ਮੁਹਾਲੀ-ਪੰਚਕੂਲਾ ਦੇ ਪਾੜ੍ਹਿਆਂ ਨੂੰ ਚੰਡੀਗੜ੍ਹ ਦੇ ਸਕੂਲਾਂ ਵਿੱਚ ਨਹੀਂ ਮਿਲੇਗਾ ਦਾਖਲਾ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 28 ਜੁਲਾਈ
ਚੰਡੀਗੜ੍ਹ ਦੀ ਹੱਦ ਨਾਲ ਲੱਗਦੇ ਪੰਜਾਬ ਤੇ ਹਰਿਆਣਾ ਦੇ ਬੱਚਿਆਂ ਨੂੰ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਨਹੀਂ ਮਿਲੇਗਾ। ਕਰੋਨਾ ਮਹਾਮਾਰੀ ਕਾਰਨ ਪਰਵਾਸੀ ਆਪਣੇ ਪਿਤਰੀ ਰਾਜਾਂ ਨੂੰ ਚਲੇ ਗਏ ਹਨ ਜਿਸ ਕਾਰਨ ਸਰਕਾਰੀ ਸਕੂਲਾਂ ਵਿਚ ਵੱਡੀ ਗਿਣਤੀ ਸੀਟਾਂ ਖਾਲੀ ਹੋ ਗਈਆਂ ਹਨ। ਮੁਹਾਲੀ ਤੇ ਪੰਚਕੂਲਾਂ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਖਾਲੀ ਸੀਟਾਂ ਵਿਚ ਅਡਜਸਟ ਕਰਨ ਦੇ ਪਿਛਲੇ ਮਹੀਨੇ ਤਿਆਰ ਪ੍ਰਸਤਾਵ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਸਿਰਫ ਆਪਣੇ ਘਰ ਦੇ ਨੇੜੇ ਦੇ ਸਰਕਾਰੀ ਸਕੂਲਾਂ ਵਿਚ ਦਾਖਲਾ ਮਿਲੇਗਾ। ਸਕੂਲਾਂ ਵਿੱਚ ਦਾਖਲਿਆਂ ਲਈ 31 ਜੁਲਾਈ ਤੋਂ 14 ਅਗਸਤ ਤਕ ਆਨਲਾਈਨ ਰਜਿਸਟਰੇਸ਼ਨ ਹੋਵੇਗੀ। 114 ਸਰਕਾਰੀ ਸਕੂਲਾਂ ਨੂੰ 20 ਕਲੱਸਟਰਾਂ ਵਿਚ ਵੰਡਿਆ ਗਿਆ ਹੈ ਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਸਹੂਲਤ ਲਈ ਹਰ ਕਲੱਸਟਰ ਹੈੱਡ ਦਾ ਮੋਬਾਈਲ ਨੰਬਰ ਦੱਸਿਆ ਗਿਆ ਹੈ। ਜਾ ਸਕਦੀਆਂ ਹਨ। ਸਾਰੇ ਸਰਕਾਰੀ ਸਕੂਲਾਂ ਨੂੰ ਪਹਿਲੀ ਤੋਂ ਅੱਠਵੀਂ ਜਮਾਤ ਵਿਚ ਦਾਖਲੇ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਵਿਭਾਗ ਨੇ ਕਿਹਾ ਹੈ ਕਿ ਪ੍ਰਾਇਮਰੀ ਜਮਾਤਾਂ ਲਈ ਬੱਚੇ ਨੂੰ ਇਕ ਕਿਲੋਮੀਟਰ ਦੇ ਦਾਇਰੇ ਵਿਚ ਹੀ ਦਾਖਲਾ ਦਿੱਤਾ ਜਾਵੇ। ਜੇਕਰ ਪ੍ਰਾਇਮਰੀ ਜਮਾਤਾਂ ਵਿਚ ਸੀਟਾਂ ਨਹੀਂ ਭਰਦੀਆਂ ਤਾਂ ਇਹ ਦਾਇਰਾ ਤਿੰਨ ਕਿਲੋਮੀਟਰ ਤਕ ਵਧਾਇਆ ਜਾ ਸਕਦਾ ਹੈ। ਪ੍ਰਾਇਮਰੀ ਜਮਾਤਾਂ ਤੋਂ ਉਪਰ ਦੀਆਂ ਜਮਾਤਾਂ ਲਈ ਸਕੂਲ ਤਿੰਨ ਕਿਲੋਮੀਟਰ ਦੇ ਘੇਰੇ ਵਿਚ ਵਸਦੇ ਵਿਦਿਆਰਥੀਆਂ ਨੂੰ ਦਾਖਲੇ ਦੇਣਗੇ ਤੇ ਸੀਟਾਂ ਖਾਲੀ ਰਹਿਣ ’ਤੇ ਇਹ ਘੇਰਾ ਪੰਜ ਕਿਲੋਮੀਟਰ ਤਕ ਵਧਾਇਆ ਜਾ ਸਕਦਾ ਹੈ।ਜੇਕਰ ਕਿਸੇ ਵਿਦਿਆਰਥੀ ਨੇ ਸੈਕਟਰ 35 ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਦਾਖਲਾ ਲੈਣਾ ਹੈ ਤਾਂ ਸੈਕਟਰ 35 ਦੇ ਵਸਨੀਕਾਂ ਨੂੰ ਇਕ ਜ਼ੋਨ ਵਿਚ ਰੱਖਿਆ ਗਿਆ ਹੈ। ਬੀ-ਜ਼ੋਨ ਵਿਚ ਸੈਕਟਰ 22, 36, 43 ਤੇ 34 ਹੋਣਗੇ ਤੇ ਸੀ-ਜ਼ੋਨ ਵਿਚ ਸੈਕਟਰ 21, 23, 42,44 ਤੇ ਅਟਾਵਾ ਹੋਣਗੇ।
