਾਰਤ ਜਾਂ ‘ਓਪੀਨੀਅਨ ਪੋਲ’ ਇਸੇ ਪਾਸੇ ਹੀ ਸੰਕੇਤ ਕਰਦਾ ਹੈ।
*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।