ਮੁਹਾਲੀ: ਮੀਂਹ ਦਾ ਪਾਣੀ ਘਰਾਂ ’ਚ ਵੜਿਆ; ਪ੍ਰਸ਼ਾਸਨ ਵੱਲੋਂ ਫਲੱਡ ਕੰਟਰੋਲ ਲਈ ਨੰਬਰ ਜਾਰੀ, ਏਅਰਪੋਰਟ ਰੋਡ ’ਤੇ ਦੋ-ਦੋ ਫੁੱਟ ਪਾਣੀ ਖੜ੍ਹਿਆ
ਟ੍ਰਿਬਿਊਨ ਨਿਊਜ਼ ਸਰਵਿਸ
ਮੁਹਾਲੀ, 9 ਜੁਲਾਈ
ਮੁਹਾਲੀ ਦੇ ਸੈਕਟਰ 71, ਮਟੌਰ ਪਿੰਡ, ਫੇਜ਼ 3ਬੀ2, ਫੇਜ਼ 3ਬੀ1, ਫੇਜ਼ 7, ਫੇਜ਼ 2, ਫੇਜ਼ 5 ਤੇ ਫੇਜ਼ 1 ਵਿੱਚ ਸੈਂਕੜੇ ਘਰਾਂ ਵਿੱਚ ਮੀਂਹ ਦਾ ਪਾਣੀ ਦਾਖ਼ਲ ਹੋ ਗਿਆ ਹੈ। ਸੈਕਟਰ 71 ਵਿੱਚ ਏਅਰਪੋਰਟ ਰੋਡ ਨੇੜੇ ਘਰਾਂ ਵਿੱਚ ਵੀ ਗੋਡੇ ਗੋਡੇ ਪਾਣੀ ਖੜ੍ਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮੀਂਹ ਕਰਕੇ ਉਨ੍ਹਾਂ ਦਾ ਲੱਖਾਂ ਰੁਪਏ ਦਾ ਸਮਾਨ ਨੁਕਸਾਨਿਆ ਗਿਆ ਹੈ। ਮੁਹਾਲੀ ਦੇ ਨੀਵੇਂ ਇਲਾਕਿਆਂ ਵਿਚ ਪਾਰਕ ਕੀਤੀਆਂ ਕਾਰਾਂ ਪਾਣੀ ਵਿੱਚ ਫਸ ਗਈਆਂ। ਰਾਹਗੀਰਾਂ ਮੁਤਾਬਕ ਏਅਰਪੋਰਟ ਰੋਡ ’ਤੇ ਕਈ ਥਾਈਂ ਦੋ ਫੁੱਟ ਤੋਂ ਵੱਧ ਪਾਣੀ ਖੜ੍ਹਾ ਹੋਣ ਕਰਕੇ ਹੜ੍ਹਾਂ ਵਾਲੇ ਹਾਲਾਤ ਬਣ ਗਏ ਹਨ। ਵਾਰਡ ਨੰ.5 ਦੀ ਕੌਂਸਲਰ ਬਲਜੀਤ ਕੌਰ ਨੇ ਕਿਹਾ, ‘‘ਮੈਂ ਫਾਇਰ ਬ੍ਰਿਗੇਡ ਨੂੰਫੋਨ ਕੀਤਾ ਸੀ, ਪਰ ਗੱਡੀ ਸੜਕ ’ਤੇ ਖੜ੍ਹੇ ਮੀਂਹ ਦੇ ਪਾਣੀ ਵਿੱਚ ਫਸ ਗਈ। ਸਕਸ਼ਨ ਪੰਪ ਵੀ ਕੰਮ ਕਰਨਾ ਬੰਦ ਕਰ ਗਿਆ ਹੈ।’’ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੇ ਕਿਹਾ ਕਿ ਸੈਕਟਰ 71 ਵਿੱਚ ਮੀਂਹ ਦੇ ਪਾਣੀ ਕਰਕੇ ਘਰਾਂ ਦਾ ਸਮਾਨ ਤੇ ਕਾਰਾਂ ਨੂੰ ਵੱਡਾ ਨੁਕਸਾਨ ਪੁੱਜਾ ਹੈ। ਮੁਹਾਲੀ ਦੇ ਐੱਮਸੀ ਕਮਿਸ਼ਨਰ ਨਵਜੋਤ ਕੌਰ ਨੇ ਸਵੇਰੇ ਕੁਝ ਇਲਾਕਿਆਂ ਦਾ ਦੌਰਾ ਕੀਤਾ। ਭਾਰੀ ਮੀਂਹ ਕਰਕੇ ਨਯਾ ਗਾਓਂ, ਕਾਂਸਲ ਤੇ ਮੁੱਲਾਂਪੁਰ ਇਲਾਕੇ ਵਿੱਚ ਬਿਜਲੀ ਗੁਲ ਹੈ। ਪੀਐੱਸਪੀਸੀਐੇੱਲ ਅਧਿਕਾਰੀਆਂ ਵੱਲੋਂ ਬਿਜਲੀ ਬਹਾਲ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਮੁਹਾਲੀ ਪ੍ਰਸ਼ਾਸਨ ਨੇ ਤਿੰਨ ਸਬ-ਡਿਵੀਜ਼ਨਾਂ ਵਿਚ ਫਲੱਡ ਕੰਟਰੋਲ ਰੂਮ ਨੰਬਰ ਜਾਰੀ ਕੀਤੇ ਹਨ।