ਸੌਪਨਿਜ਼ ਸਕੂਲ ਖ਼ਿਲਾਫ਼ ਸ਼ਿਕਾਇਤ
ਸੌਪਨਿਜ਼ ਸਕੂਲ ਖ਼ਿਲਾਫ਼ ਬਾਲ ਕਮਿਸ਼ਨ ਤੇ ਫੀਸ ਰੈਗੂਲੇਟਰੀ ਬਾਡੀ ਨੂੰ ਅੱਜ ਸ਼ਿਕਾਇਤ ਕੀਤੀ ਗਈ ਹੈ। ਇਥੇ ਪੜ੍ਹਦੇ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਤਾਲਾਬੰਦੀ ਵਿਚ ਵੀ ਸਕੂਲ ਵਲੋਂ ਫੀਸਾਂ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ ਤੇ 31 ਜੁਲਾਈ ਤਕ ਪੂਰੀ ਫੀਸ ਜਮ੍ਹਾਂ ਨਾ ਕਰਵਾਉਣ ’ਤੇ ਕਾਰਵਾਈ ਕਰਨ ਦਾ ਡਰਾਵਾ ਿਦੱਤਾ ਜਾ ਰਿਹਾ ਹੈ।
ਤਰਜੀਹੀ ਸਕੂਲਾਂ ਲਈ ਹੋਵੇਗਾ ਡਰਾਅ
ਸਿੱਖਿਆ ਵਿਭਾਗ ਨੇ ਹਦਾਇਤ ਦਿੱਤੀ ਹੈ ਕਿ ਜੇ ਕਿਸੇ ਖਾਸ ਸਕੂਲ ਵਿਚ ਪਹਿਲੀ ਜਮਾਤ ਦੀਆਂ ਸੀਟਾਂ ਦੇ ਮੁਕਾਬਲੇ ਜ਼ਿਆਦਾ ਅਰਜ਼ੀਆਂ ਜਾਂ ਫਾਰਮ ਆਉਂਦੇ ਹਨ ਤਾਂ ਉਸ ਸਕੂਲ ਵਿਚ ਬੱਚਿਆਂ ਨੂੰ ਦਾਖਲ ਕਰਨ ਲਈ ਡਰਾਅ ਹੋਵੇਗਾ। ਦੱਸਣਯੋਗ ਹੈ ਕਿ ਸਰਕਾਰੀ ਮਾਡਲ ਸਕੂਲ ਸੈਕਟਰ 16, 18, 19, 35, 37 ਤੇ ਮਨੀਮਾਜਰਾ ਕੰਪਲੈਕਸ ਦੇ ਸਕੂਲਾਂ ਵਿਚ ਵਿਦਿਆਰਥੀਆਂ ਦੀਆਂ ਅਕਸਰ ਸੀਟਾਂ ਦੇ ਮੁਕਾਬਲੇ ਵੱਧ ਅਰਜ਼ੀਆਂ ਆਉਂਦੀਆਂ ਹਨ। ਵਿਭਾਗ ਨੇ ਇਹ ਵੀ ਹਦਾਇਤ ਦਿੱਤੀ ਹੈ ਕਿ ਇਕ ਸਰਕਾਰੀ ਸਕੂਲ ਤੋਂ ਦੂਜੇ ਸਕੂਲ ਦੀ ਮਾਈਗਰੇਸ਼ਨ ਨਹੀਂ ਹੋ ਸਕੇਗੀ। ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਵਿਭਾਗ ਨੇ ਦਾਖਲਿਆਂ ਲਈ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸਕੂਲ ਖੋਲ੍ਹਣ ਬਾਰੇ ਮਾਪਿਆਂ ਤੋਂ ਲਈ ਜਾਵੇਗੀ ਰਾਏ
ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਸਾਰੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਹਦਾਇਤ ਕੀਤੀ ਹੈ ਕਿ ਉਹ ਆਪਣੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਦੀ ਫੀਡਬੈਕ ਲੈਣ ਕਿ ਉਹ ਆਪਣੇ ਬੱਚਿਆਂ ਨੂੰ ਅਗਸਤ, ਸਤੰਬਰ ਜਾਂ ਅਕਤੂਬਰ ਵਿਚੋਂ ਕਿਹੜੇ ਮਹੀਨੇ ਸਕੂਲ ਭੇਜਣ ਦੇ ਹੱਕ ਵਿਚ ਹਨ। ਇਹ ਵੀ ਰਾਏ ਲਈ ਜਾਵੇ ਕਿ ਸਕੂਲ ਕਦੋਂ ਖੁੱਲ੍ਹਣੇ ਚਾਹੀਦੇ ਹਨ ਤੇ ਸਕੂਲ ਪ੍ਰਬੰਧਕਾਂ ਤੋਂ ਕਰੋਨਾ ਮਹਾਮਾਰੀ ਦੌਰਾਨ ਮਾਪਿਆਂ ਦੀਆਂ ਕੀ ਉਮੀਦਾਂ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਜਾਰੀ ਸਰਕੁਲਰ ਅਨੁਸਾਰ ਇਹ ਜਾਣਕਾਰੀ 30 ਜੁਲਾਈ ਤਕ ਦੇਣ ਨੂੰ ਕਿਹਾ ਗਿਆ ਹੈ।