ਮੋਹਨ ਭਾਗਵਤ ਨੇ ਜਲੰਧਰ ਵਿੱਚ ਲਾਏ ਡੇਰੇ
ਪਾਲ ਸਿੰਘ ਨੌਲੀ
ਜਲੰਧਰ, 6 ਦਸੰਬਰ
ਆਰਐੱਸਐੱਸ ਮੁਖੀ ਮੋਹਨ ਭਾਗਵਤ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਲੰਘੀ ਰਾਤ ਜਲੰਧਰ ਦੇ ਵਿਦਿਆਧਾਮ ਵਿੱਚ ਪਹੁੰਚ ਗਏ ਹਨ। ਰੇਲਵੇ ਸਟੇਸ਼ਨ ’ਤੇ ਉਨ੍ਹਾਂ ਲਈ ਜ਼ੈੱਡ ਪਲੱਸ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਸਨ। ਦੇਸ਼ ਵਿੱਚ ਤਿੰਨ ਸੂਬਿਆਂ ਵਿੱਚ ਭਾਜਪਾ ਦੀ ਜਿੱਤ ਮਗਰੋਂ ਆਰਐੱਸਐੱਸ ਮੁਖੀ ਦੀ ਇਹ ਕੌਮੀ ਪੱਧਰ ਦੀ ਇਹ ਪਹਿਲੀ ਮੀਟਿੰਗ ਹੈ। ਅੱਜ ਸਾਰਾ ਦਿਨ ਆਰਐੱਸਐੱਸ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਚੱਲਦੀਆਂ ਰਹੀਆਂ। ਜਾਣਕਾਰੀ ਅਨੁਸਾਰ 7 ਦਸੰਬਰ ਨੂੰ ਆਰਐੱਸਐੱਸ ਦੀ ਕੌਮੀ ਕਾਰਜਕਾਰਨੀ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਵੇਗੀ ਜਿਸ ਮਗਰੋਂ ਸ੍ਰੀ ਭਾਗਵਤ ਦੋ ਦਿਨ ਆਰਐੱਸਐੱਸ ਪੰਜਾਬ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਨਗੇ। ਜਾਣਕਾਰੀ ਅਨੁਸਾਰ ਸਾਲ 2025 ਵਿੱਚ ਆਰਐੱਸਐੱਸ ਦੀ ਸਥਾਪਨਾ ਦੇ ਸੌ ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਮੀਟਿੰਗ ਵਿੱਚ ਇਸ ਸਬੰਧੀ ਪ੍ਰੋਗਰਾਮਾਂ ਨੂੰ ਵੀ ਹੁਣ ਤੋਂ ਹੀ ਉਲੀਕਿਆ ਜਾਣਾ ਹੈ। ਇਸੇ ਦੌਰਾਨ 8 ਦਸੰਬਰ ਨੂੰ ਮੋਹਨ ਭਾਗਵਤ ਵੱਲੋਂ ਡੇਰਾ ਬਿਆਸ ਜਾਣ ਦਾ ਪ੍ਰੋਗਾਰਮ ਉਲੀਕਿਆ ਜਾ ਰਿਹਾ ਹੈ ਜਿੱਥੇ ਉਹ ਡੇਰਾ ਮੁਖੀ ਨਾਲ ਦੁਪਹਿਰ ਦਾ ਭੋਜਨ ਕਰਨਗੇ। ਆਰਐੱਸਐੱਸ ਦੇ ਇਕ ਆਗੂ ਨੇ ਦੱਸਿਆ ਕਿ ਸੰਘ ਦੀ ਕੌਮੀ ਕਾਰਜਕਾਰਨੀ ਦੀ ਹਰ ਤਿੰਨ ਮਹੀਨੇ ਬਾਅਦ ਜਿਹੜੀ ਮੀਟਿੰਗ ਹੁੰਦੀ ਹੈ ਉਹੀ ਮੀਟਿੰਗ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਰੱਖੀ ਗਈ ਹੈ। ਪੰਜਾਬ ਵਿੱਚ ਧਰਮ ਪਰਿਵਰਤਨ ਦੇ ਮਾਮਲੇ ਦੇ ਰੁਝਾਨ ਨੂੰ ਸੰਘ ਠੱਲ੍ਹ ਪਾਉਣ ਦਾ ਪ੍ਰੋਗਰਾਮ ਉਲੀਕ ਰਿਹਾ ਹੈ। ਹਾਲਾਂਕਿ ਇੰਨ੍ਹਾਂ ਮੀਟਿੰਗਾਂ ਵਿੱਚ ਭਾਜਪਾ ਦੇ ਆਗੂਆਂ ਨੂੰ ਦੂਰ ਰੱਖਿਆ ਜਾ ਰਿਹਾ ਹੈ। ਉਂਜ ਭਾਜਪਾ ਲੀਡਰਸ਼ਿਪ ਆਰਐੱਸਐੱਸ ਮੁਖੀ ਦੇ ਪ੍ਰੋਗਰਾਮਾਂ ਨੂੰ ਬੜਾ ਨੇੜਿਓਂ ਦੇਖ ਰਹੀ ਹੈ। ਮੀਡੀਆ ਨੂੰ ਵੀ ਮੀਟਿੰਗਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਹਨ ਭਾਗਵਤ ਦੀ ਪੰਜਾਬ ਫੇਰੀ ਨੂੰ ਬੜੀ ਅਹਿਮੀਅਤ ਨਾਲ ਦੇਖਿਆ ਜਾ ਰਿਹਾ ਹੈ। ਆਰਐੱਸਐੱਸ ਵਿੱਚ ਕੁਝ ਆਗੂ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਸਾਂਝ ਪਾਉਣ ਦੇ ਹੱਕ ਵਿੱਚ ਦੱਸੇ ਜਾਂਦੇ ਹਨ ਪਰ ਕਈ ਅੰਦਰਖਾਤੇ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰਐੱਸਐੱਸ ਵਿਰੁੱਧ ਜਾਰੀ ਹੋਇਆ ਹੁਕਮਨਾਮਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਿਊਂਦੇ ਜੀਅ ਵਾਪਸ ਕਰਵਾਉਣ ਵਿੱਚ ਆਰਐੱਸਐੱਸ ਦਾ ਇੱਕ ਧੜਾ ਕਾਮਯਾਬ ਨਹੀਂ ਹੋ ਸਕਿਆ। ਹੁਣ ਇਸ ਹੁਕਮਨਾਮੇ ਦੇ ਵਾਪਸ ਹੋਣ ਦੀ ਉਮੀਦ ਘੱਟ ਹੈ ਕਿਉਂਕਿ ਸੀਨੀਅਰ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਵੱਡੇ ਬਾਦਲ ਵਾਂਗ ਭਰੋਸੇਯੋਗ ਨਹੀਂ ਮੰਨ ਰਹੀ।