For the best experience, open
https://m.punjabitribuneonline.com
on your mobile browser.
Advertisement

ਮੁਹਾਲੀ ਨਗਰ ਨਿਗਮ ਵੱਲੋਂ 26.61 ਕਰੋੜ ਦੇ ਨਵੇਂ ਕੰਮਾਂ ਨੂੰ ਮਨਜ਼ੂਰੀ

06:47 AM Oct 13, 2024 IST
ਮੁਹਾਲੀ ਨਗਰ ਨਿਗਮ ਵੱਲੋਂ 26 61 ਕਰੋੜ ਦੇ ਨਵੇਂ ਕੰਮਾਂ ਨੂੰ ਮਨਜ਼ੂਰੀ
ਮੀਟਿੰਗ ਵਿੱਚ ਵਿਕਾਸ ਕੰਮਾਂ ’ਤੇ ਚਰਚਾ ਕਰਦੇ ਹੋਏ ਮੇਅਰ ਜੀਤੀ ਸਿੱਧੂ ਤੇ ਹੋਰ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 12 ਅਕਤੂਬਰ
ਮੁਹਾਲੀ ਨਗਰ ਨਿਗਮ ਨੇ ਕਰੀਬ 26.61 ਕਰੋੜ ਰੁਪਏ ਦੇ ਨਵੇਂ ਕੰਮਾਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਫ਼ੈਸਲਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਟੀ ਬੈਨਿਥ ਆਦਿ ਹਾਜ਼ਰ ਸਨ। ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਦਿਆਂ 25.56 ਕਰੋੜ ਰੁਪਏ ਦੇ ਨਵੇਂ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ ਜਦੋਂਕਿ 1.5 ਕਰੋੜ ਰੁਪਏ ਦੇ ਨਵੇਂ ਅਨੁਮਾਨਾਂ ਨੂੰ ਵੀ ਹਰੀ ਝੰਡੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਵੇਸਟ ਮੈਨੇਜਮੈਂਟ ਪ੍ਰਣਾਲੀ ਨੂੰ ਹੋਰ ਸੁਧਾਰਨ ਲਈ 1.5 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸ ’ਚੋਂ ਇਕ ਕਰੋੜ ਰੁਪਏ ਪ੍ਰੋਸੈਸਿੰਗ ਲਈ ਵਰਤੇ ਜਾਣਗੇ, ਜਦਕਿ 50 ਲੱਖ ਰੁਪਏ ਸਾਈਟ ਦੇ ਰੱਖ-ਰਖਾਓ ਲਈ ਰਾਖਵੇਂ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਗੈਰ-ਕਾਨੂੰਨੀ ਫੜ੍ਹੀ ਵਾਲਿਆਂ ਨੂੰ ਰੋਕਣ ਲਈ ਸ਼ਹਿਰ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਨਵੇਂ ਪ੍ਰਾਜੈਕਟਾਂ ਵਿੱਚ 25 ਲੱਖ ਬਜਟ ਨਾਲ ਕਚਰੇ ਦੀ ਸੰਭਾਲ ਕਰਦਿਆਂ ਸ਼ਹਿਰ ਵਿੱਚ ਖਾਲੀ ਥਾਵਾਂ ਨੂੰ ਰਿਕਰੇਸ਼ਨਲ ਖੇਤਰਾਂ ਵਿੱਚ ਬਦਲਣ ਦੀ ਯੋਜਨਾ ਹੈ। ਨਾਲ ਹੀ ਸੈਕਟਰ-78 ਵਿੱਚ ਅੱਗ ਬੁਝਾਉਣ ਵਾਲੇ ਸਟੇਸ਼ਨ ਨੂੰ ਮਾਡਰਨ ਬਣਾਉਣ ਲਈ ਨਵੀਆਂ ਮਸ਼ੀਨਾਂ ਸ਼ਾਮਲ ਕੀਤੀਆਂ ਜਾਣਗੀਆਂ।
ਸ਼ਹਿਰ ਦੇ ਮੁੱਖ ਰਸਤਿਆਂ ਵਿੱਚ ਸੁਧਾਰ ਕਰਨ ਲਈ ਤਿੰਨ ਕਰੋੜ ਰੁਪਏ ਖ਼ਰਚੇ ਜਾਣਗੇ। ਦੀਵਾਲੀ ਤੋਂ ਪਹਿਲਾਂ ਸ਼ਹਿਰ ਨੂੰ ਰੋਸ਼ਨ ਕਰਨ ਲਈ ਨਵੀਆਂ ਫਲੱਡ ਲਾਈਟਾਂ ਲਗਾਉਣ ਦਾ ਅਨੁਮਾਨ ਹੈ। ਸੈਕਟਰ-56 ਤੇ ਫੇਜ਼-6 ਦੇ ਵਾਟਰ ਟਰੀਟਮੈਂਟ ਪਲਾਂਟ ਵਿੱਚ ਮਿੱਟੀ ਭਰਾਈ, ਫੁਟਪਾਥ ਅਤੇ ਹੋਰ ਜ਼ਰੂਰੀ ਸੁਧਾਰਾਂ ਸਣੇ ਬਾਊਂਡਰੀ ਦੀ ਤਿਆਰੀ ਲਈ 32.61 ਲੱਖ ਖ਼ਰਚਣ ਨੂੰ ਮਨਜ਼ੂਰੀ ਦਿੱਤੀ ਗਈ ਹੈ। 50 ਲੱਖ ਪੈਚ ਵਰਕ ਅਤੇ ਰੱਖ-ਰਖਾਓ ਲਈ ਰਾਖਵੇਂ ਰੱਖੇ ਗਏ ਹਨ। ਇਸੇ ਤਰ੍ਹਾਂ ਫੇਜ਼-11 ਅਤੇ ਫੇਜ਼-2 ਵਿੱਚ ਕਮਿਊਨਿਟੀ ਸੈਂਟਰਾਂ ਨੂੰ ਅਪਗਰੇਡ ਕੀਤਾ ਜਾਵੇਗਾ। ਸੀਵਰ ਲਾਈਨਾਂ ਦੇ ਨਵੇਂ ਲਗਾਉਣ ਅਤੇ ਪੁਰਾਣੀਆਂ ਲਾਈਨਾਂ ਦੀ ਮੁਰੰਮਤ, ਖੱਡਿਆਂ ਦੀ ਮੁਰੰਮਤ ਅਤੇ ਉਦਯੋਗਿਕ ਖੇਤਰ ਦੇ ਰਸਤਿਆਂ ਦੀ ਮੁਰੰਮਤ ਲਈ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

Advertisement

Advertisement
Advertisement
Author Image

Advertisement