For the best experience, open
https://m.punjabitribuneonline.com
on your mobile browser.
Advertisement

ਮੁਹਾਲੀ: ਤੱਗੜ ਨੂੰ ਝੂਠੇ ਕੇਸ ’ਚ ਫਸਾਉਣ ਵਿਰੁੱਧ ਪੱਤਰਕਾਰ, ਵਕੀਲ, ਕਿਸਾਨ, ਮਜ਼ਦੂਰ ਅਤੇ ਹੋਰ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ

03:15 PM Apr 29, 2024 IST
ਮੁਹਾਲੀ  ਤੱਗੜ ਨੂੰ ਝੂਠੇ ਕੇਸ ’ਚ ਫਸਾਉਣ ਵਿਰੁੱਧ ਪੱਤਰਕਾਰ  ਵਕੀਲ  ਕਿਸਾਨ  ਮਜ਼ਦੂਰ ਅਤੇ ਹੋਰ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ
Advertisement

ਦਰਸ਼ਨ ਸਿੰਘ ਸੋਢੀ
ਮੁਹਾਲੀ, 29 ਅਪਰੈਲ
ਸੀਨੀਅਰ ਪੱਤਰਕਾਰ ਰਜਿੰਦਰ ਸਿੰਘ ਤੱਗੜ ਨੂੰ ਝੂਠੇ ਮਾਮਲੇ ਵਿੱਚ ਫਸਾਉਣ ਵਿਰੁੱਧ ਮੁਹਾਲੀ ਵਿਖੇ ਪੱਤਰਕਾਰਾਂ, ਵਕੀਲਾਂ, ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਸੜਕਾਂ 'ਤੇ ਉਤਰੇ। ਪਹਿਲਾਂ ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਮੁਹਾਲੀ ਕੋਰਟ ਦੇ ਬਾਹਰ ਇਕੱਠੇ ਹੋਣ ਉਪਰੰਤ ਮਾਰਚ ਕਰਦੇ ਹੋਏ ਐੱਸਐੱਸਪੀ ਦਫ਼ਤਰ ਪਹੁੰਚੇ, ਜਿੱਥੇ ਉਹ ਸਾਰੇ ਧਰਨਾ ਲਗਾ ਕੇ ਬੈਠ ਗਏ ਅਤੇ ਪੰਜਾਬ ਸਰਕਾਰ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਬੁਲਾਰਿਆਂ ਨੇ ਮੰਗ ਕੀਤੀ ਕਿ ਪੱਤਰਕਾਰ ਤੱਗੜ ਨੂੰ ਫੌਰੀ ਰਿਹਾਅ ਕੀਤਾ ਜਾਵੇ ਅਤੇ ਇਸ ਮਾਮਲੇ ਦੀ ਮੁਹਾਲੀ ਤੋਂ ਬਾਹਰ ਕਿਸੇ ਹੋਰ ਜ਼ਿਲ੍ਹੇ ਵਿੱਚ ਸੀਨੀਅਰ ਉੱਚ ਅਧਿਕਾਰੀ ਦੀ ਨਿਗਰਾਨੀ ਵਿੱਚ ਸਿੱਟ ਦਾ ਗਠਨ ਕਰਕੇ ਨਿਰਪੱਖ ਜਾਂਚ ਕਰਵਾਈ ਜਾਵੇ। ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ, ਜ਼ਿਲ੍ਹਾ ਪ੍ਰੈਸ ਕਲੱਬ ਐੱਸਏਐੱਸ ਨਗਰ (ਮੁਹਾਲੀ) ਦੇ ਚੇਅਰਮੈਨ ਦਰਸ਼ਨ ਸਿੰਘ ਸੋਢੀ, ਜਨਰਲ ਸਕੱਤਰ ਕੁਲਦੀਪ ਸਿੰਘ ਰਾਜੂ, ਮੁਹਾਲੀ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ, ਜਨਰਲ ਸਕੱਤਰ ਗੁਰਮੀਤ ਸਿੰਘ ਸਾਹੀ, ਪ੍ਰੈੱਸ ਕਲੱਬ ਬਨੂੜ ਦੇ ਸਰਪ੍ਰਸਤ ਕਰਮਜੀਤ ਸਿੰਘ ਚਿੱਲਾ ਅਤੇ ਜਨਰਲ ਸਕੱਤਰ ਅਵਤਾਰ ਸਿੰਘ, ਵਕੀਲਾਂ ਦੀ ਜਥੇਬੰਦੀ ਦੇ ਆਗੂ ਜਸਪਾਲ ਸਿੰਘ ਦੱਪਰ, ਦਰਸ਼ਨ ਸਿੰਘ ਧਾਲੀਵਾਲ, ਕਿਸਾਨ ਯੂਨੀਅਨ ਦੇ ਆਗੂ ਪਰਮਦੀਪ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਊ, ਬਲਵੰਤ ਸਿੰਘ ਨੰਡਿਆਲੀ, ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ ਅਤੇ ਹੋਰਨਾਂ ਆਗੂਆਂ ਨੇ ਪੱਤਰਕਾਰ ਤੱਗੜ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕਰਦਿਆਂ ਇਸ ਨੂੰ ਨਿਰਪੱਖ ਪੱਤਰਕਾਰਤਾ ਅਤੇ ਪ੍ਰੈੱਸ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਯੂਨੀਅਨਾਂ ਦਾ ਇੱਕ ਸਾਂਝਾ ਵਫ਼ਦ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਮਿਲੇਗਾ ਅਤੇ ਉਨ੍ਹਾਂ ਨੂੰ ਨਿੱਜੀ ਦਖ਼ਲ ਦੇ ਕੇ ਸਮੁੱਚੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਪੱਤਰਕਾਰ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਜਾਵੇਗੀ।
ਬਾਅਦ ਵਿੱਚ ਪੰਜਾਬ ਚੰਡੀਗੜ੍ਹ ਯੂਨੀਅਨ ਆਫ਼ ਜਰਨਲਿਸਟ ਦੇ ਪ੍ਰਧਾਨ ਬਲਬੀਰ ਸਿੰਘ ਜੰਡੂ ਅਤੇ ਪ੍ਰੈਸ ਕੌਂਸਲ ਦੇ ਮੈਂਬਰ ਬਲਵਿੰਦਰ ਸਿੰਘ ਜੰਮੂ ਨੇ ਵੀ ਮੁਹਾਲੀ ਪਹੁੰਚ ਕੇ ਪੱਤਰਕਾਰ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਨਿਖੇਧੀ ਕੀਤੀ।

Advertisement

Advertisement
Author Image

Advertisement
Advertisement
×