ਮੁਹਾਲੀ ਜ਼ਿਲ੍ਹੇ ਨੂੰ ਅੱਜ ਮਿਲੇਗਾ ਹਜ਼ਾਰ ਟਨ ਡੀਏਪੀ ਦਾ ਕੋਟਾ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 16 ਨਵੰਬਰ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਲਈ ਭਲਕੇ 17 ਨਵੰਬਰ ਨੂੰ ਇੱਕ ਹਜ਼ਾਰ ਟਨ ਡੀਏਪੀ ਖਾਦ ਦਾ ਕੋਟਾ ਪ੍ਰਾਪਤ ਹੋਵੇਗਾ, ਜਿਸ ਨਾਲ ਜ਼ਿਲ੍ਹੇ ਦੇ ਕਿਸਾਨਾਂ ਨੂੰ ਡੀਏਪੀ ਦੀ ਪੂਰਤੀ ਕਰਨ ਵਿੱਚ ਵੱਡਾ ਲਾਭ ਮਿਲੇਗਾ। ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਫਾਸਫੇਟਿਕ ਖਾਦਾਂ ਦਾ ਕੁੱਲ ਕੋਟਾ 7763 ਟਨ ਲੋੜੀਂਦਾ ਹੈ, ਜਿਸ ’ਚੋਂ ਹੁਣ ਤੱਕ 4650 ਟਨ ਦੀ ਸਪਲਾਈ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਣਕ ਥੱਲੇ 56,600 ਹੈਕਟੇਅਰ ਅਤੇ ਆਲੂ ਥੱਲੇ 1800 ਹੈਕਟੇਅਰ ਰਕਬਾ ਅਨੁਮਾਨਿਆ ਗਿਆ ਹੈ, ਜਿਸ ਲਈ ਫਾਸਫੇਟਿਕ ਖਾਦਾਂ ਦੀ ਕੁੱਲ ਮੰਗ 7353 ਟਨ ਅਨੁਮਾਨੀ ਗਈ ਹੈ। ਉਨ੍ਹਾਂ ਦੱਸਿਆ ਕਿ ਭਲਕੇ ਐਤਵਾਰ ਨੂੰ ਰੂਪਨਗਰ ਵਿੱਚ ਇੰਡੀਅਨ ਪੋਟਾਸ਼ ਲਿਮਟਿਡ ਦੇ ਲੱਗਣ ਵਾਲੇ ਰੈਕ ’ਚੋਂ ਕਰੀਬ ਇੱਕ ਹਜ਼ਾਰ ਟਨ ਡੀਏਪੀ ਖਾਦ ਦਾ ਕੋਟਾ ਮੁਹਾਲੀ ਜ਼ਿਲ੍ਹੇ ਦੀਆਂ ਸੁਸਾਇਟੀਆਂ ਅਤੇ ਖਾਦ ਡੀਲਰਾਂ ਲਈ ਦਿੱਤਾ ਜਾਵੇਗਾ।
ਅਧਿਕਾਰੀ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਅਧਿਕਾਰੀਆਂ ਵੱਲੋਂ ਲਗਾਤਾਰ ਡੀਏਪੀ ਖਾਦ ਦੇ ਬਦਲਵੇਂ ਫਾਸਫੇਟਿਕ ਮਿਸ਼ਰਨਾਂ/ ਖਾਦਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਡੀਏਪੀ ਦੀ ਥਾਂ ’ਤੇ ਸਿੰਗਲ ਸੁਪਰ ਫਾਸਫੇਟ, ਟ੍ਰਿੱਪਲ ਸੁਪਰ ਫਾਸਫੇਟ ਅਤੇ ਐਨਪੀਕੇ ਖਾਦਾਂ ਵੀ ਵਰਤੀਆਂ ਜਾ ਸਕਦੀਆਂ ਹਨ, ਇਸ ਲਈ ਕਿਸਾਨਾਂ ਨੂੰ ਕੇਵਲ ਡੀਏਪੀ ’ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ।