ਮੁਹਾਲੀ: ਨਾਜਾਇਜ਼ ਅਸਲੇ ਤੇ ਹੈਰੋਇਨ ਸਮੇਤ 2 ਮੁਲਜ਼ਮ ਗ੍ਰਿਫ਼ਤਾਰ
ਦਰਸ਼ਨ ਸਿੰਘ ਸੋਢੀ
ਮੁਹਾਲੀ, 19 ਜੁਲਾਈ
ਰੂਪਨਗਰ ਰੇਂਜ ਦੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਂਟੀ-ਨਾਰਕੌਟਿਕਸ-ਕਮ-ਸ਼ਪੈਸ਼ਲ ਅਪਰੇਸ਼ਨ ਸੈੱਲ ਕੈਂਪ ਐਟ ਫੇਜ਼-7 ਵੱਲੋਂ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦਿਆਂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਖਰੜ ਅਤੇ ਗੁਰਪ੍ਰੀਤ ਸਿੰਘ ਫਾਜ਼ਿਲਕਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ .32 ਬੋਰ ਦਾ ਨਾਜਾਇਜ਼ ਪਿਸਤੌਲ, 3 ਕਾਰਤੂਸ ਅਤੇ 100 ਗਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਐਂਟੀ-ਨਾਰਕੌਟਿਕਸ-ਕਮ-ਸ਼ਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਮੁਹਾਲੀ ਦੀ ਟੀਮ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਪਾਰਟੀ ਚੱਪੜਚਿੜੀ ਨੇੜੇ ਮੌਜੂਦ ਸੀ। ਇਸ ਦੌਰਾਨ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਗੁਰਪ੍ਰੀਤ ਸਿੰਘ, ਜੋ ਅਕਸਰ ਖਰੜ-ਮੁਹਾਲੀ ਏਰੀਆ ਵਿੱਚ ਕਾਲੇ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਹੈਰੋਇਨ ਸਪਲਾਈ ਕਰਦੇ ਹਨ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਕੋਲ ਨਾਜ਼ਾਇਜ਼ ਅਸਲਾ ਵੀ ਹੈ। ਸੂਚਨਾ ਨੂੰ ਆਧਾਰ ਬਣਾ ਕੇ ਬਲੌਂਗੀ ਥਾਣੇ ਵਿੱਚ ਕੇਸ ਦਰਜ ਕਰਕੇ ਮੁਲਜ਼ਮਾਂ ਲਾਂਡਰਾਂ ਲਾਗੇ ਆਂਸਲ ਨੇੜਿਓਂ ਗ੍ਰਿਫਤਾਰ ਕੀਤਾ ਗਿਆ। 28 ਸਾਲਾ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ ਤੇ ਸ਼ਾਦੀ ਸ਼ੁਦਾ ਹੈ। ਉਹ ਕਰੀਬ ਸਾਲ ਤੋਂ ਮੁਹਾਲੀ ਏਰੀਆ ਵਿਚ ਕਿਰਾਏ ਦਾ ਮਕਾਨ ਲੈ ਕੇ ਰਹਿ ਰਿਹਾ ਸੀ। ਉਹ ਪਹਿਲਾਂ ਟਰਾਈ ਸਿਟੀ ਮੈਡੀਕਲ ਪਿੰਡ ਕੁੰਭੜਾ ਵਿਖੇ ਮਰੀਜ਼ਾਂ ਦੀ ਦੇਖਭਾਲ ਕਰਦਾ ਸੀ। 23 ਸਾਲ ਗੁਰਪ੍ਰੀਤ ਸਿੰਘ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ ਤੇ ਕੁਆਰਾ ਹੈ। ਬਲੌਂਗੀ ਵਿਖੇ ਕਿਰਾਏ ਦਾ ਮਕਾਨ ਲੈ ਕੇ ਰਹਿ ਰਿਹਾ ਸੀ, ਜਿਥੇ ਇਹ ਕਿਰਾਏ ਦੀ ਟੈਕਸੀ ਚਲਾਉਂਦਾ ਸੀ ਅਤੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਨਾਲ ਮਿਲ ਕੇ ਹੈਰੋਇਨ ਵੇਚਦਾ ਸੀ।