Mohammad Rafi: ਮੁਹੰਮਦ ਰਫ਼ੀ ਦੇ ਜੀਵਨ ’ਤੇ ਬਣੇਗੀ ਫਿਲਮ
ਪਣਜੀ, 27 ਨਵੰਬਰ
ਮਸ਼ਹੂਰ ਗਾਇਕ ਮੁਹੰਮਦ ਰਫ਼ੀ ਦੇ ਪੁੱਤਰ ਸ਼ਾਹਿਦ ਰਫ਼ੀ ਨੇ ਆਪਣੇ ਪਿਤਾ ਦੇ ਜੀਵਨ ’ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਦਾ ਅਧਿਕਾਰਕ ਐਲਾਨ ਅਗਲੇ ਮਹੀਨੇ ਕੀਤਾ ਜਾਵੇਗਾ। ਆਗਾਮੀ 24 ਦਸੰਬਰ ਨੂੰ ਮੁਹੰਮਦ ਰਫ਼ੀ ਦੀ ਜਨਮ ਸ਼ਤਾਬਦੀ ਹੋਵੇਗੀ। ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇਫਕੀ) ਵਿੱਚ ਮੰਗਲਵਾਰ ਨੂੰ ਹਿੰਦੀ ਸਿਨੇਮਾ ਜਗਤ ਦੇ ਸਭ ਤੋਂ ਪ੍ਰਸਿੱਧ ਗਾਇਕਾਂ ਵਿੱਚ ਸ਼ਾਮਲ ਰਹੇ ਰਫ਼ੀ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿਨ੍ਹਾਂ ਨੇ ਭਾਰਤੀ ਭਾਸ਼ਾਵਾਂ ਸਣੇ ਕੁੱਝ ਵਿਦੇਸ਼ੀ ਭਾਸ਼ਾਵਾਂ ਵਿੱਚ 1000 ਤੋਂ ਵੱਧ ਫਿਲਮਾਂ ਵਿੱਚ ਗੀਤ ਗਾਏ ਹਨ। ਸ਼ਾਹਿਦ ਰਫ਼ੀ ਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਜੀਵਨ ’ਤੇ ਫਿਲਮ ਬਣਾਉਣ ਲਈ ਫਿਲਮ ਨਿਰਦੇਸ਼ਕ ਉਮੇਸ਼ ਸ਼ੁਕਲਾ ਨਾਲ ਗੱਲਬਾਤ ਕਰ ਰਿਹਾ ਹੈ। ਸ਼ੁਕਲਾ ਨੇ ‘ਓਐੱਮਜੀ-ਓਹ ਮਾਈ ਗੌਡ’ ਅਤੇ ‘102 ਨਾਟ ਆਊਟ’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸ ਨੇ ਕਿਹਾ, ‘‘ਦਸੰਬਰ ਵਿੱਚ ਐਲਾਨ ਕੀਤਾ ਜਾਵੇਗਾ। ਮੈਂ ਰਫ਼ੀ ਸਾਹਿਬ ਦੇ ਜੀਵਨ ’ਤੇ ਫਿਲਮ ਬਣਾ ਰਿਹਾ ਹਾਂ। ਉਹ ਰਫ਼ੀ ਸਾਹਿਬ ਦੀ ਜ਼ਿੰਦਗੀ ਦੀ ਕਹਾਣੀ ਹੋਵੇਗੀ। ਇਸ ਵਿੱਚ ਗੀਤ ਵੀ ਹੋਣਗੇ। ਅਸੀਂ ਫਿਲਮ ਨਿਰਦੇਸ਼ਕ ਉਮੇਸ਼ ਸ਼ੁਕਲਾ ਨਾਲ ਕਰਾਰ ਕੀਤਾ ਹੈ। ਇਹ ਪੂਰੀ ਤਰ੍ਹਾਂ ਇੱਕ ਫੀਚਰ ਫਿਲਮ ਹੋਵੇਗਾ।’’ ਸ਼ਾਹਿਦ ਰਫ਼ੀ ਫਿਲਮ ਫੈਸਟੀਵਲ ਦੌਰਾਨ ਕਰਵਾਏ ਗਏ ਵਿਸ਼ੇਸ਼ ਸੈਸ਼ਨ ‘ਆਸਮਾਂ ਸੇ ਆਯਾ ਫਰਿਸ਼ਤਾ-ਮੁਹੰਮਦ ਰਫ਼ੀ ਦਿ ਕਿੰਗ ਆਫ ਮੈਲੋਡੀ’ ਨੂੰ ਸੰਬੋਧਨ ਕਰ ਰਹੇ ਸੀ। ਫੈਸਟੀਵਲ ਵਿੱਚ ਮਸ਼ਹੂਰ ਅਦਾਕਾਰਾ ਸ਼ਰਮੀਲਾ ਟੈਗੋਰ, ਗਾਇਕ ਸੋਨੂ ਨਿਗਮ, ਅਨੁਰਾਧਾ ਪੌਡਵਾਲ ਅਤੇ ਫਿਲਮਸਾਜ਼ ਸੁਭਾਸ਼ ਘਈ ਮੌਜੂਦ ਸਨ। -ਆਈਏਐੱਨਐੱਸ