ਮੁਹਾਲੀ ਦਾ ਖੇਡ ਸਟੇਡੀਅਮ ਦਸ ਦਿਨ ਰਹੇਗਾ ਬੰਦ
ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ (ਮੁਹਾਲੀ), 6 ਜੁਲਾਈ
ਲੋਕ ਸਭਾ ਦੀਆਂ ਚੋਣਾਂ ਸਮੇਂ ਵੋਟਿੰਗ ਮਸ਼ੀਨਾਂ ਲਈ ਸਟਰਾਂਗ ਰੂਮ ਬਣਾਏ ਜਾਣ ਕਾਰਨ ਦਸ ਦਿਨ ਬੰਦ ਰਹੇ ਮੁਹਾਲੀ ਦੇ ਸੈਕਟਰ-78 ਦਾ ਬਹੁਮੰਤਵੀ ਖੇਡ ਭਵਨ ਹੁਣ ਮੁੜ ਦਸ ਦਿਨ ਬੰਦ ਰਹੇਗਾ। ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾਣ ਵਾਲੀਆਂ ਭਰਤੀਆਂ ਸਬੰਧੀ ਇੱਥੇ ਉਮੀਦਵਾਰਾਂ ਦੇ ਸਰੀਰਕ ਟੈਸਟ ਹੋਣ ਕਾਰਨ ਖੇਡ ਭਵਨ 16 ਜੁਲਾਈ ਤੱਕ ਬੰਦ ਰਹੇਗਾ। ਇਸ ਨੂੰ ਬੰਦ ਕਰਨ ਵਿਰੁੱਧ ਇੱਥੇ ਰੋਜ਼ਾਨਾ ਅਭਿਆਸ ਲਈ ਆਉਂਦੇ ਸੈਂਕੜੇ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਯੂਥ ਆਫ਼ ਪੰਜਾਬ ਦੇ ਚੇਅਰਮੈਨ ਅਤੇ ਖੇਡ ਪ੍ਰੇਮੀ ਪਰਮਦੀਪ ਸਿੰਘ ਬੈਦਵਾਣ ਨੇ ਸਟੇਡੀਅਮ ਬੰਦ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਖ਼ਿਡਾਰੀਆਂ ਦੇ ਭਵਿੱਖ ਨਾਲ ਖ਼ਿਲਵਾੜ ਕਰ ਰਹੀ ਹੈ ਕਿਉਂਕਿ ਇੱਕ ਦਿਨ ਲਈ ਵੀ ਪ੍ਰੈਕਟਿਸ ਬੰਦ ਹੋਣ ਨਾਲ ਖਿਡਾਰੀ ਦੀ ਖੇਡ ’ਤੇ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦਸ ਦਿਨ ਅਭਿਆਸ ਬੰਦ ਰਹਿਣ ਕਾਰਨ ਖਿਡਾਰੀਆਂ ਦੀ ਪ੍ਰਤਿਭਾ ਪ੍ਰਭਾਵਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇੱਥੇ 800 ਤੋਂ ਵੱਧ ਬੱਚੇ ਰੋਜ਼ਾਨਾ ਦਰਜਨਾਂ ਖੇਡਾਂ ਦਾ ਅਭਿਆਸ ਕਰਦੇ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਸਵੇਰੇ ਸ਼ਾਮ ਪ੍ਰੈਕਟਿਸ ਕਰਨ ਦੀ ਇਜ਼ਾਜਤ ਦਿੱਤੀ ਜਾਵੇ। ਰੋਜ਼ਾਨਾ ਪ੍ਰੈਕਟਿਸ ਕਰਨ ਆਉਂਦੇ ਕਈਂ ਖਿਡਾਰੀਆਂ ਦੇ ਮਾਪਿਆਂ ਨੇ ਦੱਸਿਆ ਅੱਜ ਸਵੇਰੇ ਵੀ ਬੱਚਿਆਂ ਨੂੰ ਅਭਿਆਸ ਨਹੀਂ ਕਰਨ ਦਿੱਤਾ ਗਿਆ ਤੇ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ।
ਜ਼ਿਲ੍ਹਾ ਖੇਡ ਅਫ਼ਸਰ ਹਰਭਿੰਦਰ ਸਿੰਘ ਨੇ ਸਟੇਡੀਅਮ ਬੰਦ ਕਰਨ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਇੱਥੇ ਫਿਜ਼ੀਕਲ ਭਰਤੀ ਟੈਸਟ ਸਵੇਰੇ ਸ਼ਾਮ ਹੀ ਹੋਣੇ ਹਨ ਜਿਸ ਕਾਰਨ ਸਟੇਡੀਅਮ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।