For the best experience, open
https://m.punjabitribuneonline.com
on your mobile browser.
Advertisement

ਫਗਵਾੜੇ ਤੋਂ ਸਰ ਸ਼ਮੀਰ ਤੱਕ ਮੁਹੰਮਦ ਸ਼ਰੀਫ ਰਾਗੀ

07:41 AM Mar 09, 2024 IST
ਫਗਵਾੜੇ ਤੋਂ ਸਰ ਸ਼ਮੀਰ ਤੱਕ ਮੁਹੰਮਦ ਸ਼ਰੀਫ ਰਾਗੀ
Advertisement

ਹਰਦਿਆਲ ਸਿੰਘ ਥੂਹੀ

ਤੂੰਬੇ ਜੋੜੀ ਦੀ ਗਾਇਕੀ ਦੇ ਬਾਬਾ ਬੋਹੜ ਉਸਤਾਦ ਗਾਇਕ ਸਦੀਕ ਮੁਹੰਮਦ ‘ਔੜੀਆ’ ਨੂੰ ਗਾਉਂਦਿਆਂ ਸੁਣ ਸੁਣ ਕੇ ਅਨੇਕਾਂ ਲੋਕ ਇਸ ਗਾਇਕੀ ਨਾਲ ਜੁੜੇ ਅਤੇ ਉਸ ਦੇ ਸ਼ਾਗਿਰਦ ਬਣ ਕੇ ਆਪਣਾ ਅਤੇ ਆਪਣੇ ਉਸਤਾਦ ਦਾ ਨਾਂ ਰੌਸ਼ਨ ਕੀਤਾ। ਪਹਿਲਾਂ ਸਾਂਝੇ ਪੰਜਾਬ ਵਿਚ ਅਤੇ ਵੰਡ ਤੋਂ ਬਾਅਦ ਲਹਿੰਦੇ ਪੰਜਾਬ ਵਿਚ ਉਸ ਦੇ ਸ਼ਾਗਿਰਦਾਂ ਦੀ ਲੰਬੀ ਸੂਚੀ ਵਿੱਚੋਂ ਹੀ ਇੱਕ ਨਾਂ ਹੈ ਮੁਹੰਮਦ ਸ਼ਰੀਫ ਰਾਗੀ।
ਸ਼ਰੀਫ ਦਾ ਜਨਮ ਸਾਂਝੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਸ਼ਹਿਰ ਫਗਵਾੜੇ ਵਿਖੇ 1941 ਦੇ ਲਗਭਗ ਪਿਤਾ ਦੀਨ ਮੁਹੰਮਦ ਤੇ ਮਾਤਾ ਰਹਿਮਤ ਬੀਬੀ ਦੇ ਘਰ ਹੋਇਆ। ਅਜੇ ਪੂਰੀ ਤਰ੍ਹਾਂ ਸੁਰਤ ਵੀ ਨਹੀਂ ਸੰਭਾਲੀ ਸੀ ਕਿ ਦੇਸ਼ ਦੀ ਵੰਡ ਹੋ ਗਈ। ਪਰਿਵਾਰ ਪਾਕਿਸਤਾਨ ਚਲਾ ਗਿਆ ਤੇ ਸਰ ਸ਼ਮੀਰ ਵਿਖੇ ਟਿਕਾਣਾ ਮਿਲਿਆ। ਉੱਧਰ ਹੌਲੀ ਹੌਲੀ ਪਿਤਾ ਨੇ ਮੱਝਾਂ ਦੀ ਖ਼ਰੀਦ-ਵੇਚ ਦਾ ਕੰਮ ਸ਼ੁਰੂ ਕਰ ਦਿੱਤਾ। ਸ਼ਰੀਫ ਦੋ ਕੁ ਸਾਲ ਸਕੂਲ ਗਿਆ, ਇਸ ਕਾਰਨ ਥੋੜ੍ਹਾ ਮੋਟਾ ਉਰਦੂ ਪੜ੍ਹਨ ਦੇ ਕਾਬਲ ਹੋ ਗਿਆ। ਉਸ ਦੀ ਉਮਰ ਉਸ ਸਮੇਂ ਦਸ ਕੁ ਸਾਲ ਦੀ ਸੀ, ਜਦੋਂ ਇਨ੍ਹਾਂ ਦੇ ਪਿੰਡ ਸਰ ਸ਼ਮੀਰ ਵਿਖੇ ਉਸਤਾਦ ਰਾਗੀ ਸਦੀਕ ਮੁਹੰਮਦ ਦਾ ਪ੍ਰੋਗਰਾਮ ਹੋਇਆ। ਉਨ੍ਹਾਂ ਨੂੰ ਸੁਣ ਕੇ ਸ਼ਰੀਫ ਨੇ ਆਪਣੇ ਪਿਤਾ ਨੂੰ ਕਿਹਾ ਕਿ ਮੈਂ ਤਾਂ ਇਹ ‘ਗੌਣ’ ਸਿੱਖਣਾ ਹੈ। ਸਦੀਕ ਮੁਹੰਮਦ ਵੀ ਕਿਉਂਕਿ ਇੱਧਰੋਂ ਜਲੰਧਰ ਜ਼ਿਲ੍ਹੇ ਤੋਂ ਹੀ ਉੱਧਰ ਗਿਆ ਸੀ, ਇਸ ਕਰਕੇ ਸ਼ਰੀਫ ਦੇ ਪਿਓ ਨੂੰ ਜਾਣਦਾ ਸੀ। ਇਸ ਤਰ੍ਹਾਂ ਸ਼ਰੀਫ ਉਸਤਾਦ ਸਦੀਕ ਮੁਹੰਮਦ ਦਾ ਸ਼ਾਗਿਰਦ ਬਣ ਕੇ ਉਸ ਦੇ ਨਾਲ ਹੀ ਚਲਾ ਗਿਆ। ਉਸਤਾਦ ਨੇ ਸਭ ਤੋਂ ਪਹਿਲਾਂ ਉਸ ਨੂੰ ‘ਢੱਡ’ ਵਜਾਉਣ ਦੀ ਸਿਖਲਾਈ ਦੁਆਈ। ਹੌਲੀ ਹੌਲੀ ਉਹ ‘ਗੌਣ’ ਕੰਠ ਕਰਦਾ ਗਿਆ। ਫਿਰ ਬਤੌਰ ਪਾਛੂ ਸਾਥ ਦੇਣ ਲੱਗਾ। ਉਸਤਾਦ ਦੇ ਪੁੱਤਰ ਦੀ ਛੋਟੀ ਉਮਰ ਵਿਚ ਹੀ ਮੌਤ ਹੋ ਗਈ ਅਤੇ ਹੋਰ ਕੋਈ ਔਲਾਦ ਨਹੀਂ ਸੀ। ਇਸ ਕਾਰਨ ਉਸ ਨੇ ਸ਼ਰੀਫ ਨੂੰ ਆਪਣੇ ਪੁੱਤਰ ਵਾਂਗ ਹੀ ਨਾਲ ਰੱਖਿਆ। ਪੂਰੇ 34 ਸਾਲ ਉਹ ਉਸਤਾਦ ਦੀ ਛਤਰ ਛਾਇਆ ਹੇਠ ਰਿਹਾ।
ਸ਼ੁਰੂ ਵਿਚ ਸ਼ਰੀਫ ਦੇ ਗਰੁੱਪ ਵਿੱਚ ਉਸਤਾਦ ਦੇ ਸਾਥੀ ਰਹਿਮਾ, ਸੂਬਾ ਅਤੇ ਨਿੱਕਾ ਸਨ। ਸਮੇਂ ਸਮੇਂ ’ਤੇ ਇਸ ਗਰੁੱਪ ਵਿਚ ਹੋਰ ਵੀ ਸਾਥੀ ਸ਼ਾਮਲ ਹੁੰਦੇ ਰਹੇ। ਅਖਾੜਿਆਂ ਦੇ ਪ੍ਰੋਗਰਾਮਾਂ ਤੋਂ ਇਲਾਵਾ ਸ਼ਰੀਫ ਮੁਹੰਮਦ ਦੀ ਬਹੁਤ ਸਾਰੀ ਰਿਕਾਰਡਿੰਗ ਵੀ ਹੋਈ ਹੈ। ਪਹਿਲੀ ਕੈਸੇਟ 1980 ਵਿਚ ਰਿਕਾਰਡ ਹੋਈ। ਰਹਿਮਤ ਗ੍ਰਾਮੋਫੋਨ ਹਾਊਸ ਰਿਕਾਰਡਿੰਗ ਕੰਪਨੀ ਵੱਲੋਂ ਲਗਭਗ 87 ਆਡੀਓ ਤੇ ਸੀ.ਡੀ. ਕੈਸੇਟਾਂ ਰਿਲੀਜ਼ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਇੱਕਾ-ਦੁੱਕਾ ਹੋਰ ਕੰਪਨੀਆਂ ਨੇ ਵੀ ਰਿਕਾਰਡਿੰਗ ਕੀਤੀ ਹੈ। ਇਨ੍ਹਾਂ ਕੈਸੇਟਾਂ ਵਿਚ ਲੋਕ ਗਾਥਾਵਾਂ ਤੋਂ ਇਲਾਵਾ ਵਿਕੋਲਿਤਰੇ ‘ਰੰਗ’ ਵੀ ਸ਼ਾਮਲ ਹਨ। ਇਨ੍ਹਾਂ ਵਿਚ ਧਾਰਮਿਕ, ਸਦਾਚਾਰਕ, ਬੀਰ ਰਸੀ ਅਤੇ ਸ਼ਿੰਗਾਰ ਰਸੀ ਰਚਨਾਵਾਂ ਸ਼ਾਮਲ ਹਨ ਜਿਵੇਂ ਗੌਂਸ ਪਾਕ, ਇਬਰਾਹੀਮ, ਸ਼ਾਹ ਮਨਸੂਰ, ਰਾਜਾ ਹਰੀਸ਼ ਚੰਦਰ, ਕੌਲਾਂ, ਦੁੱਲਾ ਭੱਟੀ, ਜੈਮਲ ਫੱਤਾ, ਜਿਉਣਾ ਮੌੜ, ਸ਼ਾਹ ਦਹੂਦ, ਢੋਲ ਬਾਦਸ਼ਾਹ, ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਲੈਲਾ ਮਜਨੂੰ, ਸੋਹਣੀ, ਸੱਸੀ, ਮਲਕੀ ਆਦਿ। ਕੈਸੇਟਾਂ ਤੋਂ ਇਲਾਵਾ ਰਿਕਾਰਡਿੰਗ ਕੰਪਨੀ ਈ.ਐੱਮ.ਆਈ. ਨੇ ਤਿੰਨ ਤਵੇ ਵੀ ਰਿਕਾਰਡ ਕੀਤੇ ਪ੍ਰੰਤੂ ਰਾਸ਼ਟਰਪਤੀ ਜਨਰਲ ਜ਼ਿਆ-ਉਲ-ਹੱਕ ਦੇ ਸਪੀਕਰਾਂ ’ਤੇ ਪਾਬੰਦੀ ਲਾਉਣ ਕਾਰਨ ਚੱਲ ਨਹੀਂ ਸਕੇ।
