ਮੁਹਾਲੀ: ਸਰਕਾਰੀ ਇਸ਼ਤਿਹਾਰਬਾਜ਼ੀ ਨੇ ਸ਼ਹਿਰ ਦੀ ਦਿੱਖ ਵਿਗਾੜੀ: ਬੇਦੀ
ਦਰਸ਼ਨ ਸਿੰਘ ਸੋਢੀ
ਮੁਹਾਲੀ, 26 ਜੂਨ
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇੱਕ ਘੰਟੇ ਦੇ ਯੋਗ ਅਭਿਆਸ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੀ ਆਪ ਨੇ ਯੋਗ ਪ੍ਰੋਗਰਾਮ ਲਈ ਕਰੋੜਾਂ ਰੁਪਏ ਦੀ ਫ਼ਜੂਲ ਦੀ ਇਸ਼ਤਿਹਾਰਬਾਜ਼ੀ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਇਆ ਹੈ। ਪਿਛਲੇ ਦਿਨੀਂ ਕੌਮਾਂਤਰੀ ਯੋਗ ਦਿਵਸ ਸਬੰਧੀ ਮੁਹਾਲੀ ਏਅਰਪੋਰਟ ਸੜਕ ਸਮੇਤ ਹੋਰ ਪ੍ਰਮੁੱਖ ਸੜਕਾਂ ਅਤੇ ਖੰਭਿਆਂ ਉੱਤੇ ਥੋਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਵਾਲੇ ਇਸ਼ਤਿਹਾਰੀ ਬੋਰਡ ਲਗਾ ਕੇ ਸ਼ਹਿਰ ਦੀ ਦਿੱਖ ਖਰਾਬ ਕਰ ਦਿੱਤੀ ਹੈ। ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਮਹਿਜ਼ ਘੰਟੇ ਦੇ ਪ੍ਰੋਗਰਾਮ ਲਈ ਮੁਹਾਲੀ ਏਅਰਪੋਰਟ ਸੜਕ ਸਮੇਤ ਹੋਰ ਵੱਖ-ਵੱਖ ਥਾਵਾਂ ‘ਤੇ ਅਜਿਹੇ ਹੋਰਡਿੰਗ ਲਗਾਏ ਗਏ ਹਨ,ਜਿਨ੍ਹਾਂ ਨੂੰ ਪ੍ਰੋਗਰਾਮ ਹੋਣ ਤੋਂ ਬਾਅਦ ਹੁਣ ਤੱਕ ਉਤਾਰਿਆ ਨਹੀਂ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਆਪ ਦੇ ਹੱਕ ਵਿੱਚ ਵੱਡਾ ਫਤਵਾ ਦੇ ਕੇ 92 ਸੀਟਾਂ ਜਿਤਾਈਆਂ ਸਨ ਪਰ ਹੁਣ ਸਰਕਾਰ ਵੀ ਵੱਖ-ਵੱਖ ਟੈਕਸਾਂ ਦੇ ਰੂਪ ਵਿੱਚ ਲੋਕਾਂ ਤੋਂ ਇਕੱਠੇ ਕੀਤੇ ਪੈਸੇ ਨੂੰ ਫ਼ਜ਼ੂਲ ਦੀ ਇਸ਼ਤਿਹਾਰਬਾਜ਼ੀ ‘ਤੇ ਖ਼ਰਚ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਫ਼ਜ਼ੂਲ ਖ਼ਰਚੀ ਦੀ ਭਰਪਾਈ ਲਈ ਸਰਕਾਰ ਨੇ ਪੈਨਸ਼ਨਰਾਂ ‘ਤੇ 200 ਰੁਪਏ ਨਵਾਂ ਟੈਕਸ ਲਾਇਆ ਗਿਆ ਹੈ। ਸਰਕਾਰ ਨੂੰ ਅਜਿਹੇ ਗਲਤ ਫ਼ੈਸਲਿਆਂ ਦਾ ਖ਼ਮਿਆਜ਼ਾ ਆਗਾਮੀ ਲੋਕ ਸਭਾ ਚੋਣਾਂ ਵਿੱਚ ਭੁਗਤਨਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਇਸ ਪੈਸੇ ਨੂੰ ਸ਼ਹਿਰ ਦੇ ਵਿਕਾਸ ਕੰਮਾਂ ‘ਤੇ ਵੀ ਖ਼ਰਚ ਕਰ ਸਕਦੀ ਸੀ ਪਰ ਅਜਿਹਾ ਨਹੀਂ ਕੀਤਾ ਗਿਆ।