For the best experience, open
https://m.punjabitribuneonline.com
on your mobile browser.
Advertisement

ਮੁਹਾਲੀ: ਐਲੀਮੈਂਟਰੀ ਸਕੂਲ ਕੁੰਭੜਾ ਦੇ ਗੇਟ ਅੱਗੇ ਸਿੱਖਿਆ ਮੰਤਰੀ ਤੇ ਡਾਇਰੈਕਟਰ ਦਾ ਪੁਤਲਾ ਫੂਕਿਆ

02:57 PM Mar 30, 2024 IST
ਮੁਹਾਲੀ  ਐਲੀਮੈਂਟਰੀ ਸਕੂਲ ਕੁੰਭੜਾ ਦੇ ਗੇਟ ਅੱਗੇ ਸਿੱਖਿਆ ਮੰਤਰੀ ਤੇ ਡਾਇਰੈਕਟਰ ਦਾ ਪੁਤਲਾ ਫੂਕਿਆ
Advertisement

ਦਰਸ਼ਨ ਸਿੰਘ ਸੋਢੀ
ਮੁਹਾਲੀ, 30 ਮਾਰਚ
ਅੱਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਪਿੰਡ ਦੇ ਮੋਹਤਬਰਾਂ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਕੁੰਭੜਾ ਦੀ ਇਮਾਰਤ ਲਈ ਪਿੰਡ ਵਾਸੀ ਗਿਆਨੀ ਗੁਰਬਖ਼ਸ਼ ਸਿੰਘ ਨੇ ਲਗਪਗ 40 ਸਾਲ ਪਹਿਲਾਂ ਜ਼ਮੀਨ ਦਾਨ ਕੀਤੀ ਸੀ। ਸਮੇਂ ਸਮੇਂ ਦੀਆਂ ਸਰਕਾਰਾਂ ਅਤੇ ਗਰਾਮ ਪੰਚਾਇਤਾਂ ਨੇ ਫੰਡ ਖਰਚ ਕੇ ਸਕੂਲ ਦੀ ਦੋ ਮੰਜ਼ਿਲਾਂ ਇਮਾਰਤ ਦੀ ਉਸਾਰੀ ਕੀਤੀ ਗਈ, ਜਿਸ ਵਿੱਚ ਗਰੀਬ ਅਤੇ ਮੱਧ ਵਰਗੀ ਵਰਗ ਦੇ ਲੋਕਾਂ ਦੇ ਕਰੀਬ 550 ਬੱਚੇ ਵਿੱਦਿਆ ਹਾਸਲ ਕਰ ਰਹੇ ਹਨ। ਕਰੀਬ 15 ਅਧਿਆਪਕ ਪੜ੍ਹਾ ਰਹੇ ਹਨ। ਇਸ ਸਕੂਲ ਦਾ 40 ਸਾਲਾਂ ਦਾ ਸਾਰਾ ਰਿਕਾਰਡ ਬਲਵਿੰਦਰ ਸਿੰਘ ਕੁੰਭੜਾ ਕੋਲ ਮੌਜੂਦ ਹੈ ਪਰ ਇਸ ਦੀ ਮਾਲਕੀ ਅੱਜ ਤੱਕ ਸਕੂਲ ਦੇ ਨਾਮ ਚੜ੍ਹਾਉਣ ਲਈ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਧਿਆਨ ਨਹੀਂ ਦਿੱਤਾ, ਜਿਸ ਕਰਕੇ ਦਾਨੀ ਗਿਆਨੀ ਗੁਰਬਖਸ਼ ਸਿੰਘ ਦੇ ਕਾਨੂੰਨੀ ਵਾਰਸ ਰਣਜੀਤ ਸਿੰਘ ਨੇ ਦਾਨ ਕੀਤੀ ਜ਼ਮੀਨ ਵਾਪਸ ਮੰਗ ਲਈ ਹੈ। ਇਸ ਸਬੰਧੀ ਬਕਾਇਦਾ ਮੁਹਾਲੀ ਅਦਾਲਤ ਵਿੱਚ ਸਕੂਲ ਤੋਂ ਜਗ੍ਹਾ ਖਾਲੀ ਕਰਾਉਣ ਦਾ ਕੇਸ ਦਾਇਰ ਕਰ ਦਿੱਤਾ ਹੈ, ਜਿਸ ਕੇਸ ਦੀ ਪੈਰਵਾਈ ਮੁੱਖ ਅਧਿਆਪਕਾ ਸੁਖਦੀਪ ਕੌਰ ਕਰ ਰਹੇ ਹਨ।
