ਮੋਗਾ: ਉਪਰੋਥਲੀ ਹੋਏ ਤਬਾਦਲਿਆਂ ਨੇ ਵਧਾਈ ਥਾਣਾ ਮੁਖੀਆਂ ਦੀ ਧੜਕਣ
ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਸਤੰਬਰ
ਮੋਗਾ ਜ਼ਿਲ੍ਹੇ ਵਿੱਚ ਥਾਣਾ ਮੁਖੀਆਂ ਦੇ ਤਬਾਦਲੇ ਤੋਂ ਸਿਆਸੀ ਘਮਸਾਣ ਪੈਦਾ ਹੋ ਗਿਆ ਜਿਸ ਕਾਰਨ ਇੱਕ ਦਿਨ ਵਿੱਚ ਦੋ ਵਾਰ ਤਬਾਦਲੀ ਸੂਚੀ ਜਾਰੀ ਕਰਨੀ ਪਈ। ਪਹਿਲੀ ਸੂਚੀ ਵਿੱਚ ਕਥਿਤ ਖੁੱਡੇ ਲਾਈਨ ਲਾਏ ਕਈ ਥਾਣਾ ਮੁਖੀਆਂ ’ਤੇ ਸਿਆਸੀ ਮੇਹਰਬਾਨੀ ਕਾਰਨ ਉਨ੍ਹਾਂ ਦੀ ਮਨਪਸੰਦ ਥਾਣਿਆਂ ’ਚ ਤਾਇਨਾਤੀ ਹੋ ਗਈ। ਵੇਰਵਿਆਂ ਮੁਤਾਬਕ ਮੰਗਲਵਾਰ 24 ਸਤੰਬਰ ਨੂੰ 8 ਘੰਟਿਆਂ ਵਿੱਚ ਦੋ ਵਾਰ ਥਾਣਾ ਮੁਖੀਆਂ ਦੀ ਤਬਾਦਲਾ ਸੂਚੀ ਜਾਰੀ ਹੋਈ। ਪਹਿਲੀ ਸੂਚੀ ਵਿਚ ਥਾਣਾ ਅਜੀਤਵਾਲ, ਥਾਣਾ ਮਹਿਣਾ, ਬੱਧਨੀ ਕਲਾਂ, ਥਾਣਾ ਸਿਟੀ ਦੱਖਣੀ ਤੇ ਸਾਈਬਰ ਸੈੱਲ ਥਾਣਾ ਮੁਖੀਆਂ ਦਾ ਤਬਾਦਲਾ ਕੀਤਾ ਗਿਆ ਸੀ। ਇਸ ਤਬਾਦਲਾ ਸੂਚੀ ਤੋਂ ਕਥਿਤ ਸਿਆਸੀ ਘਮਸਾਣ ਪੈਦਾ ਹੋ ਗਿਆ ਜਿਸ ਮਗਰੋਂ ਤਬਾਦਲਾ ਸੂਚੀ ਦਾ ਅਮਲ ਰੋਕ ਦਿੱਤਾ ਗਿਆ। ਥਾਣਾ ਮੁਖੀਆਂ ਨੂੰ ਕਥਿਤ ਜ਼ੁਬਾਨੀ ਹੁਕਮ ਮਿਲਿਆ ਕਿ ਕੋਈ ਵੀ ਥਾਣਾ ਮੁਖੀ ਅਗਲੇ ਹੁਕਮਾਂ ਤੱਕ ਮੌਜੂਦਾ ਤਾਇਨਾਤੀ ਤੋਂ ਚਾਰਜ ਨਾ ਛੱਡੇ ਅਤੇ ਨਾ ਹੀ ਨਵੀਂ ਤਾਇਨਾਤੀ ਸਥਾਨ ’ਤੇ ਜੁਆਇਨ ਕਰੇ। ਇਸ ਕਥਿਤ ਸਿਆਸੀ ਘਮਸਾਨ ਦੌਰਾਨ ਥਾਣਾ ਮੁਖੀਆਂ ਦੇ ਤਬਾਦਲੇ ਦੀ ਦੂਜੀ ਸੂਚੀ ਜਾਰੀ ਕਰਕੇ ਉਕਤ ਥਾਣਾ ਮੁਖੀਆਂ ਤੋਂ ਇਲਾਵਾ ਨਿਹਾਲ ਸਿੰਘ ਵਾਲਾ, ਧਰਮਕੋਟ, ਕੋਟ ਈਸੇ ਖਾਂ ਥਾਣਾ ਮੁਖੀ ਵੀ ਬਦਲ ਦਿੱਤੇ ਗਏ। ਥਾਣਾ ਮੁਖੀਆਂ ਦੇ ਤਬਾਦਲੇ ਦੀ ਪਹਿਲੀ ਸੂਚੀ ਵਿੱਚ ਖੁੱਡੇ ਲਾਈਨ ਲਾਏ ਕਈ ਥਾਣਾ ਮੁਖੀਆਂ ’ਤੇ ਕਥਿਤ ਸਿਆਸੀ ਮਿਹਰਬਾਨੀ ਹੋਈ ਅਤੇ ਉਨ੍ਹਾਂ ਨੂੰ ਮਨਪਸੰਦ ਥਾਣੇ ਵੀ ਮਿਲ ਗਏ। ਦੂਜੇ ਪਾਸੇ ਮੋਗਾ ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਦਾ ਇਥੋਂ 53 ਦਿਨ ਬਾਅਦ ਹੀ ਤਬਾਦਲਾ ਹੋ ਗਿਆ ਹੈ।