ਮੁਹਾਲੀ ਪੁਲੀਸ ਨੇ ਕਤਲ ਦੀ ਗੁੱਥੀ ਸੁਲਝਾਈ, ਦੋ ਗ੍ਰਿਫ਼ਤਾਰ
ਦਰਸ਼ਨ ਸਿੰਘ ਸੋਢੀ/ਹਰਜੀਤ ਸਿੰਘ
ਐੱਸਏਐੱਸ ਨਗਰ (ਮੁਹਾਲੀ)/ਜ਼ੀਰਕਪੁਰ, 29 ਨਵੰਬਰ
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਕੁੱਝ ਦਿਨ ਪਹਿਲਾਂ ਛੱਤ ਲਾਈਟਾਂ ਨੇੜੇ ਹੋਏ ਮੋਟਰਸਾਈਕਲ ਸਵਾਰ ਦੇ ਅੰਨ੍ਹੇ ਕਤਲ ਕੇਸ ਨੂੰ ਸੁਲਝਾਉਂਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਾਹਿਲ ਕੁਮਾਰ ਵਾਸੀ ਪਿੰਡ ਦੁਨੀਆ ਮਾਜਰਾ (ਕੁਰੂਕਸ਼ੇਤਰ) ਅਤੇ ਚਰਨਜੀਤ ਸਿੰਘ ਵਾਸੀ ਦਿੱਲੀ ਵਜੋਂ ਹੋਈ ਹੈ। ਸਾਹਿਲ ਇਸ ਸਮੇਂ ਐਰੋਸਿਟੀ ਸੈਕਟਰ-83 ਅਤੇ ਚਰਨਜੀਤ ਖਰੜ ਵਿੱਚ ਰਹਿੰਦਾ ਸੀ।
ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਛੱਤ ਲਾਈਟਾਂ ਨੇੜੇ ਮੁਲਜ਼ਮਾਂ ਨੇ ਰਾਣਾ ਪ੍ਰਤਾਪ ਸਿੰਘ ਦਾ ਕਤਲ ਕਰ ਕੇ ਉਸ ਦੀ ਲਾਸ਼ ਝਾੜੀਆਂ ਵਿੱਚ ਸੁੱਟ ਦਿੱਤੀ ਸੀ। ਪੁਲੀਸ ਨੇ ਬੀਤੀ 11 ਨਵੰਬਰ ਨੂੰ ਉਸ ਦੀ ਬਰਾਮਦ ਕੀਤੀ ਸੀ। ਮੁਲਜ਼ਮਾਂ ਨੇ ਆਪਸ ਵਿੱਚ ਮਿਲ ਕੇ ਇਕ ਐਪ ਰਾਹੀਂ ਰਾਣਾ ਪ੍ਰਤਾਪ ਦੇ ਖਾਤੇ ’ਚੋਂ ਕਰੀਬ 10 ਲੱਖ 66 ਹਜ਼ਾਰ ਰੁਪਏ ਮੁਲਜ਼ਮ ਸਾਹਿਲ ਕੁਮਾਰ ਦੇ ਖਾਤੇ ਵਿੱਚ ਟਰਾਂਸਫ਼ਰ ਕਰਵਾ ਲਏ ਸਨ। ਇਸ ਸਬੰਧੀ ਮ੍ਰਿਤਕ ਦੇ ਭਰਾ ਪ੍ਰਮੋਦ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ ਸੀ।
ਐੱਸਐੱਸਪੀ ਨੇ ਦੱਸਿਆ ਕਿ ਐੱਸਪੀ (ਡੀ) ਜਯੋਤੀ ਯਾਦਵ, ਐੱਸਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੇ ਇੰਚਾਰਜ ਹਰਮਿੰਦਰ ਸਿੰਘ ਅਤੇ ਥਾਣਾ ਜ਼ੀਰਕਪੁਰ ਦੇ ਐੱਸਐੱਚਓ ਜਸਕੰਵਲ ਸਿੰਘ ਸੇਖੋਂ ਦੀ ਅਗਵਾਈ ਹੇਠ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਦੌਰਾਨ ਸੀਆਈਏ ਦੀ ਟੀਮ ਨੇ ਇਕ ਮੁਲਜ਼ਮ ਨੂੰ ਖਰੜ ਅਤੇ ਦੂਜੇ ਨੂੰ ਐਰੋਸਿਟੀ ਮੁਹਾਲੀ ਤੋਂ ਕਾਬੂ ਕੀਤਾ ਗਿਆ ਹੈ।
ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਮੁਲਜ਼ਮਾਂ ਨੇ 7 ਨਵੰਬਰ ਨੂੰ ਰਾਜਪੁਰਾ ਤੋਂ ਜ਼ੀਰਕਪੁਰ ਸਥਿਤ ਸਕਿਉਰਿਟੀ ਕੰਪਨੀ ’ਚ ਡਿਊਟੀ ’ਤੇ ਆ ਰਹੇ ਰਾਣਾ ਪ੍ਰਤਾਪ ਸਿੰਘ ਨੂੰ ਕਾਬੂ ਕਰ ਕੇ ਪੈਸਿਆਂ ਦੀ ਮੰਗ ਕੀਤੀ। ਉਸ ਵੱਲੋਂ ਇਨਕਾਰ ਕਰਨ ’ਤੇ ਮੁਲਜ਼ਮਾਂ ਨੇ ਉਸ ਦਾ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਆਪਣੇ ਇਕ ਹੋਰ ਸਾਥੀ ਦੀ ਮਦਦ ਨਾਲ ਇੱਥੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।