ਪਿੰਡ ਵਾਸੀਆਂ ਮਨਜੀਤ ਸਿੰਘ ਮੇਵਾ, ਗੁਰਚਰਨ ਸਿੰਘ, ਨੰਬਰਦਾਰ ਦਲਜੀਤ ਸਿੰਘ, ਨੰਬਰਦਾਰ ਦਲਜੀਤ ਸਿੰਘ ਕਾਕਾ ਆਪਣੇ ਪੱਲਿਓ ਫੰਡ ਖਰਚ ਕਰਕੇ ਸਕੂਲ ਦੀ ਹੋਂਦ ਨੂੰ ਬਚਾਉਣਾ ਲਈ ਸੰਘਰਸ਼ ਦੀ ਰਾਹ 'ਤੇ ਹਨ। ਇਹੀ ਨਹੀਂ ਪਿੰਡ ਵਾਸੀ ਆਪਣੇ ਖਰਚੇ ’ਤੇ ਕੇਸ ਲੜਨ ਲਈ ਵੀ ਤਿਆਰ ਹਨ ਪਰ ਸਿੱਖਿਆ ਵਿਭਾਗ ਲਿਖਤੀ ਪ੍ਰਵਾਨਗੀ ਦੇਣ ਤੋਂ ਕਥਿਤ ਤੌਰ ’ਤੇ ਇਨਕਾਰੀ ਹੈ ਤੇ ਨਾ ਖ਼ੁਦ ਠੋਸ ਕਦਮ ਚੁੱਕ ਰਿਹਾ ਹੈ। ਡਾਇਰੈਕਟਰ ਤੋਂ ਸਕੂਲ ਦੀ ਮੁੱਖ ਅਧਿਆਪਕਾ ਦੇ ਨਾਮ ਮਾਲਕੀ ਦਾ ਕੇਸ ਪਾਉਣ ਲਈ ਮਨਜ਼ੂਰੀ ਚਾਹੀਦੀ ਹੈ ਪਰ ਛੇ ਮਹੀਨਿਆਂ ਤੋਂ ਸਕੂਲ ਦੀ ਮਾਲਕੀ ਦਾ ਕੇਸ ਪਾਉਣ ਲਈ ਪਿੰਡ ਵਾਸੀਆਂ ਅਤੇ ਮੁਖੀ ਨੂੰ ਸਕੂਲ ਦੀ ਹੋਂਦ ਬਚਾਉਣ ਲਈ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਅੱਜ ਦੁਖੀ ਹੋ ਕੇ ਬੱਚਿਆਂ ਦੇ ਮਾਪਿਆਂ ਅਤੇ ਪਿੰਡ ਦੇ ਮੋਹਤਬਰਾਂ ਨੇ ਸਕੂਲ ਦੇ ਗੇਟ ਦੇ ਸਾਹਮਣੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਡਾਇਰੈਕਟਰ ਐਲੀਮੈਂਟਰੀ ਸਕੂਲ ਦਾ ਪੁਤਲਾ ਫੂਕਿਆ ਅਤੇ ਪਿੱਟ ਸਿਆਪਾ ਕੀਤਾ। ਪਿੰਡ ਵਾਸੀਆਂ ਨੇ ਕਿਹਾ ਕਿ ਜੇ ਸਰਕਾਰ ਨੇ ਸਕੂਲ ਦੇ ਮਸਲੇ ਤੇ ਧਿਆਨ ਨਾ ਦਿੱਤਾ ਤਾਂ ਮੌਜੂਦਾ ਸਰਕਾਰ ਦੇ ਵਿਧਾਇਕਾਂ, ਮੰਤਰੀਆਂ ਨੂੰ ਜਾਂ ਲੋਕ ਸਭਾ ਦੇ ਉਮੀਦਵਾਰ ਨੂੰ ਕਾਲੇ ਝੰਡੇ ਦਿਖਾਏ ਜਾਣਗੇ ਤੇ ਪਿੰਡ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।

