ਮੁਹਾਲੀ: ਪੈਨਸ਼ਨਰਾਂ ਨੇ ‘ਆਪ’ ਵਿਧਾਇਕ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕਰਕੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ
ਦਰਸ਼ਨ ਸਿੰਘ ਸੋਢੀ
ਮੁਹਾਲੀ, 24 ਜੂਨ
ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਤੇ 200 ਰੁਪਏ ਜਬਰੀ ਕਟੌਤੀ ਵਿਰੁੱਧ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਮੁਹਾਲੀ ਸਥਿਤ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਅਪਣਾਈ ਨੀਤੀ ਦੀ ਨਿਖੇਧੀ ਕੀਤੀ। ਪੰਜਾਬ ਗੌਰਮਿੰਟ ਪੈਨਸ਼ਨਰ ਜੁਆਇੰਟ ਫਰੰਟ ਦੇ ਕੋਆਰਡੀਨੇਟਰ ਕਰਮ ਸਿੰਘ ਧਨੋਆ, ਕਨਵੀਨਰ ਬਾਜ ਸਿੰਘ ਖਹਿਰਾ, ਐੱਨਕੇ ਕਲਸੀ, ਐੱਨਡੀ ਤਿਵਾੜੀ, ਗੁਰਬਿੰਦਰ ਸਿੰਘ ਚੰਡੀਗੜ੍ਹ, ਗੁਰਪਿਆਰ ਸਿੰਘ ਕੋਟਲੀ ਤੇ ਮੰਗਤ ਰਾਮ ਨੇ ਅੱਜ ਦੇ ਇੱਕਠ ਦੀ ਪ੍ਰਧਾਨਗੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਬਹੁਤ ਨਿੰਦਣਯੋਗ ਕਾਰਵਾਈ ਕਰਦਿਆਂ ਪੈਨਸ਼ਨਰਾਂ ਤੋਂ 200 ਰੁਪੲੇ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ, ਜਦੋਂ ਕਿ ਪੰਜਾਬ ਦਾ ਪੈਨਸ਼ਨਰ ਆਪਣੀਆਂ ਜਾਇਜ਼ ਮੰਗਾਂ ਲਈ ਪਹਿਲਾਂ ਹੀ ਲੜਾਈ ਦੇ ਮੈਦਾਨ ਵਿੱਚ ਉਤਰਿਆ ਹੋਇਆ ਹੈ ਪੈਨਸ਼ਨਰ ਆਪਣੀ 2.59 ਫੈਕਟਰ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਕੈਸ਼ਲੈੱਸ ਹੈਲਥ ਸਕੀਮ ਸੋਧ ਕੇ ਲਾਗੂ ਕੀਤੀ ਜਾਵੇ, ਮੈਡੀਕਲ ਭੱਤਾ 2000 ਰੁਪਏ ਫਿਕਸ ਲਾਗੂ ਕੀਤਾ ਜਾਵੇ। ਬੁਲਾਰਿਆਂ ਨੇ ਇਹ ਸੁਝਾਅ ਵੀ ਦਿੱਤਾ ਕਿ ਸੰਘਰਸ਼ ਨੂੰ ਤੇਜ਼ ਕਰਨਾ ਚਾਹੀਦਾ ਹੈ ਤਾਂ ਜੋ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ। ਇਸ ਮੌਕੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਪ੍ਰਦਰਸ਼ਨ ਵਿੱਚ ਜਗਦੀਸ਼ ਸਿੰਘ ਸਰਾਉ, ਰਣਜੀਤ ਸਿੰਘ ਮਾਨ, ਸਿਆਮ ਲਾਲ ਸ਼ਰਮਾ, ਸੁੱਚਾ ਸਿੰਘ ਕਲੌੜ, ਗੁਰਬਖਸ਼ ਸਿੰਘ, ਰਾਜਿੰਦਰ ਮੋਹਨ, ਕੁਲਦੀਪ ਜਾਗਲਾ, ਰਾਮ ਕਿਸ਼ਨ ਧੁਨਕੀਆ, ਜਤਿੰਦਰ ਸਿੰਘ, ਵਿਜੈ ਕੁਮਾਰ, ਭਗਵੰਤ ਸਿੰਘ ਗਿੱਲ, ਮਲਾਗਰ ਸਿੰਘ, ਸਤਪਾਲ ਰਾਣਾ ਤੇ ਸਤਵੀਰ ਸਿੰਘ ਖੱਟੜਾ ਹਾਜ਼ਰ ਸਨ।