ਪਾਣੀ ਦੀ ਨਿਕਾਸੀ ਤੋਂ ਮੁਹਾਲੀ ਵਾਸੀ ਆਹਮੋ-ਸਾਹਮਣੇ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 22 ਜੁਲਾਈ
ਚੰਡੀਗੜ੍ਹ ਦੀ ਜੂਹ ਵਿੱਚ ਵੀਆਈਪੀ ਸ਼ਹਿਰ ਮੁਹਾਲੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਅੱਜ ਸਵੇਰੇ ਹੋਈ ਭਰਵੀਂ ਬਾਰਸ਼ ਦਾ ਪਾਣੀ ਜਮ੍ਹਾਂ ਹੋਣ ਅਤੇ ਨਿਕਾਸੀ ਨੂੰ ਲੈ ਕੇ ਇੱਥੋਂ ਦੇ ਫੇਜ਼-3ਬੀ2 ਅਤੇ ਸੈਕਟਰ-71 ਦੇ ਵਸਨੀਕ ਆਹਮੋ-ਸਾਹਮਣੇ ਆ ਗਏ। ਫੇਜ਼-3ਬੀ2 ਦੇ ਵਸਨੀਕਾਂ ਆਸ਼ੂ ਵੈਦ, ਸੰਦੀਪ ਸ਼ਰਮਾ ਅਤੇ ਰਿਸ਼ੀਪਾਲ ਵੈਦ ਨੇ ਕਿਹਾ ਕਿ ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਉਨ੍ਹਾਂ ਦੇ ਘਰਾਂ ਵਿੱਚ 3-3 ਫੁੱਟ ਪਾਣੀ ਵੜ ਜਾਂਦਾ ਹੈ ਅਤੇ ਇਸ ਵਾਰ ਤਾਂ ਸੜਕ ’ਤੇ ਖੜ੍ਹੀਆਂ ਕਾਰਾਂ ਦੀ ਛੱਤ ਤੱਕ ਪਾਣੀ ਆ ਗਿਆ। ਜਦੋਂ ਪੰਪ ਨਾਲ ਪਾਣੀ ਦੀ ਨਿਕਾਸੀ ਕਰਨੀ ਚਾਹੀ ਤਾਂ ਗੁਆਂਢੀ ਸੈਕਟਰ-71 ਦੇ ਲੋਕ ਇਕੱਠੇ ਹੋ ਕੇ ਆ ਗਏ ਵਿਰੋਧ ਸ਼ੁਰੂ ਕਰ ਦਿੱਤਾ।
ਉਧਰ, ਸੈਕਟਰ-71 ਦੇ ਵਸਨੀਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ 300 ਤੋਂ ਵੱਧ ਘਰਾਂ ਵਿੱਚ ਪਾਣੀ ਦਾਖ਼ਲ ਹੋ ਗਿਆ। ਜਿਸ ਕਾਰਨ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਪੀੜਤ ਲੋਕਾਂ ਨੇ ਪੀਪਲਜ਼ ਵੈੱਲਫੇਅਰ ਐਸੋਸੀਏਸ਼ਨ ਸੈਕਟਰ-71 ਦੇ ਪ੍ਰਧਾਨ ਬਚਨ ਸਿੰਘ ਬੋਪਾਰਾਏ ਦੀ ਅਗਵਾਈ ਸੜਕ ’ਤੇ ਚੱਕਾ ਜਾਮ ਕਰਕੇ ਮੁਹਾਲੀ ਨਗਰ ਨਿਗਮ ਅਤੇ ਗਮਾਡਾ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਘਰਾਂ ਵਿੱਚ ਦਾਖ਼ਲ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਸੂਚਨਾ ਮਿਲਦੇ ਹੀ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਪੀੜਤ ਲੋਕਾਂ ਨੂੰ ਇਸ ਸਮੱਸਿਆ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਉਂਜ ਬੇਦੀ ਨੇ ਕਿਹਾ ਕਿ ਇਹ ਕੰਮ ਗਮਾਡਾ ਅਧੀਨ ਆਉਂਦਾ ਹੈ। ਜਦੋਂਕਿ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਨਰੇਸ਼ ਬੱਤਾ, ਐਕਸੀਅਨ ਕਮਲਦੀਪ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਨੇ ਦੋ ਦਨਿ ਦੀ ਮੋਹਲਤ ਮੰਗ ਕੇ ਲੋਕਾਂ ਦਾ ਗੁੱਸਾ ਸ਼ਾਂਤ ਕੀਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਮਸਲੇ ਦੇ ਹੱਲ ਲਈ ਟੈਂਡਰ ਜਾਰੀ ਕੀਤੇ ਜਾਣਗੇ।
ਵਕੀਲ ਦਰਸ਼ਨ ਸਿੰਘ ਧਾਲੀਵਾਲ ਅਤੇ ਬਚਨ ਸਿੰਘ ਬੋਪਾਰਾਏ ਨੇ ਮੁਹਾਲੀ ਪ੍ਰਸ਼ਾਸ਼ਨ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਕਿ ਜੇਕਰ ਇਸ ਦੌਰਾਨ ਪਾਣੀ ਦੀ ਨਿਕਾਸੀ ਦਾ ਠੋਸ ਹੱਲ ਨਹੀਂ ਕੀਤਾ ਗਿਆ ਤਾਂ ਉਹ ਏਅਰਪੋਰਟ ਸੜਕ ’ਤੇ ਧਰਨਾ ਲਗਾ ਕੇ ਟਰੈਫ਼ਿਕ ਜਾਮ ਕਰਨਗੇ।