ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਪ੍ਰਧਾਨਗੀ ਦਾ ਵਿਵਾਦ ਭਖਿਆ
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 7 ਸਤੰਬਰ
ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਪ੍ਰਧਾਨਗੀ ਦੇ ਮਾਮਲੇ ’ਤੇ ਰੇੜਕਾ ਪੈ ਗਿਆ ਹੈ। ਮੌਜੂਦਾ ਪ੍ਰਧਾਨ ਬਲਜੀਤ ਸਿੰਘ ਬਲੈਕਸਟੋਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਜਨਰਲ ਬਾਡੀ ਮੀਟਿੰਗ ਨੇ ਮੁੜ ਇੱਕ ਸਾਲ ਲਈ ਦੁਬਾਰਾ ਪ੍ਰਧਾਨ ਚੁਣ ਲਿਆ ਹੈ। ਜਦਕਿ ਦੂਜੀ ਧਿਰ ਨੇ ਕਿਹਾ ਕਿ ਇਸ ਸਭ ਨਿਯਮਾਂ ਦੇ ਅਨੁਸਾਰ ਨਹੀਂ ਹੈ।
ਬਲਜੀਤ ਸਿੰਘ ਬਲੈਕਸਟੋਨ ਨੇ ਆਖਿਆ ਕਿ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਵਿੱਚ ਹਾਊਸ ਨੇ ਸਹਿਮਤੀ ਨਾਲ ਉਨ੍ਹਾਂ ਨੂੰ ਸਨਅਤਕਾਰਾਂ ਦੀ ਭਲਾਈ ਅਤੇ ਉਦਯੋਗਾਂ ਦੇ ਮਸਲੇ ਹੱਲ ਕਰਾਉਣ ਲਈ ਇੱਕ ਵਰ੍ਹਾ ਹੋਰ ਪ੍ਰਧਾਨ ਰਹਿਣ ਦੀ ਪ੍ਰਵਾਨਗੀ ਦਿੱਤੀ ਹੈ। ਬਲੈਕਸਟੋਨ ਦੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਹਾਰ ਵੀ ਪਹਿਨਾਏ ਗਏ। ਬਲਜੀਤ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਕੱਤਰਤਾ ਵਿੱਚ ਮੌਜੂਦ ਬਹੁਗਿਣਤੀ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਹਮਾਇਤ ਦਿੱਤੀ ਹੈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਿੰਦਰਪਾਲ ਸਿੰਘ ਬਿੱਲਾ, ਕੇਐਸ ਮਾਹਲ, ਅਸ਼ੋਕ ਗੁਪਤਾ, ਐਸਐਸ ਸਭਰਵਾਲ, ਆਰਐਸ ਆਨੰਦ, ਕੇਐਚਐਸ ਢੀਂਡਸਾ, ਦਰਸ਼ਨ ਸਿੰਘ ਕਲਸੀ ਸਮੇਤ ਅਨੇਕਾਂ ਮੈਂਬਰ ਹਾਜ਼ਰ ਸਨ।
ਇਸ ਦੌਰਾਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਦਿਲਪ੍ਰੀਤ ਸਿੰਘ ਬੋਪਾਰਾਏ ਨੇ ਸਮੁੱਚੇ ਘਟਨਾਕ੍ਰਮ ਤੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਾਰਜਕਾਰਨੀ ਦੇ ਮੈਂਬਰਾਂ ਦੀ ਪ੍ਰਧਾਨਗੀ ਦਾ ਸਾਲ ਵਧਾਉਣ ਲਈ ਕੋਈ ਸਹਿਮਤੀ ਨਹੀਂ ਬਣੀ ਸੀ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਮਾਹੌਲ ਖ਼ਰਾਬ ਕਰਨ ਤੋਂ ਬਚਣਾ ਚਾਹੀਦਾ ਹੈ ਤੇ ਪਹਿਲਾਂ ਚੱਲ ਰਹੀ ਰਵਾਇਤ ਕਾਇਮ ਰੱਖੀ ਜਾਣੀ ਚਾਹੀਦੀ ਹੈ।
ਦੂਜੀ ਧਿਰ ਵੱਲੋਂ ਚੋਣ ਸਹੀ ਢੰਗ ਨਾਲ ਨਾ ਹੋਣ ਦਾ ਦਾਅਵਾ
ਐਸੋਸੀਏਸ਼ਨ ਦੀ ਦੂਜੀ ਧਿਰ ਦਾ ਕਹਿਣਾ ਹੈ ਕਿ ਜਨਰਲ ਬਾਡੀ ਵੱਲੋਂ ਕੋਈ ਸਹਿਮਤੀ ਨਹੀਂ ਦਿੱਤੀ ਗਈ। ਅੱਜ ਇਸ ਮਾਮਲੇ ਸਬੰਧੀ ਐਸੋਸੀਏਸ਼ਨ ਦੇ ਦਫ਼ਤਰ ਸਾਬਕਾ ਪ੍ਰਧਾਨਾਂ ਦੀ ਮੀਟਿੰਗ ਆਰਐੱਸ ਸਚਦੇਵਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਸਬੰਧੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਸਾਰਾ ਮਾਮਲਾ ਵਿਚਾਰਿਆ ਗਿਆ। ਮੀਟਿੰਗ ਵਿੱਚ ਤੈਅ ਕੀਤਾ ਗਿਆ ਕਿ ਸੋਮਵਾਰ ਨੂੰ ਮਾਮਲੇ ’ਤੇ ਨਜ਼ਰਸਾਨੀ ਕੀਤੀ ਜਾਵੇਗੀ ਅਤੇ ਜੇਕਰ ਕੋਈ ਯੋਗ ਹੱਲ ਨਾ ਨਿਕਲਿਆ ਤਾਂ ਐੱਮਆਈਏ ਨੂੰ ਭੰਗ ਕਰਕੇ ਚੋਣ ਨਵੇਂ ਸਿਰੇ ਤੋਂ ਕਰਾਈ ਜਾਵੇਗੀ।