ਮੁਹਾਲੀ: ਵਿਰੋਧੀ ਧਿਰ ਨੇ ਮੇਅਰ ਤੋਂ ਅਸਤੀਫ਼ਾ ਮੰਗਿਆ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 12 ਜੂਨ
ਮੁਹਾਲੀ ਵਿੱਚ ਸਫ਼ਾਈ ਵਿਵਸਥਾ ਦੀ ਮਾੜੀ ਹਾਲਤ ਦਾ ਮੁੱਦਾ ਕਾਫ਼ੀ ਭਖ ਗਿਆ ਹੈ। ਵਿਰੋਧੀ ਧਿਰ ‘ਆਪ’ ਦੇ ਕੌਂਸਲਰਾਂ ਗੁਰਮੀਤ ਕੌਰ, ਸਰਬਜੀਤ ਸਿੰਘ ਸਮਾਣਾ, ਗੁਰਪ੍ਰੀਤ ਕੌਰ ਬੈਦਵਾਨ, ਕਰਮਜੀਤ ਕੌਰ ਮਟੌਰ, ਰਵਿੰਦਰ ਬਿੰਦਰਾ, ਅਰੁਣਾ ਵਿਸ਼ਿਸ਼ਟ, ਰਮਨਪ੍ਰੀਤ ਕੌਰ ਕੁੰਭੜਾ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਤੋਂ ਅਸਤੀਫ਼ਾ ਮੰਗਿਆ ਹੈ। ਅੱਜ ਇੱਥੇ ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਖ਼ੁਦ ਸ਼ਹਿਰ ਦੀ ਸਫ਼ਾਈ ਵਿਵਸਥਾ ’ਤੇ ਸਵਾਲ ਚੁੱਕਦਿਆਂ ਕਮਿਸ਼ਨਰ ਨੂੰ ਪੱਤਰ ਲਿਖ ਕੇ ਇਹ ਸਾਬਤ ਕੀਤਾ ਹੈ ਕਿ ਸ਼ਹਿਰ ਵਿੱਚ ਸਫ਼ਾਈ ਦਾ ਮਾੜਾ ਹਾਲ ਹੈ। ਲਿਹਾਜ਼ਾ ਮੇਅਰ ਜੀਤੀ ਸਿੱਧੂ ਨੂੰ ਹੁਣ ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ਾ ਦੇਣਾ ਚਾਹੀਦਾ ਹੈ।
‘ਆਪ’ ਦੇ ਕੌਂਸਲਰਾਂ ਨੇ ਕਿਹਾ ਕਿ ਡਿਪਟੀ ਮੇਅਰ ਕੁਲਜੀਤ ਬੇਦੀ ਨੂੰ ਪੱਤਰ ਲਿਖਣ ਦੀ ਥਾਂ ਖ਼ੁਦ ਦਿਲਚਸਪੀ ਲੈ ਕੇ ਕੰਮ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਕਾਬਜ਼ ਧਿਰ ਦੇ ਸ਼ਾਸਨ ਵਿੱਚ ਸ਼ਹਿਰ ਦੀ ਸਫ਼ਾਈ ਦਾ ਮਾੜਾ ਹਾਲ ਹੈ ਅਤੇ ਵਿਕਾਸ ਕੰਮਾਂ ਵਿੱਚ ਖੜ੍ਹੋਤ ਆਈ ਹੋਈ ਹੈ। ਜਿਸ ਕਾਰਨ ਸ਼ਹਿਰ ਵਾਸੀ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ।
ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਡਿਪਟੀ ਮੇਅਰ ਕਮਿਸ਼ਨਰ ਨੂੰ ਪੱਤਰ ਲਿਖਣ ਦਾ ਦਿਖਾਵਾ ਕਰ ਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਹਨ ਜਦੋਂਕਿ ਉਹ ਕਾਬਜ਼ ਧਿਰ ਨਾਲ ਸਬੰਧਤ ਹੋਣ ਕਰ ਕੇ ਹਰ ਫ਼ੈਸਲਾ ਲੈਣ ਦੇ ਸਮਰਥ ਹਨ।
ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ‘ਆਪ’ ਕੌਂਸਲਰ: ਮੇਅਰ
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ‘ਆਪ’ ਦੇ ਕੌਂਸਲਰ ਜਾਣਬੁੱਝ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਹੈ ਅਤੇ ਅਫ਼ਸਰਸ਼ਾਹੀ ਵੀ ਇਨ੍ਹਾਂ ਮੁਤਾਬਕ ਹੀ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਨੂੰ ਚਾਹੀਦਾ ਹੈ ਅਫ਼ਸਰਾਂ ਤੋਂ ਸਖ਼ਤੀ ਨਾਲ ਕੰਮ ਕਰਵਾਇਆ ਜਾਵੇ ਕਿਉਂਕਿ ਮੇਅਰ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ।