ਮੋਗਾ: ਲੁਟੇਰਿਆਂ ਨੇ ਸੁਨਿਆਰੇ ਨੂੰ ਗੋਲੀ ਮਾਰੀ
ਮਹਿੰਦਰ ਸਿੰਘ ਰੱਤੀਆਂ
ਮੋਗਾ,12 ਜੂਨ
ਇਥੇ ਭੀੜ-ਭਾੜ ਵਾਲੇ ਬਾਜ਼ਾਰ ਰਾਮ ਗੰਜ ਮੰਡੀ ਖੇਤਰ ‘ਚ ਲੁਟੇਰਿਆਂ ਨੇ ਸੁਨਿਆਰੇ ਨੂੰ ਦਿਨ-ਦਿਹਾੜੇ ਗੋਲੀ ਮਾਰ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਦੁਕਾਨ ਤੋਂ ਕਿੰਨੀ ਕੁ ਲੁੱਟ ਹੋਈ ਹੈ। ਇਸ ਵਾਰਦਾਤ ਦੇ ਨੇੜੇ ਹੀ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਖੇਤਰ ਗਿੱਲ ਰੋਡ ਉੱਤੇ ਤਿੰਨ ਦਿਨ ਪਹਿਲਾਂ ਪੁਲੀਸ ਵਰਦੀ ‘ਚ ਲੁਟੇਰਿਆਂ ਨੇ ਨਾਕਾਬੰਦੀ ਕਰਕੇ ਕਰਿਆਨਾ ਵਪਾਰੀ ਦੋ ਭਰਾਵਾਂ ਕੋਲੋਂ ਪੰਜ ਲੱਖ ਰੁਪਏ ਨਕਦੀ ਤੇ ਸੋਨੇ ਦੇ ਗਹਿਣੇ ਲੁੱਟ ਲਏ ਸਨ।
ਪੀੜਤ ਦੀ ਪਛਾਣ ਪਰਮਿੰਦਰ ਉਰਫ਼ ਵਿੱਕੀ ਵਜੋਂ ਹੋਈ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ ਅਤੇ ਉਸਨੂੰ ਡੀਐਮਐੱਸ ਲੁਧਿਆਣਾ ਰੈਫ਼ਰ ਕੀਤਾ ਗਿਆ ਹੈ। ਸੀਸੀਟੀਵੀ ਫੁਟੇਜ਼ ਮੁਤਾਬਕ ਲੁਟੇਰਿਆਂ ਦੀ ਗਿਣਤੀ ਪੰਜ ਹੈ ਅਤੇ ਉਹ ਸਕਾਰਪੀਓ ਗੱਡੀ ਵਿਚ ਆਏ ਸਨ। ਇਸ ਵਾਰਦਾਤ ਮਗਰੋਂ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲੀਸ ਮੁਖੀ ਜੇ. ਐਲਨਜ਼ੇਲੀਅਨ ਤੇ ਹੋਰ ਸੀਨੀਅਰ ਪੁਲੀਸ ਅਧਿਕਾਰੀ ਘਟਨਾ ਸਥਾਨ ‘ਤੇ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਪਰਮਿੰਦਰ ਨੇ ਸੋਨੇ ਦੇ ਗਹਿਣਿਆਂ ਦਾ ਹਾਲ ਹੀ ਵਿਚ ਨਵਾਂ ਸ਼ੋਅ ਰੂਮ ਬਣਾਇਆ ਹੈ ਅਤੇ ਮਹੂਰਤ ਦੀਆਂ ਤਿਆਰੀਆਂ ਚੱਲ ਰਹੀਆਂ ਸਨ।