ਲਹਿੰਦੇ ਪੰਜਾਬ ਵਿਚ ਮੁਹੰਮਦ ਸ਼ਰੀਫ਼ ਰਾਗੀ ਦਾ ਕੋਈ ਸਾਨੀ ਨਹੀਂ। ਉਹ ਬਿਨਾਂ ਸ਼ੱਕ ਉੱਥੋਂ ਦਾ ਨੰਬਰ ਇਕ ਰਾਗੀ ਹੈ। ਉਸ ਦੀ ਸੁਰੀਲੀ ਅਤੇ ਬੁਲੰਦ ਆਵਾਜ਼ ਅਤੇ ਅੰਦਾਜ਼ੇ ਬਿਆਨ ਪ੍ਰਭਾਵਸ਼ਾਲੀ ਹੈ। ਸ਼ਰੀਫ਼ ਨੇ ਲਹਿੰਦੇ ਪੰਜਾਬ ਤੋਂ ਇਲਾਵਾ ਪਾਕਿਸਤਾਨ ਦੇ ਮੁੱਖ ਸ਼ਹਿਰਾਂ ਇਸਲਾਮਾਬਾਦ, ਕਰਾਚੀ ਆਦਿ ਵਿਚ ਵੀ ਪ੍ਰੋਗਰਾਮ ਕੀਤੇ ਹਨ। ਤਤਕਾਲੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਸਮੇਂ ਪ੍ਰਧਾਨ ਮੰਤਰੀ ਹਾਊਸ ਵਿਚ ਪੇਸ਼ਕਾਰੀ ਦਿੱਤੀ। ਇਸ ਤੋਂ ਬਿਨਾਂ ਉਹ ਆਪਣੀ ਜੰਮਣ ਭੋਇੰ ’ਤੇ ਵੀ ਤਿੰਨ ਫੇਰੀਆਂ ਪਾ ਚੁੱਕਾ ਹੈ। ਪਹਿਲੀ ਵਾਰ ਉਹ 14-15 ਸਾਲ ਦੀ ਉਮਰੇ 1956 ’ਚ ਉਸਤਾਦ ਮੁਹੰਮਦ ਸਦੀਕ ਨਾਲ ਮਾਲੇਰਕੋਟਲੇ ਆਇਆ ਸੀ। 2007 ਵਿਚ ਨਕੋਦਰ, ਨੂਰ ਮਹਿਲ, ਮੰਢਾਲੀ ਸ਼ਰੀਫ, ਸੰਘੇ ਖਾਲਸਾ ਅਤੇ ਹੋਰ ਕਈ ਥਾਵਾਂ ’ਤੇ ਗਿਆ। ਤੀਸਰੀ ਵਾਰ 2009 ਵਿਚ ਸ਼ੰਕਰ, ਸ਼ਰੀਂਹ, ਫਗਵਾੜਾ, ਫਲੌਰ ਆਦਿ ਕਈ ਥਾਵਾਂ ’ਤੇ ਪ੍ਰੋਗਰਾਮ ਕੀਤੇ। ਆਪਣੀ ਕਲਾ ਦੇ ਜ਼ੋਰ ਸ਼ਰੀਫ ਰਾਗੀ ਇੰਗਲੈਂਡ ਦਾ ਵੀ ਚੱਕਰ ਲਾ ਆਇਆ ਹੈ।
ਮੁਹੰਮਦ ਸ਼ਰੀਫ ਦੀ ਆਵਾਜ਼ ਵਿਚ ਅਣਗਿਣਤ ‘ਗੌਣ’ ਰਿਕਾਰਡ ਹੋ ਚੁੱਕਾ ਹੈ। ਨਮੂਨੇ ਵਜੋਂ ਦੋ ਰਚਨਾਵਾਂ ਪੇਸ਼ ਹਨ:
* ਤੇਰਾ ਲੁੱਟਿਆ ਸ਼ਹਿਰ ਭੰਬੋਰ, ਸੱਸੀਏ ਬੇਖ਼ਬਰੇ।
ਰਾਤੀ ਮਹਿਲਾਂ ਵਿਚ ਪੈ ਗਏ ਤੇਰੇ ਚੋਰ, ਸੱਸੀਏ ਬੇਖ਼ਬਰੇ।
ਨਾਲ ਪੁੰਨੂ ਦੇ ਲਾਈ ਤੂੰ ਯਾਰੀ।
