ਮੁਹਾਲੀ ਨਿਗਮ ਵੱਲੋਂ ਕੂੜੇ ਦੀ ਨਿਕਾਸੀ ਦੇ ਨਵੇਂ ਟੈਂਡਰਾਂ ਨੂੰ ਮਨਜ਼ੂਰੀ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 18 ਨਵੰਬਰ
ਮੁਹਾਲੀ ਵਿੱਚ ਜਲਦੀ ਹੀ ਕੂੜੇ ਦੀ ਸਮੱਸਿਆ ਦਾ ਪੱਕਾ ਹੱਲ ਹੋਵੇਗਾ। ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਸ਼ਹਿਰ ’ਚੋਂ ਕੂੜੇ ਦੀ ਨਿਕਾਸੀ ਦੇ ਨਵੇਂ ਟੈਂਡਰਾਂ ਨੂੰ ਮਨਜ਼ੂਰੀ ਦਿੱਤੀ ਗਈ। ਹੁਣ ਕੰਪਨੀ ਨੂੰ ਵਰਕ ਆਰਡਰ ਜਾਰੀ ਕਰਨ ਤੋਂ ਬਾਅਦ ਕੂੜੇ ਦੀ ਨਿਕਾਸੀ ਦੀ ਸਮੱਸਿਆ ਨਹੀਂ ਰਹੇਗੀ ਅਤੇ ਆਉਂਦੇ ਦਿਨਾਂ ਵਿੱਚ ਸੜਕਾਂ ਕਿਨਾਰੇ ਕੂੜੇ ਦੇ ਢੇਰ ਨਜ਼ਰ ਨਹੀਂ ਆਉਣਗੇ।
ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਇਸ ਗੱਲ ’ਤੇ ਰੋਸ ਜ਼ਾਹਰ ਕੀਤਾ ਕਿ ਇਸ਼ਤਿਹਾਰਬਾਜ਼ੀ ਦੇ ਕੰਮ ਵਿੱਚ ਹੋਏ ਕਥਿਤ ਘਪਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਸਬੰਧੀ ਹਾਊਸ ਵੱਲੋਂ ਦੋ ਵਾਰ ਮਤਾ ਪਾਸ ਕਰ ਕੇ ਭੇਜੇ ਜਾਣ ਦੇ ਬਾਵਜੂਦ ਸਰਕਾਰ ਨੇ ਇਸ ਦੀ ਪ੍ਰਵਾਨਗੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਸਰਕਾਰ ਜ਼ਿੰਮੇਵਾਰ ਅਧਿਕਾਰੀਆਂ ਦਾ ਬਚਾਅ ਕਰ ਰਹੀ ਹੈ। ਲਿਹਾਜ਼ਾ ਇਸ ਸਬੰਧੀ ਡਿਸੈਂਡਿੰਗ ਨੋਟ ਲਿਖਿਆ ਜਾਵੇ। ਉਨ੍ਹਾਂ ਨੇ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਅਤੇ ਰੇਹੜੀਆਂ-ਫੜੀਆਂ ਦਾ ਮੁੱਦਾ ਚੁੱਕਦਿਆਂ ਇਸ ਕੰਮ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋਣ ਦਾ ਦੋਸ਼ ਲਾਇਆ।
ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੌਂਸਲਰ ਨਰਪਿੰਦਰ ਸਿੰਘ ਰੰਗੀ, ਹਰਜੀਤ ਸਿੰਘ ਭੋਲੂ ਅਤੇ ਕੁਲਵੰਤ ਸਿੰਘ ਕਲੇਰ ਨੇ ਰੇਹੜੀਆਂ ਫੜੀਆਂ ਅਤੇ ਨਾਜਾਇਜ਼ ਕਬਜ਼ਿਆਂ ਦੀਆਂ ਤਸਵੀਰਾਂ ਵਾਲਾ ਬੈਨਰ ਲੈ ਕੇ ਹਾਊਸ ਵਿੱਚ ਰੋਸ ਪ੍ਰਗਟ ਕਰਦਿਆਂ ਦੋਸ਼ ਲਾਇਆ ਕਿ ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਨਾਜਾਇਜ਼ ਕਬਜ਼ੇ ਵਧ ਰਹੇ ਹਨ। ਕਮਿਸ਼ਨਰ ਨੇ ਹਾਊਸ ਨੂੰ ਭਰੋਸਾ ਦਿੱਤਾ ਕਿ 15 ਦਿਨਾਂ ਦੇ ਅੰਦਰ-ਅੰਦਰ ਨਾਜਾਇਜ਼ ਕਬਜ਼ੇ ਹਟਾਏ ਜਾਣਗੇ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਆਖਿਆ ਕਿ ਮਾਰਕੀਟਾਂ ਵਿੱਚ ਜਨਤਕ ਪਖਾਨੇ ਰਾਤ ਨੂੰ ਵੀ ਖੁੱਲ੍ਹੇ ਰੱਖੇ ਜਾਣ। ਉਨ੍ਹਾਂ ਕਿਹਾ ਕਿ ਫੇਜ਼-3ਬੀ-2 ਦੀ ਮਾਰਕੀਟ ਦੇਰ ਰਾਤ ਤੱਕ ਖੁੱਲ੍ਹੀ ਰਹਿੰਦੀ ਹੈ ਪਰ ਜਨਤਕ ਪਖਾਨੇ ਬੰਦ ਕਰ ਦਿੱਤੇ ਜਾਣ ਕਾਰਨ ਲੋਕ ਖੁੱਲ੍ਹੇ ਵਿੱਚ ਪਿਸ਼ਾਬ ਕਰਦੇ ਹਨ। ਹੋਰਨਾਂ ਕੌਂਸਲਰਾਂ ਨੇ ਵੀ ਕਿਹਾ ਕਿ ਜਨਤਕ ਪਖਾਨੇ ਰਾਤ ਨੂੰ 11 ਵਜੇ ਤੱਕ ਖੋਲ੍ਹੇ ਜਾਣ ਅਤੇ 11 ਵਜੇ ਤੋਂ ਬਾਅਦ ਮਾਰਕੀਟਾਂ ਨੂੰ ਸਖ਼ਤੀ ਨਾਲ ਬੰਦ ਕਰਵਾਇਆ ਜਾਵੇ।
ਕੌਂਸਲਰ ਰੁਪਿੰਦਰ ਕੌਰ ਰੀਨਾ ਨੇ ਬੋਗਨਵਿਲੀਆ ਪਾਰਕ ਫੇਜ਼-4 ਦੇ ਠੇਕੇਦਾਰ ਵੱਲੋਂ ਕੰਮ ਮੁਕੰਮਲ ਨਾ ਕਰਨ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਪਾਰਕ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ। ਇਸ ’ਤੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਅਜਿਹੇ ਠੇਕੇਦਾਰ ਮਿੱਥੇ ਸਮੇਂ ਵਿੱਚ ਕੰਮ ਮੁਕੰਮਲ ਨਹੀਂ ਕਰਦੇ, ਉਨ੍ਹਾਂ ਨੂੰ ਬਲੈਕ ਲਿਸਟ ਕੀਤਾ ਜਾਵੇਗਾ। ਕੌਂਸਲਰ ਬਲਜੀਤ ਕੌਰ ਨੇ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਕੁੱਤੇ ਕਈ ਲੋਕਾਂ ਨੂੰ ਵੱਢ ਚੁੱਕੇ ਹਨ। ਮੁਲਾਜ਼ਮ ਦੀ ਬਦਲੀ ਨਾਲ ਸਬੰਧਤ ਇੱਕ ਮਤਾ ਪੈਂਡਿੰਗ ਰੱਖ ਕੇ ਬਾਕੀ ਸਾਰੇ ਮਤੇ ਪਾਸ ਕੀਤੇ ਗਏ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਮੁਹਾਲੀ ਵਿੱਚ ਸੜਕ ਹਾਦਸੇ ਦੌਰਾਨ ਫੌਤ ਹੋਏ ਦੋ ਕਾਰੋਬਾਰੀ ਨੌਜਵਾਨਾਂ ਰਾਜਾ ਸਿੱਧੂ ਅਤੇ ਦਲਜੀਤ ਸਿੰਘ, ਕੌਂਸਲਰ ਪਰਮਜੀਤ ਸਿੰਘ ਹੈਪੀ ਦੇ ਤਾਇਆ ਦਯਾਲ ਸਿੰਘ, ਪਿੰਡ ਕੁੰਭੜਾ ਵਿੱਚ ਕਤਲ ਕੀਤੇ ਨੌਜਵਾਨ ਦਮਨਪ੍ਰੀਤ ਸਿੰਘ ਅਤੇ ਉਦਯੋਗਪਤੀ ਰਤਨ ਟਾਟਾ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਹਾਊਸ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।