ਮੁਹਾਲੀ ਨੂੰ ਨਹੀਂ ਮਿਲ ਰਿਹਾ ਲੋੜ ਅਨੁਸਾਰ ਪੀਣ ਵਾਲਾ ‘ਪਾਣੀ’
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 20 ਜੁਲਾਈ
ਉੱਚ ਅਦਾਲਤ ਵਿੱਚ ਕਾਨੂੰਨੀ ਲੜਾਈ ਲੜਨ ਦੇ ਬਾਵਜੂਦ ਮੁਹਾਲੀ ਨੂੰ ਲੋੜ ਅਨੁਸਾਰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਹੈ। ਸ਼ਹਿਰ ਵਿੱਚ ਜਲ ਸੰਕਟ ਲਈ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਯੂਟੀ ਪ੍ਰਸ਼ਾਸਨ ਤੇ ਪੰਜਾਬ ਦੀ ਅਫ਼ਸਰਸ਼ਾਹੀ ਨੂੰ ਬਰਾਬਰ ਦਾ ਜ਼ਿੰਮੇਵਾਰ ਦੱਸਿਆ ਹੈ। ਬੇਦੀ ਨੇ ਕਿਹਾ ਕਿ ਹਾਈ ਕੋਰਟ ਵਿੱਚ ਕਾਨੂੰਨੀ ਚਾਰਾਜੋਈ ਮਗਰੋਂ ਕਜੌਲੀ ਵਾਟਰ ਵਰਕਸ ਤੋਂ ਮੁਹਾਲੀ ਲਈ ਸਿੱਧੇ ਪਾਣੀ ਦੀ ਸਪਲਾਈ 80 ਐਮਜੀਡੀ ਤੋਂ ਵੱਧ ਸਮਰਥਾ ਵਾਲੀ ਨਵੀਂ ਪਾਈਪਲਾਈਨ ਪਾਈ ਗਈ ਸੀ ਪਰ ਮੌਜੂਦਾ ਸਮੇਂ ਵਿੱਚ ਮੁਹਾਲੀ ਨੂੰ ਬੜੀ ਮੁਸ਼ਕਲ ਨਾਲ ਸਿਰਫ਼ 10 ਮਿਲੀਅਨ ਗੈਲਨ ਨਹਿਰੀ ਪਾਣੀ ਮਿਲ ਰਿਹਾ ਹੈ। ਜਦੋਂਕਿ ਪੰਜਾਬ ਤੋਂ ਚੰਡੀਗੜ੍ਹ ਨੂੰ 72 ਐੱਮਜੀਡੀ ਪਾਣੀ ਜਾ ਰਿਹਾ ਹੈ। ਡਿਪਟੀ ਮੇਅਰ ਨੇ ਮੁਹਾਲੀ ਨੂੰ ਨਹਿਰੀ ਪਾਣੀ ਦੀ ਸਪਲਾਈ ਦਾ ਬਣਦਾ ਬਰਾਬਰ ਹਿੱਸਾ ਦਿਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਤੋਂ ਨਿੱਜੀ ਦਖ਼ਲ ਦੇਣ ਦੀ ਮੰਗ ਕੀਤੀ ਹੈ। ਬੇਦੀ ਨੇ ਅੱਜ ਅਧਿਕਾਰੀਆਂ ਨਾਲ ਕਜੌਲੀ ਤੋਂ ਮੁਹਾਲੀ ਨੂੰ ਆ ਰਹੀ ਪਾਈਪ-ਲਾਈਨ ਦੇ ਮੁਰੰਮਤ ਕਾਰਜਾਂ ਦਾ ਜਾਇਜ਼ਾ ਵੀ ਲਿਆ। ਬੇਦੀ ਨੇ ਦੱਸਿਆ ਕਿ ਮੁਹਾਲੀ ਨੂੰ ਕੇਵਲ 10 ਐੱਮਜੀਡੀ ਪਾਣੀ ਮਿਲ ਰਿਹਾ ਹੈ ਜਦੋਂਕਿ ਆਬਾਦੀ ਦੇ ਮੁਤਾਬਕ ਸ਼ਹਿਰ ਨੂੰ 30 ਐਮਜੀਡੀ ਤੋਂ ਵੱਧ ਪਾਣੀ ਦੀ ਲੋੜ ਹੈ।