ਮੁਹੰਮਦ ਹਫੀਜ਼ ਪਾਕਿਸਤਾਨ ਦੇ ਟੀਮ ਡਾਇਰੈਕਟਰ ਨਿਯੁਕਤ
ਕਰਾਚੀ, 16 ਨਵੰਬਰ
ਸਾਬਕਾ ਕਪਤਾਨ ਮੁਹੰਮਦ ਹਫੀਜ਼ ਨੂੰ ਪਾਕਿਸਤਾਨ ਕ੍ਰਿਕਟ ਟੀਮ ਦਾ ਟੀਮ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਿਲ ਕੇ ਕੰਮ ਕਰਨ ਨਾਲ ਉਹ ਚੰਗੇ ਨਤੀਜੇ ਹਾਸਲ ਕਰ ਸਕਦੇ ਹਨ। ਪਾਕਿਸਤਾਨ ਕ੍ਰਿਕਟ ਟੀਮ ਦੇ ਵਿਸ਼ਵ ਲੀਗ ਗੇੜ ’ਚੋਂ ਬਾਹਰ ਹੋਣ ਮਗਰੋਂ ਹਫੀਜ਼ ਨੂੰ ਹੁਣ ਟੀਮ ਨੂੰ ਨਵਾਂ ਰੂਪ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਕੋਚ ਦੀ ਭੂਮਿਕਾ ਵੀ ਨਿਭਾਉਣਗੇ ਅਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਆਗਾਮੀ ਦੌਰੇ ਲਈ ਜਦੋਂ ਟੀਮ ਦੇ ਸਹਿਯੋਗੀ ਸਟਾਫ ਦੀ ਨਿਯੁਕਤੀ ਕਰੇਗਾ ਤਾਂ ਇਸ ਸਬੰਧੀ ਉਨ੍ਹਾਂ ਨਾਲ ਸਲਾਹ ਕਰੇਗਾ। ਹਫੀਜ਼ ਨੇ ਕਿਹਾ, ‘‘ਪਾਕਿਸਤਾਨ ਕ੍ਰਿਕਟ ਟੀਮ ਦੇ ਟੀਮ ਡਾਇਰੈਕਟਰ ਵਜੋਂ ਕੰਮ ਲਈ ਮੈਂ ਉਤਸ਼ਾਹਿਤ ਹਾਂ। ਮੇਰੇ ’ਤੇ ਭਰੋਸਾ ਕਰਨ ਅਤੇ ਮੈਨੂੰ ਚੁਣੌਤੀ ਭਰੀ ਜ਼ਿੰਮੇਵਾਰੀ ਸੌਂਪਣ ਲਈ ਮੈਂ ਪੀਸੀਬੀ ਦਾ ਸ਼ੁਕਰਗੁਜ਼ਾਰ ਹਾਂ।’’ ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਨੇ ਟੀਮ ਡਾਇਰੈਕਟਰ ਨਿਯੁਕਤ ਕੀਤਾ ਹੈ। ਹਫੀਜ਼ ਨੇ ਪਿਛਲੇ ਸਾਲ ਜਨਵਰੀ ਵਿੱਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। -ਪੀਟੀਆਈ