ਮੁਹਾਲੀ ਤੇ ਨੇੜਲੇ ਇਲਾਕਿਆਂ ਦੇ ਬਾਜ਼ਾਰਾਂ ਵਿੱਚ ਰੌਣਕ ਘਟੀ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 22 ਅਗਸਤ
ਕਰੋਨਾ ਮਹਾਮਾਰੀ ਦੇ ਚੱਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਨਿਚਰਵਾਰ ਅਤੇ ਐਤਵਾਰ ਨੂੰ ਮੁਕੰਮਲ ਲੌਕਡਾਊਨ ਸਬੰਧੀ ਦਿੱਤੇ ਹੁਕਮਾਂ ਦੇ ਪਹਿਲੇ ਦਿਨ ਮੁਹਾਲੀ ਸ਼ਹਿਰ ਅਤੇ ਆਸਪਾਸ ਇਲਾਕਿਆਂ ਦੇ ਬਾਜ਼ਾਰ ਬੰਦ ਰਹੇ। ਇਸ ਕਾਰਨ ਵੱਖ-ਵੱਖ ਮਾਰਕੀਟਾਂ ਵਿੱਚ ਸਨਾਟਾ ਪਸਰਿਆ ਰਿਹਾ। ਇੱਥੋਂ ਦੇ ਕਸਬਾ ਬਲੌਂਗੀ, ਪਿੰਡ ਕੁੰਭੜਾ, ਸੋਹਾਣਾ, ਮਟੌਰ, ਸ਼ਾਹੀਮਾਜਰਾ, ਮਦਨਪੁਰ ਅਤੇ ਪਿੰਡ ਮੁਹਾਲੀ ਵਿੱਚ ਵੀ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ। ਇਸ ਦੌਰਾਨ ਹਲਵਾਈ, ਢਾਬੇ, ਕਰਿਆਨਾ, ਦਵਾਈਆਂ ਅਤੇ ਹੋਰ ਜ਼ਰੂਰੀ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਸਨ ਯਇਸੇ ਦੌਰਾਨ ਸੜਕਾਂ ’ਤੇ ਆਵਾਜਾਈ ਆਮ ਵਾਂਗ ਜਾਰੀ ਸੀ ਅਤੇ ਆਟੋਰਿਕਸ਼ੇ ਵੀ ਚੱਲ ਰਹੇ ਸਨ। ਮਾਰਕੀਟਾਂ ਵਿੱਚੋਂ ਖਾਣ-ਪੀਣ ਦਾ ਸਾਮਾਨ ਵੇਚਣ ਵਾਲੀਆਂ ਰੇਹੜੀਆਂ ਵੀ ਗਾਇਬ ਸਨ ਅਤੇ ਪੁਲੀਸ ਵੱਲੋਂ ਮਾਰਕੀਟਾਂ ਵਿੱਚ ਪੈਟਰੋਲਿੰਗ ਕੀਤੀ ਜਾ ਰਹੀ ਸੀ।
ਉਧਰ, ਬਲੌਂਗੀ ਥਾਣੇ ਦੇ ਏਐੱਸਆਈ ਦਿਲਬਾਗ ਸਿੰਘ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਬਲੌਂਗੀ ਵਿੱਚ ਬਿਨਾਂ ਕਿਸੇ ਕੰਮ ਦੇ ਘਰ ਤੋਂ ਬਾਹਰ ਘੁੰਮਣ ਵਾਲਿਆਂ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਸਿਰਫ਼ ਐਮਰਜੈਂਸੀ ਅਤੇ ਜ਼ਰੂਰੀ ਕੰਮਾਂ ਲਈ ਹੀ ਵਿਅਕਤੀਆਂ ਨੂੰ ਆਉਣ ਜਾਣ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮਾਸਕ ਨਾ ਪਾਉਣ ਵਾਲੇ ਕਈ ਵਿਅਕਤੀਆਂ ਦੇ ਚਲਾਨ ਕੀਤੇ ਹਨ।
