For the best experience, open
https://m.punjabitribuneonline.com
on your mobile browser.
Advertisement

ਮੋਗਾ: ਕਿਸੇ ਕੰਮ ਨਹੀਂ ਆ ਰਿਹਾ ਬਹੁ-ਮੰਤਵੀ ਖੇਡ ਸਟੇਡੀਅਮ

07:33 AM Jul 17, 2024 IST
ਮੋਗਾ  ਕਿਸੇ ਕੰਮ ਨਹੀਂ ਆ ਰਿਹਾ ਬਹੁ ਮੰਤਵੀ ਖੇਡ ਸਟੇਡੀਅਮ
ਮੋਗਾ ਦੇ ਬਹੁ-ਮੰਤਵੀ ਇਨਡੋਰ ਖੇਡ ਸਟੇਡੀਅਮ ਦੀ ਬਾਹਰੀ ਝਲਕ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਜੁਲਾਈ
ਇੱਥੇ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ 6 ਕਰੋੜ ਦੀ ਲਾਗਤ ਨਾਲ 16 ਸਾਲ ਪਹਿਲਾਂ ਉਸਾਰਿਆ ਬਹੁ-ਮੰਤਵੀ ਇਨਡੋਰ ਖੇਡ ਸਟੇਡੀਅਮ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਇੰਨਾ ਹੀ ਨਹੀਂ ਕਰੋੜਾਂ ਰੁਪਏ ਇਸ ਦੀ ਮੁਰੰਮਤ ਉੱਤੇ ਵੀ ਖਰਚ ਕਰ ਦਿੱਤੇ ਗਏ ਪਰ ਸਟੇਡੀਅਮ ਦੀ ਹਾਲਤ ਨਹੀਂ ਬਦਲੀ। ਇੱਥੇ ਮੋਗਾ-ਲੁਧਿਆਣਾ ਕੌਮੀ ਮਾਰਗ ’ਤੇ ਸਥਿਤ ਗੰਦਗੀ ਨਾਲ ਭਰੇ ਰਹਿੰਦੇ ਗੋਧੇਵਾਲਾ ਛੱਪੜ ਨੂੰ ਮਿੱਟੀ ਨਾਲ ਭਰ ਕੇ 6 ਕਰੋੜ ਦੀ ਲਾਗਤ ਨਾਲ ਬਹੁਮੰਤਵੀ ਇਨਡੋਰ ਖੇਡ ਸਟੇਡੀਅਮ ਦਾ ਉਦਘਾਟਨ ਸੂਬੇ ਦੇ ਤਤਕਾਲੀ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ 3 ਜਨਵਰੀ 2008 ਨੂੰ ਕੀਤਾ ਗਿਆ ਸੀ। ਸਟੇਡੀਅਮ ਰਾਜ ਦੇ ਖੇਡ ਵਿਭਾਗ ਨੂੰ ਸੌਂਪ ਦਿੱਤਾ ਗਿਆ ਸੀ ਜਿੱਥੇ ਹੁਣ ਜ਼ਿਲ੍ਹਾ ਖੇਡ ਅਫ਼ਸਰ ਦਾ ਦਫ਼ਤਰ ਚੱਲ ਰਿਹਾ ਹੈ। ਇੱਥੇ ਖਿਡਾਰੀ ਸੁਵਿਧਾਵਾਂ ਤੋਂ ਵਾਂਝੇ ਹਨ।
ਸੂਬੇ ਦੇ ਖੇਡ ਵਿਭਾਗ ਅਧੀਨ ਇਸ ਬਹੁ-ਮੰਤਵੀ ਇਨਡੋਰ ਸਟੇਡੀਅਮ ਦੀ ਮੁਰੰਮਤ ਉੱਤੇ ਹੁਣ ਤੱਕ ਕਰੋੜਾਂ ਰੁਪਏ ਵੀ ਖਰਚ ਕਰ ਦਿੱਤੇ ਗਏ ਪਰ ਸਟੇਡੀਅਮ ਦੀ ਹਾਲਤ ਨਹੀਂ ਬਦਲੀ। ਬਰਸਾਤੀ ਮੌਸਮ ਵਿੱਚ ਛੱਤਾਂ ਚੋਣ ਕਾਰਨ ਤੇ ਹੋਰ ਕਈ ਖ਼ਾਮੀਆਂ ਕਾਰਨ ਸਟੇਡੀਅਮ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇੱਥੇ ਪਿਛਲੇ ਵਰ੍ਹੇ ਸਕੂਲਾਂ ਖੇਡਾਂ ਹੋਈਆਂ ਸਨ ਅਤੇ ਕਰੋਨਾ ਕਾਲ ਵਿੱਚ ਇਸ ਨੂੰ ਆਰਜ਼ੀ ਜੇਲ੍ਹ ਬਣਾ ਦਿੱਤਾ ਗਿਆ ਸੀ। ਇਸ ਸਟੇਡੀਅਮ ਦੀ ਖਸਤਾ ਹਾਲਤ ਕਾਰਨ ਰੋਇੰਗ ਫੈੱਡਰੇਸ਼ਨ ਆਫ਼ ਇੰਡੀਆ 13-14 ਜੁਲਾਈ ਨੂੰ ਕੌਮੀ ਪੱਧਰ ਦੀ ਦੋ ਰੋਜ਼ਾ ਰੋਇੰਗ ਇਨਡੋਰ ਚੈਂਪੀਅਨਸ਼ਿਪ ਨਹੀਂ ਕਰਵਾ ਸਕੀ। ਸਟੇਡੀਅਮ ਦੀ ਹਾਲਤ ਮਾੜੀ ਹੋਣ ਕਾਰਨ ਉਨ੍ਹਾਂ ਨੂੰ ਇਹ ਚੈਂਪੀਅਨਸ਼ਿਪ ਮਹਿੰਗੇ ਹੋਟਲ ਵਿੱਚ ਕਰਵਾਉਣੀ ਪਈ।
ਜ਼ਿਲ੍ਹਾ ਖੇਡ ਅਫ਼ਸਰ ਮੈਡਮ ਨਵਦੀਪ ਜਿੰਦਲ ਨੇ ਛੱਤ ’ਚੋਂ ਪਾਣੀ ਚੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਟੇਡੀਅਮ ਦੀ ਇੰਨੀ ਮਾੜੀ ਹਾਲਤ ਨਹੀਂ ਹੈ। ਇੱਥੇ ਸਕੂਲ ਖੇਡਾਂ ਕਰਵਾਈਆਂ ਜਾਂਦੀਆਂ ਹਨ। ਇਸ ਖੇਡ ਸਟੇਡੀਅਮ ਦੀ ਛੱਤ ਆਦਿ ਦੀ ਮੁਰੰਮਤ ਲਈ ਦਾ ਐਸਟੀਮੇਟ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰੋਇੰਗ ਐਸੋਸੀਏਸ਼ਨ ਪ੍ਰਾਈਵੇਟ ਹੈ ਤੇ ਉਨ੍ਹਾਂ ਨੂੰ ਸਟੇਡੀਅਮ ਦਾ 10 ਹਜ਼ਾਰ ਰੁਪਏ ਰੋਜ਼ਾਨਾ ਕਿਰਾਏ ਤੋਂ ਇਲਾਵਾ ਬਿਜਲੀ ਆਦਿ ਪ੍ਰਬੰਧ ਖ਼ੁਦ ਕਰਨ ਲਈ ਆਖਿਆ ਗਿਆ ਸੀ।

Advertisement

Advertisement
Author Image

sukhwinder singh

View all posts

Advertisement
Advertisement
×