ਮੁਹਾਲੀ ਪੁਲੀਸ ਵੱਲੋਂ ਲੁੱਟਾਂ-ਖੋਹਾਂ ਕਰਨ ਦੇ ਮਾਮਲੇ ਵਿੱਚ ਔਰਤ ਸਣੇ 6 ਮੁਲਜ਼ਮ ਗ੍ਰਿਫ਼ਤਾਰ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 4 ਨਵੰਬਰ
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ ਇੱਕ ਔਰਤ ਸਣੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ 24 ਘੰਟੇ ਦੇ ਅੰਦਰ-ਅੰਦਰ ਥਾਰ ਖੋਹਣ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇੱਥੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਰੂਪਨਗਰ ਰੇਂਜ ਦੀ ਡੀਆਈਜੀ ਨੀਲਾਂਬਰੀ ਜਗਦਲੇ ਅਤੇ ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਲੰਘੀ ਦੇਰ ਰਾਤ ਮੰਡੀ ਗੋਬਿੰਦਗੜ੍ਹ ਦੇ ਦੀਪਕ ਅਗਰਵਾਲ ਅਤੇ ਉਸ ਦੀ ਮਹਿਲਾ ਦੋਸਤ ਦੀ ਕੁੱਟਮਾਰ ਕਰ ਕੇ ਉਨ੍ਹਾਂ ਕੋਲੋਂ ਥਾਰ ਖੋਹ ਲਈ ਸੀ।
ਪੁਲੀਸ ਨੇ ਅਰਸ਼ਦੀਪ ਸਿੰਘ, ਜਸਪਾਲ ਸਿੰਘ ਵਾਸੀ ਬਰਕੰਦੀ (ਬਠਿੰਡਾ), ਗੁਰਪ੍ਰੀਤ ਸਿੰਘ ਤੇ ਵਿਕਰਮ ਸਿੰਘ ਵਾਸੀ ਚਾਂਦੀਪੁਰ (ਮੁਹਾਲੀ) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛ-ਪੜਤਾਲ ਤੋਂ ਬਾਅਦ ਪੁਲੀਸ ਨੇ ਇਨ੍ਹਾਂ ਦੇ ਦੋ ਹੋਰ ਸਾਥੀਆਂ ਅੰਗਦਜੋਤ ਸਿੰਘ ਵਾਸੀ ਸੈਕਟਰ-35-ਡੀ ਚੰਡੀਗੜ੍ਹ ਅਤੇ ਸ਼ਾਇਮਾ ਖਾਨ ਉਰਫ਼ ਖੁਸ਼ੀ ਵਾਸੀ ਬਾਰਾਂਮੂਲਾ (ਕਸ਼ਮੀਰ) ਹਾਲ ਵਾਸੀ ਫੇਜ਼-11 ਮੁਹਾਲੀ ਨੂੰ ਕਾਬੂ ਕਰ ਲਿਆ ਹੈ। ਉਕਤ ਮੁਲਜ਼ਮਾਂ ਨੇ ਥਾਰ ਜੀਪ ਖੋਹਣ ਦੀ ਗੱਲ ਕਬੂਲੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਥਾਰ ਜੀਪ ਸਣੇ ਆਈ-20 ਕਾਰ, ਇੱਕ ਦੇਸੀ ਕੱਟਾ, ਇੱਕ ਰੌਂਦ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਸਵਿਫ਼ਟ ਕਾਰ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਗਰੋਹ ਵੱਲੋਂ ਬਾਕਾਇਦਾ ਟਰੈਪ ਲਗਾ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਅਤੇ ਮਹਿਲਾ ਮੁਲਜ਼ਮ ਸ਼ਾਇਮਾ ਖਾਨ ਨੂੰ ਟਰੈਪ ਲਗਾਉਣ ਲਈ ਵਰਤਿਆ ਜਾਂਦਾ ਸੀ। ਇਸੇ ਦੌਰਾਨ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਜ਼ੀਰਕਪੁਰ ਵਿੱਚ ਦਰਜ ਇੱਕ ਮਾਮਲੇ ਦੀ ਜਾਂਚ ਦੌਰਾਨ ਲਿਫ਼ਟ ਲੈਣ ਦੇ ਬਹਾਨੇ ਰਾਹਗੀਰਾਂ ਨੂੰ ਲੁੱਟਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੁਕੇਸ਼ ਕੁਮਾਰ, ਗੁਰਜੰਟ ਸਿੰਘ ਅਤੇ ਸੰਦੀਪ ਕੌਰ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੀੜਤ ਸਾਗਰ ਹੀਰ ਨੂੰ ਧਮਕਾ ਕੇ ਉਸ ਕੋਲੋਂ ਪੇਅਟੀਐੱਮ ਰਾਹੀਂ 25 ਹਜ਼ਾਰ ਰੁਪਏ ਵਸੂਲੇ ਸਨ। ਸੰਦੀਪ ਕੌਰ ਨੇ ਲਿਫ਼ਟ ਲੈਣ ਦੇ ਬਹਾਨੇ ਸਾਗਰ ਹੀਰ ਨੂੰ ਰੋਕਿਆ ਸੀ।
ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ
ਡੀਆਈਜੀ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਨਸ਼ਾ ਤਸਕਰੀ ਮਾਮਲਿਆਂ ਨੂੰ ਠੱਲ੍ਹ ਪਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਨਸ਼ਾ ਤਸਕਰਾਂ ਦੀਆਂ 62,70,800 ਰੁਪਏ ਕੀਮਤ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਨਿਰੰਤਰ ਜਾਰੀ ਰਹੇਗੀ।