ਸੌਂ ਗਈ ਨੀਂ ਕਰਕੇ ਨੀਂਦ ਪਿਆਰੀ।
ਉੱਡ ਗਏ ਪੰਛੀ ਮਾਰ ਉਡਾਰੀ।
ਤੈਨੂੰ ਨੀਂਦਰਾਂ ਨੇ ਪਾ ਲਿਆ ਜ਼ੋਰ, ਸੱਸੀਏ ਬੇਖ਼ਬਰੇ।
ਤੇਰਾ ਲੁੱਟਿਆ ਸ਼ਹਿਰ ਭੰਬੋਰ, ਸੱਸੀਏ ਬੇਖ਼ਬਰੇ।
* ਬੈਠ ਸਰ੍ਹਾਣੇ ਯਾਰ ਦੇ, ਜੱਟੀ ਸਾਹਿਬਾਂ ਪਾਉਂਦੀ ਵੈਣ।
ਹੱਥ ਛਾਤੀ ’ਤੇ ਮਾਰਦੀ, ਉਹਦੇ ਗਲ ਵਿਚ ਜ਼ੁਲਫਾਂ ਪੈਣ।
ਅੱਖਾਂ ਪੂੰਝੇ ਨਾਲ ਰੁਮਾਲ ਦੇ, ਤੇ ਡੁੱਲ੍ਹ-ਡੁੱਲ੍ਹ ਪੈਂਦੇ ਨੈਣ।
ਜੱਟਾ ਮਾਪੇ ਕੁੜਮ ਕਬੀਲੜੇ, ਹੋਰ ਸਾਕ ਨਾ ਸੈਣ।
ਜਿਸ ਘਰ ਮੌਜਾਂ ਮਾਣੀਆਂ, ਕੱਟਣੀ ਨਾ ਮਿਲਦੀ ਰੈਣ।
ਜੰਡ, ਕਰੀਰ, ਵਣ, ਬੇਰੀਆਂ, ਮੈਨੂੰ ਦਿਸਦੇ ਵਾਂਗਰ ਡੈਣ।
ਵੇ ਧੱਕਾ ਦੇ ਗਿਆ ਬੁੱਢੜੀ ਮਾਂ ਨੂੰ, ਹੋਜੂ ਵਾਂਗ ਸ਼ੁਦੈਣ।
ਕੰਡ ਟੁੱਟ ਗਈ ਬੁੱਢੇ ਬਾਪ ਦੀ, ਡੋਬ ਕਾਲਜੇ ਪੈਣ।
ਮੁਹੰਮਦ ਸ਼ਰੀਫ ਨੇ ਆਪ ਵੀ ਕਈ ‘ਰੰਗਾਂ’ ਦੀ ਰਚਨਾ ਕੀਤੀ ਹੈ, ਜਿਨ੍ਹਾਂ ਦੀ ਗਿਣਤੀ ਵੀਹ ਦੇ ਲਗਭਗ ਹੈ। ਇਨ੍ਹਾਂ ਵਿਚੋਂ 5-6 ਨੂੰ ਬਹੁਤ ਪ੍ਰਸਿੱਧੀ ਮਿਲੀ ਹੈ। ਇਸ ਰਾਗ ਦੇ ਖੋਜੀ ਵਿਦਵਾਨ ਡਾ. ਹਰਨੇਕ ਸਿੰਘ ਹੇਅਰ ਨੇ ਆਪਣੀ ਪੁਸਤਕ ‘ਲੋਕ ਕਾਵਿ-ਰੂਪ ਰੰਗ (ਸੰਪਾਦਨ ਤੇ ਸਮੀਖਿਆ)’ ਜਿਲਦ-। ਵਿਚ ਉਸ ਦੇ ਤਿੰਨ ਰੰਗ ‘ਦੇਖ ਲਾ ਤੂੰ ਮੁੱਖ ਜਾਂਦੀ ਵਾਰ ਵੀਰ ਦਾ’, ‘ਰੱਜ ਰੱਜ ਸੌਂ ਲਈ’ ਅਤੇ ‘ਨੀਂ ਸੱਸੀਏ ਬੇਖ਼ਬਰੇ’ ਸ਼ਾਮਲ ਕੀਤੇ ਹੋਏ ਹਨ।
