ਮੋਗੇ ਦੀ ਸੈਰ ਕਰਵਾਉਂਦੀ ਪੁਸਤਕ
ਪ੍ਰੋ. (ਡਾ.) ਸਤਨਾਮ ਸਿੰਘ ਜੱਸਲ
ਪੁਸਤਕ ਪੜਚੋਲ
ਜੋਧ ਸਿੰਘ ਮੋਗਾ ਰਚਿਤ ‘ਅਸਲੀ ਮੋਗਾ’ (ਕੀਮਤ: 300 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਲੇਖਕ ਦੀ ਪੰਜਵੀਂ ਕਿਤਾਬ ਹੈ। ਇਸ ਕਿਤਾਬ ਦੀ ਸਿਰਜਣਾ ਦਾ ਆਧਾਰ ਲੇਖਕ ਦਾ ਨਿੱਜੀ ਅਨੁਭਵ ਹੈ। ਉਸ ਅਨੁਸਾਰ ‘ਮੈਂ ਮੋਗੇ ਦਾ ਜੰਮਪਲ ਅਤੇ ਪਾੜਾ ਹਾਂ, ਮੋਗੇ ਨੂੰ 95 ਸਾਲ ਦੇਖਿਆ ਅਤੇ ਮਾਣਿਆ ਹੈ। ਯਾਦਾਂ ਦੇ ਝਰੋਖੇ ’ਚੋਂ ਜੋ ਕੁਝ ਦਿਸਿਆ ਉਸ ਨੂੰ ਸ਼ਬਦੀ ਰੂਪ ਦੇ ਦਿੱਤਾ ਹੈ। ਸੋ ਇਹ ਮੇਰੀ ਮੋਗੇ ਦੀ ਆਮ ਜਾਣਕਾਰੀ ਹੈ ਜਿਸ ਵਿੱਚ ਪੁਰਾਣੇ ਮਾਣਯੋਗ ਵਿਅਕਤੀ, ਥਾਵਾਂ, ਗਲੀਆਂ, ਤਿਉਹਾਰਾਂ ਅਤੇ ਰਿਵਾਜ਼ਾਂ ਦਾ ਜ਼ਿਕਰ ਹੈ। ਮੈਂ ਇਸ ਨੂੰ ਪੁਰਾਣਾ ਮੋਗਾ ਨਹੀਂ, ਅਸਲੀ ਮੋਗਾ ਹੀ ਆਖਦਾ ਹਾਂ।’ ਇਸ ਕਿਤਾਬ ਬਾਰੇ ਕੇ.ਐਲ. ਗਰਗ ਦੀ ਟਿੱਪਣੀ ਵੀ ਧਿਆਨ ਖਿੱਚਦੀ ਹੈ: ‘‘ਉਹ ਮੋਗੇ ਬਾਰੇ ਇਉਂ ਗੱਲਾਂ ਕਰਦਾ ਹੈ ਜਿਵੇਂ ਮੋਗਾ ਉਸ ਦਾ ਹੀ ਕੋਈ ਨੇੜਲਾ ਭਾਈਬੰਦ ਜਾਂ ਯਾਰ-ਮਿੱਤਰ ਰਿਹਾ ਹੋਵੇ। ਉਸ ਕੋਲ ਅਜਿਹਾ ਮੋਗਾ-ਕਲਾਇਡਸਕੋਪ ਹੈ ਜਿਸ ਵਿੱਚ ਉਹ ਸਾਨੂੰ ਰੰਗ-ਬਰੰਗੇ ਦੇ ਸਾਖ਼ਿਆਤ ਦਰਸ਼ਨ ਕਰਾਉਂਦਾ ਹੈ।’’
ਜੋਧ ਸਿੰਘ ਮੋਗਾ ਨੇ 75 ਲੇਖਾਂ ਰਾਹੀਂ ਅਭਿਵਿਅਕਤ ‘ਸੰਸਮਰਣ’ ਵੀ ‘ਅੱਜ ਤੋਂ 90 ਸਾਲ ਪਹਿਲਾਂ ਦੇ ਅਸਲੀ ਮੋਗਾ ਦੇ ਨਾਮ’ ਹੀ ਸਮਰਪਿਤ ਕੀਤੇ ਹਨ। ਜੋਧ ਸਿੰਘ ਦੇ ਇਨ੍ਹਾਂ ਨਿਬੰਧਾਂ ਨੂੰ ਸੰਸਮਰਣ ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਇੱਕ ਪਾਸੇ ਉਹ ਵਡਮੁੱਲੀਆਂ ਯਾਦਾਂ ਨੂੰ ਸਾਹਿਤਕ ਵਹਾਅ ਵਿੱਚੋਂ ਪੇਸ਼ ਕਰ ਰਿਹਾ ਹੈ ਅਤੇ ਦੂਜੇ ਪਾਸੇ ਉਸ ਕੋਲ ਇੰਨੀ ਤੱਥਗਤ ਜਾਣਕਾਰੀ ਹੈ ਕਿ ਉਹ ਜਾਣਕਾਰੀ ਨੂੰ ਨਿਰੋਲ ਇਤਿਹਾਸਕ ਵੇਰਵਿਆਂ ਅਧੀਨ ਹੀ ਨਹੀਂ ਰੱਖਦਾ, ਉਹ ਆਪਣੀ ਸੋਚ ਅਤੇ ਦ੍ਰਿਸ਼ਟੀ ਅਧੀਨ ਵੇਰਵਿਆਂ ਬਾਰੇ ਮੁੱਲਵਾਨ ਟਿੱਪਣੀਆਂ ਵੀ ਕਰਦਾ ਹੈ। ਪੁਸਤਕ ਵਿੱਚ ਦਰਜ ਨਿਬੰਧਾਂ ਦੀ ਵਸਤੂ ਸਮੱਗਰੀ ਭਿੰਨ-ਭਿੰਨ ਖੇਤਰਾਂ ਨਾਲ ਸਬੰਧਿਤ ਹੈ। ਜਿਵੇਂ ਸਿੱਖਿਆ ਖੇਤਰ ਦੀ ਗੱਲ ਕਰਦਿਆਂ ਉਹ ਸਕੂਲ, ਕਾਲਜਾਂ, ਲਾਇਬ੍ਰੇਰੀ, ਗੀਤ-ਸੰਗੀਤ, ਖੇਡ ਮੈਦਾਨ ਆਦਿ ਅਤੇ ਇਸ ਨਾਲ ਸਬੰਧਿਤ ਅਧਿਆਪਕ ਸਾਹਿਬਾਨ ਜਾਂ ਪ੍ਰਬੰਧ ਨਾਲ ਜੁੜੇ ਵਿਅਕਤੀਆਂ ਦਾ ਜ਼ਿਕਰ ਕਰਦਾ ਹੈ। ਸਿਹਤ ਸਹੂਲਤਾਂ ਸਬੰਧੀ ਉਹ ਵੈਦ,ਹਕੀਮ ਅਤੇ ਡਾਕਟਰਾਂ ਦੀ ਗੱਲ ਕਰਦਾ ਹੈ। ਮੋਗੇ ਦੀਆਂ ਚਰਚਿਤ ਥਾਵਾਂ, ਬਾਜ਼ਾਰ, ਖੇਡ ਮੈਦਾਨ, ਹਰ ਰੋਜ਼ ਦੀਆਂ ਲੋੜਾਂ ਨਾਲ ਸਬੰਧਿਤ ਦੁਕਾਨਾਂ, ਪੰਜਾਬੀ ਸੱਭਿਆਚਾਰ, ਮੇਲੇ ਅਤੇ ਤਿਉਹਾਰਾਂ ਆਦਿ ਬਾਰੇ ਜ਼ਿਕਰ ਹੈ। ਜਿੰਨੀ ਮਿਹਨਤ ਨਾਲ ਇਹ ਨਿਬੰਧ ਸਿਰਜੇ ਗਏ ਹਨ, ਇਕੱਲੇ ਕੱਲੇ ਨਿਬੰਧ ਬਾਰੇ ਵਿਸਤ੍ਰਿਤ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਪਰ ਹੱਥਲੇ ਕਾਰਜ ਦੀ ਸੀਮਾ ਹੈ।
ਇਨ੍ਹਾਂ ਨਿਬੰਧਾਂ ਦੀ ਪੇਸ਼ਕਾਰੀ ਅਜਿਹੀ ਹੈ ਜਿਵੇਂ ਜੋਧ ਸਿੰਘ ਪਾਠਕ ਨੂੰ ਉਂਗਲ ਫੜਾ ਕੇ ਮੋਗੇ ਦੀ ਸੈਰ ਕਰਵਾ ਰਿਹਾ ਹੋਵੇ ਅਤੇ ਨਾਲੋ-ਨਾਲ ਉਸ ਦੇ ਇਤਿਹਾਸ ਤੋਂ ਵੀ ਜਾਣੂ ਕਰਵਾ ਰਿਹਾ ਹੋਵੇ। ਉਹ ਅਤੀਤ ਤੇ ਵਰਤਮਾਨ ਨੂੰ ਲੈ ਕੇ ਤੁਰਦਾ ਹੈ। ਇਹ ਕਿਤਾਬ ਸੰਭਾਲਣਯੋਗ ਦਸਤਾਵੇਜ਼ ਹੈ। ਲੇਖਕ ਦੀ ਸ਼ਲਾਘਾਮਈ ਮਿਹਨਤ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ।
ਸੰਪਰਕ: 94172-25942