Advertisement

ਪਿੰਡ ਵਾਸੀਆਂ ਨੇ ਚੋਣ ਕਮਿਸ਼ਨ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਇਸ ਐਲੀਮੈਂਟਰੀ ਡਾਇਰੈਕਟਰ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਬਲਵਿੰਦਰ ਕੁੰਭੜਾ ਨੇ ਦੱਸਿਆ ਕਿ 15 ਦਿਨ ਪਹਿਲਾਂ ਮੀਡੀਆ ਰਾਹੀਂ ਸੂਬਾ ਸਰਕਾਰ ਅਤੇ ਡਾਇਰੈਕਟਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਜਾਇਜ਼ ਮੰਗ ਮੰਨੀ ਜਾਵੇ। ਇਸ ਮਾਮਲੇ ਬਾਰੇ ਡਾਇਰੈਕਟਰ ਐਲੀਮੈਂਟਰੀ ਸਕੂਲ ਅਮਨਿੰਦਰ ਕੌਰ ਨੇ ਕਿਹਾ ਕਿ ਐਲੀਮੈਂਟਰੀ ਸਕੂਲ ਕੁੰਭੜਾ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਪਰ ਕਾਨੂੰਨੀ ਰਾਇ ਨਾ ਮਿਲਣ ਕਰਕੇ ਮਾਮਲਾ ਲਟਕਿਆ ਰਿਹਾ। ਰਾਇ ਮਿਲ ਚੁੱਕੀ ਹੈ ਅਤੇ ਮਾਮਲਾ ਸਿੱਖਿਆ ਮੰਤਰੀ ਦੇ ਧਿਆਨ ਵਿੱਚ ਵੀ ਹੈ। ਹੁਣ ਵਿਰੋਧੀਆਂ ਦੇ ਖਿਲਾਫ਼ ਜਲਦੀ ਹੀ ਕੇਸ ਦਾਇਰ ਕਰੇਗਾ। ਇਸ ਮੌਕੇ ਮਨਜੀਤ ਸਿੰਘ ਮੇਵਾ ਸਰਪ੍ਰਸਤ ਉੱਚਾ ਦਰ ਬਾਬੇ ਨਾਨਕ ਦਾ ਟਰੱਸਟ, ਹਰਵਿੰਦਰ ਸਿੰਘ ਬਿੱਲੂ, ਗੁਰਚਰਨ ਸਿੰਘ, ਬਲਜੀਤ ਸਿੰਘ, ਨੰਬਰਦਾਰ ਦਲਜੀਤ ਸਿੰਘ ਕਾਕਾ, ਨੰਬਰਦਾਰ ਦਲਜੀਤ ਸਿੰਘ, ਨੰਬਰਦਾਰ ਜਸਵੀਰ ਸਿੰਘ, ਨਛੱਤਰ ਸਿੰਘ, ਕਮਲਪ੍ਰੀਤ ਸਿੰਘ, ਮਨਦੀਪ ਸਿੰਘ, ਬਚਨ ਸਿੰਘ ਪ੍ਰਧਾਨ ਵਾਲਮੀਕ ਕਮੇਟੀ, ਜਸਵਿੰਦਰ ਜੱਸੀ, ਸੌਰਵ ਕੁਮਾਰ, ਸੰਨੀ, ਰਿਸ਼ੀਰਾਜ, ਦੌਲਤ ਰਾਮ, ਸੁਖਦੀਪ ਸਿੰਘ, ਜੋਤੀ ਸਿੰਘ ਹਾਜ਼ਰ ਸਨ।

Advertisement
Author Image

Advertisement
Advertisement
×