ਤਰਾਸੀਆਂ ਸਾਲਾਂ ਦੇ ਮੁਹੰਮਦ ਸ਼ਰੀਫ ਨੇ ਆਪਣੀ ਜ਼ਿੰਦਗੀ ਦੇ 73 ਸਾਲ ‘ਗੌਣ’ ਦੇ ਲੇਖੇ ਲਾ ਦਿੱਤੇ। ਅੱਜ ਵੀ ਉਸ ਵਿਚ ਨੌਜਵਾਨਾਂ ਵਾਲਾ ਦਮ-ਖ਼ਮ ਹੈ। ਤਿੰਨ ਤੋਂ ਚਾਰ ਘੰਟੇ ਤੱਕ ਉਹ ਇਕੱਲਾ ਹੀ ਗਾਉਣ ਦਾ ਦਮ ਰੱਖਦਾ ਹੈ। ਸਮੇਂ ਦੇ ਅਨੁਸਾਰ ਉਸ ਦਾ ਨਿਕਾਹ ਮਜ਼ੀਦਾਂ ਬੀਬੀ ਨਾਲ ਹੋਇਆ। ਇਨ੍ਹਾਂ ਦੇ ਘਰ ਪੰਜ ਪੁੱਤਰਾਂ ਅਤੇ ਤਿੰਨ ਪੁੱਤਰੀਆਂ ਨੇ ਜਨਮ ਲਿਆ। ਪੁੱਤਰਾਂ ਵਿਚੋਂ ਕੇਵਲ ਇਕ ਮੁਹੰਮਦ ਤਾਰਕ ਉਰਫ਼ ਲਾਲੋ ਹੀ ਇਸ ਰਾਗ ਨਾਲ ਜੁੜਿਆ ਹੈ। ਉਹ ਇਕ ਵਧੀਆ ਢੱਡ ਵਾਦਕ ਹੈ, ਜੋ ਆਪਣੇ ਪਿਓ ਤੋਂ ਇਲਾਵਾ ਹੋਰ ਰਾਗੀਆਂ ਨਾਲ ਵੀ ਢੱਡ ਵਜਾਉਂਦਾ ਹੈ।
ਮੁਹੰਮਦ ਸ਼ਰੀਫ ਨੇ ਬਹੁਤ ਸਾਰੇ ਸਿਖਾਂਦਰੂਆਂ ਨੂੰ ਇਸ ਰਾਗ ਦੀ ਸਿਖਲਾਈ ਦਿੱਤੀ ਹੈ, ਜਿਹੜੇ ਅੱਜ ਲਹਿੰਦੇ ਪੰਜਾਬ ਦੇ ਨਾਮੀ ਰਾਗੀ ਹਨ। ਸ਼ਾਗਿਰਦਾਂ ਵਿਚੋਂ ਸ਼ਰੀਫ ਦਾ ਸਭ ਤੋਂ ਵੱਧ ਦਿਲ ਜਿੱਤਿਆ ਛੱਤੀਆਂ ਸਾਲਾਂ ਦੇ ਨੌਜਵਾਨ ਰਾਗੀ ਇਰਫਾਨ ਨੇ। ਸ਼ਰੀਫ ਨੇ ‘ਰਾਗ’ ਵਿਚ ਇਰਫ਼ਾਨ ਨੂੰ ਆਪਣਾ ਵਾਰਸ ਬਣਾਇਆ ਹੈ। ਆਪਣੇ ਗ੍ਰੰਥ, ਹੱਥ ਲਿਖਤ ਕਾਪੀਆਂ, ਕੈਸੇਟਾਂ ਭਾਵ ਸਾਰਾ ਸਰਮਾਇਆ ਉਸ ਨੂੰ ਸੰਭਾਲ ਦਿੱਤਾ ਹੈ।

Advertisement

ਸੰਪਰਕ: 84271-00341

Advertisement
Author Image

sukhwinder singh

View all posts

Advertisement
Advertisement
×