ਬਨੂੜ ਖੇਤਰ ਵਿੱਚ ਰਿਹਾ ਮੁਕੰਮਲ ਲੌਕਡਾਊਨ
ਬਨੂੜ (ਕਰਮਜੀਤ ਸਿੰਘ ਚਿੱਲਾ): ਪੰਜਾਬ ਸਰਕਾਰ ਦੇ ਹਫ਼ਤਾਵਰੀ ਲੌਕਡਾਊਨ ਦੇ ਨਿਰਦੇਸ਼ਾਂ ਤਹਿਤ ਬਨੂੜ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਕਸਬਿਆਂ ਖੇੜਾ ਗੱਜੂ, ਮਾਣਕਪੁਰ, ਜਾਂਸਲਾ, ਕਾਲੋਮਾਜਰਾ ਆਦਿ ਵਿੱਚ ਸਮੁੱਚੀਆਂ ਦੁਕਾਨਾਂ ਮੁਕੰਮਲ ਬੰਦ ਰਹੀਆਂ। ਸੜਕਾਂ ਉੱਤੇ ਬੱਸਾਂ ਦੀ ਗਿਣਤੀ ਘੱਟ ਰਹੀ ਅਤੇ ਪਹਿਲਾਂ ਦੇ ਮੁਕਾਬਲੇ ਭੀੜ ਵੀ ਘੱਟ ਨਜ਼ਰ ਆਈ। ਬਨੂੜ ਵਿਚ ਸਵੇਰ ਸਮੇਂ ਕਰਿਆਨਾ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਸਨ ਪਰ ਥਾਣਾ ਮੁਖੀ ਸੁਭਾਸ਼ ਕੁਮਾਰ ਦੀ ਅਗਵਾਈ ਹੇਠ ਪੁਲੀਸ ਨੇ ਮੈਡੀਕਲ ਸਟੋਰ ਅਤੇ ਡਾਕਟਰਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ। ਕੌਮੀ ਮਾਰਗ ਉੱਤੇ ਕੁੱਝ ਮਠਿਆਈ ਦੀਆਂ ਦੁਕਾਨਾਂ ਜ਼ਰੂਰ ਖੁੱਲੀਆਂ ਨਜ਼ਰ ਆਈਆਂ। ਥਾਣਾ ਮੁਖੀ ਅਨੁਸਾਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਤੇ ਭੀੜ ਦੇ ਮੱਦੇਨਜ਼ਰ ਦੁਕਾਨਾਂ ਬੰਦ ਕਰਾਈਆਂ ਗਈਆਂ। ਪੁਲੀਸ ਵੱਲੋਂ ਵੱਖ-ਵੱਖ ਥਾਵਾਂ ਉੱਤੇ ਨਾਕੇਬੰਦੀ ਵੀ ਕੀਤੀ ਗਈ ਅਤੇ ਸਮੁੱਚੇ ਖੇਤਰ ਵਿੱਚ ਪੁਲੀਸ ਦੀ ਗਸ਼ਤ ਵੀ ਜਾਰੀ ਰਹੀ। ਮਾਣਕਪੁਰ ਅਤੇ ਖੇੜਾ ਗੱਜੂ ਵਿਖੇ ਡਾਕਟਰਾਂ ਦੀਆਂ ਦੁਕਾਨਾਂ ਵੀ ਬੰਦ ਰਹੀਆਂ। ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿੰਡ ਦੈੜੀ ਵਿਚ ਭਾਵੇਂ ਕੁਝ ਦੁਕਾਨਾਂ ਖੁੱਲ੍ਹੀਆਂ ਸਨ ਪਰ ਸਨੇਟਾ ਦੀ ਮਾਰਕੀਟ ਬੰਦ ਰਹੀ। ਚੌਕੀ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾ ਰਹੀ ਹੈ।